ਸਿੱਖ ਸੰਸਥਾਵਾਂ ਦਾ ਸਿਆਸੀਕਰਨ

0
369

sgpc-copy
ਗੁਲਾਮਾਂ ਦੀ ਕਮੇਟੀ ਬਣਾ ਦਿੱਤੀ ਹੈ ਸਿੱਖ ਪਾਰਲੀਮੈਂਟ
ਸੰਸਥਾਵਾਂ ਕਿਸੇ ਕੌਮ, ਮੁਲਕ ਅਤੇ ਭਾਈਚਾਰੇ ਦਾ ਮੂਲ ਆਧਾਰ ਅਤੇ ਉਸਦੇ ਸਮੁੱਚੇ ਵਰਤਾਰੇ ਦਾ ਅਕਸ ਹੁੰਦੀਆਂ ਹਨ। ਬੇਸ਼ੱਕ ਪ੍ਰਸ਼ਾਸ਼ਨਕ ਸੰਸਥਾਵਾਂ ਸਟੇਟ ਸ਼ਕਤੀ ਦਾ ਧੁਰਾ ਹੋਣ ਕਾਰਨ ਵੱਧ ਸ਼ਕਤੀਸ਼ਾਲੀ ਅਤੇ ਹੋਰਨਾਂ ਦੇ ਮੁਕਾਬਲੇ ਵੱਧ ਮਹੱਤਵਪੂਰਨ ਹੁੰਦੀਆਂ ਹਨ। ਸੱਤਾ ਅਜ਼ਮਾਈ ਦੀ ਹੋੜ/ਜ਼ੋਰ ਵਿੱਚ ਯੁੱਧ ਸ਼ਕਤੀ ਦੀ ਜਰੂਰਤ ਵੱਧਣ ਕਾਰਨ ਸੈਨਿਕ ਸੰਸਥਾਵਾਂ ਨੇ ਕਤਾਰਬੰਦੀ ਵਿੱਚ ਦੂਜੀ ਸੁਰੱਖਿਅਤ ਕਰ ਲਈ ਹੈ। ਬਲਕਿ ਤਾਨਾਸ਼ਾਹੀ ਰਾਜ ਪ੍ਰਬੰਧਾਂ ਵਿੱਚ ਤਾਂ ਸੈਨਿਕ ਸੰਸਥਾਵਾਂ ਦੇ ਹੋਰਨਾਂ ਅਦਾਰਿਆਂ ਨੂੰ ਹਾਸ਼ੀਏ ਉੱਤੇ ਧੱਕ ਦੇਣਾ ਸ਼ਾਸ਼ਕਾਂ ਦੀ ਪਹਿਲੀ ਲੋੜ ਹੁੰਦੀ ਹੈ।  ਪਰ ਧਾਰਮਿਕ, ਸਭਿਆਚਾਰ, ਵਿਦਿਅਕ ਅਤੇ ਸਹਿਯੋਗੀ ਸੰਸਥਾਂਵਾਂ ਦੀ ਅਹਿਮੀਅਤ ਨੂੰ ਘਟਾਇਆ ਤੇ ਅੱਖੋਂ ਪ੍ਰੋਖੇ ਨਹੀਂ ਕੀਤਾ ਜਾ ਸਕਦਾ। ਜਿਹੜੇ ਵੀ ਮੁਲਕਾਂ ਦੇ ਸ਼ਾਸ਼ਕ ਸੌੜੇ ਨਿੱਜੀ ਹਿੱਤਾਂ ਲਈ ਲੋਕ ਨੁÂਾਇੰਦਗੀ ਵਾਲੇ ਢਾਂਚਿਆਂ ਨੂੰ ਢਾਹ ਲਾਉਂਦੇ ਹਨ, ਉਹ ਅਸਲ ਵਿੱਚ ਆਉਣ ਵਾਲੀਆਂ ਨਸਲਾਂ ਲਈ ਬੜੇ ਖ਼ਤਰਨਾਕ ਸਮਿਆਂ ਦੀ ਨੀਂਹ ਰੱਖਦੇ ਹਨ।
ਰਾਜਸੀ ਪਾਰਟੀਆਂ ਅਕਸਰ ਅਜਿਹੇ ਰਾਹ ਅਖ਼ਤਿਆਰ ਕਰਦੀਆਂ ਹਨ । ਵੈਸੇ ਵੀ ਰਾਜਨੀਤੀ ਸ਼ਾਸ਼ਤਰ ਅਜਿਹਾ ਕੁਝ ਕਰਨ ਲਈ ਸਿੱਧੇ ਤੇ ਅਸਿੱਧੇ ਰੂਪ ‘ਚ ਸੇਧ/ਸਿੱਖਿਆ ਦਿੰਦਾ। ਸੱਤਾਧਾਰੀ ਅਪਣੇ ਲੋਕ ਵਿਰੋਧੀ ਕੁਕਰਮਾਂ ਨੂੰ ਸਹੀ ਦਰਸਾਉਣ ਲਈ ਧਰਮ ਦਾ ਸਹਾਰਾ ਲੈਂਦੇ ਹਨ। ਸਰਕਾਰਾਂ ਨੂੰ ਸਮਰਪਿਤ ਧਰਮਾਂ ਦੇ ਮੋਹਤਬਰ ਜਦੋਂ ਅਪਣੇ ‘ਮਾਲਕਾਂ’ ਨੂੰ ਰਾਸ ਆਉਂਦੀ ਬੋਲੀ ਬੋਲਣ ਲਗਦੇ ਹਨ ਤਾਂ ਹਾਲਾਤ ਬੇਹੱਦ ਚਿੰਤਾਜਨਕ ਦੌਰ ਵਲ ਵਧਣ ਲਗਦੇ ਹਨ।
ਜੇ ਭਾਂਤ ਭਾਂਤ ਦੇ ਧਰਮਾਂ ਦੇ ਰਾਮ ਰੌਲੇ ਵਿੱਚ ਸੱਚੇ ਸੁੱਚੇ ਫਲਸਫੇ ਨੂੰ ਅਪਣਾਏ ਧਰਮ ਦੇ ਆਗੂ ਵੀ ਦੁਨਿਆਵੀਂ ਗਰਜ਼ਾਂ ਖ਼ਾਤਰ ਦਰਬਾਰੀ ਬਣ ਜਾਣ ਤਾਂ ਨਿਸਚੇ ਹੀ ਉਸ ਧਰਮ ਦੇ ਪੈਰੋਕਾਰਾਂ ਲਈ ਵੱਡਾ ਧਾਰਮਿਕ ਤੇ ਸਮਾਜਿਕ ਸੰਕਟ ਖੜ੍ਹਾ ਹੋ ਜਾਂਦਾ ਹੈ।
ਸਮੁੱਚੀ ਮਾਨਵਤਾ ਦੀ ਭਲਾਈ ਤੇ ਸਭਨਾਂ ਨੂੰ ਸੇਧ ਦੇਣ ਵਾਲੇ ਸਿੱਖ ਧਰਮ ਨੂੰ ਪਿਛਲੇ ਸਮਿਆਂ ਤੋਂ ਸਿਆਸੀ ਹਿੱਤਾਂ ਵਾਲੀਆਂ ਸਿੱਖ ਰਾਕਨੀਤਕ ਪਾਰਟੀਆਂ ਤੋਂ ਜਿਹੜਾ ਖ਼ਤਰਾ ਵਧਦਾ ਚਲਿਆ ਆ ਰਿਹਾ ਸੀ, ਉਸ ਅੱਤ ਦੀ ਸਿਖ਼ਰ ਹੁਣ ਸਪੱਸ਼ਟ ਰੂਪ ‘ਚ ਹਾਵੀ ਹੋ ਰਹੀ ਹੈ।
ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਨ ਨੇ ਪੀਰੀ-ਪੀਰੀ ਦੇ ਸੰਕਲਪ ਰਾਹੀਂ ਸਿੱਖਾਂ ਨੂੰ ਭਗਤੀ ਤੇ ਸ਼ਕਤੀ ਉੱਤੇ ਬਰਾਬਰ ਬਰਕਰਾਰ ਰਹਿਣ ਦਾ ਜਿਹੜਾ ਰਾਹ ਵਿਖਾਇਆ ਸੀ, ਉਸਤੋਂ ਭਟਕ ਕੇ ਸਿੱਖ ਧਾਰਮਿਕ ਤੇ ਸਿਆਸੀ ਤੌਰ ਉੱਤੇ ਅਪਣੀਆਂ ਜੜ੍ਹਾਂ ਵੱਢਣ ਦੇ ਰਾਹ ਤੁਰ ਪਏ ਹਨ।
ਸਰਬਉੱਚ ਧਾਰਮਿਕ ਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਅਕਾਲ ਤਖ਼ਤ ਸਾਹਿਬ ਦੀ ਪਰਿਕਰਮਾ ਦੁਆਲੇ ਸਿਆਸੀ ਠੱਗਾਂ ਦੇ ਟੋਲੇ ਵਲੋਂ ਵਿਛਾਏ ਜਾਲ ਸਿੱਖ ਪੰਥ ਨੂੰ ਜਕੜ ਕੇ ਗੁਰਬਾਣੀ ਦੇ ਸਿਧਾਂਤਾਂ ਤੋਂ ਦੂਰ ਧੱਕਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ।
ਸ਼ੁਕਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਾਲੇ ਦਰਬਾਰ ਸਾਹਿਬ ਤੱਕ ਵੱਧਣ ਦਾ ਇਨ੍ਹਾਂ ਸਿਆਸੀ ਸ਼ਿਕਾਰੀਆਂ ਦਾ ਹੌਂਸਲਾ ਨਹੀਂ ਪੈਂਦਾ। ਪਰ ਅਣਗਿਣਤ ਕੁਰਬਾਨੀਆਂ ਦੇ ਕੇ ਬਣਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸਨੂੰ ਸਿੱਖ ਪਾਰਲੀਮੈਂਟ ਅਫ਼ਵਾਏ ਜਾਣ ਦਾ ਮਾਣ ਹਾਸਲ ਹੈ, ਨੂੰ ਸਿਆਸਦਾਨਾਂ ਵਲੋਂ ਗੁਲਾਮਾਂ ਦੀ ਕਮੇਟੀ ਤੱਕ ਮਹਿਦੂਦ ਕਰ ਦੇਣਾ, ਸਿੱਖ ਪੰਥ ਨੂੰ ਦਰਪੇਸ਼ ਮੌਜੂਦਾ ਸੰਕਟਾਂ ਦਾ ਸਭ ਤੋਂ ਵੱਡਾ ਕਾਰਨ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਇਸ ਉੱਤੇ ਜਕੜ ਮਾਰੀ ਚਲਿਆ ਆ ਰਿਹਾ ਬਾਦਲ ਪਰਿਵਾਰ ਇਸ ਚਿੰਤਾਜਨਕ ਸਥਿੱਤੀ ਵਾਲੇ ਵਰਤਾਰੇ ਦੀ ਜੁੰਮੇਵਾਰੀ ਤੋਂ ਮੁਨਕਰ ਨਹੀਂ ਹੋ ਸਕਦੇ। ਪਰ ਅਜਿਹੇ ਸਿਆਸੀ ਤੇ ਧਾਰਮਿਕ ਨੇਤਾ ਚੁਨਣ ਵਾਲੇ ਸਿੱਖ ਵੋਟਰ ਵੀ ਘੱਟ ਗੁਨਾਹਗਾਰ ਨਹੀਂ। ਇਸ ਲਈ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੇ ਨਾਂਅ ‘ਬਾਦਲਾਂ ਦੇ ਚੋਂ ਨਿਕਲਣ’ ਜਾਂ ਪੰਜਾਬ ਦੀ ਸਿਆਸੀ ਵਾਗਡੋਰ ‘ਲੋਕ ਰਾਜੀ ਢੰਗ ਨਾਲ ‘ਵੋਟਰ ਬਕਸਿਆਂ’ ਚੋਂ ਨਿਕਲਣ ਆਖ਼ਰ ਫੈਸਲਾਕੁਨ ਭੂਮਿਕਾ  ਤਾਂ ਸਿੱਖਾਂ ਦੀ ਹੀ ਹੁੰਦੀ ਹੈ। ਜਦੋਂ ਤੱਕ ਹਰ ਸਿੱਖ ਗੁਰੂ ਦੇ ਲੜ ਲੱਗ ਗੁਰਬਾਣੀ ਤੋਂ ਸੇਧ ਲੈ ਕੇ ਹੱਕ ਸੱਚ ਉੱਤੇ ਪਹਿਰਾ ਨਹੀਂ ਦੇਵੇਗਾ, ਸਿੱਖੀ ਦੇ ਉਜੜ ਰਹੇ ਬਾਗ ਦੇ ਪਟਵਾਰੀ ਅਵਤਾਰ ਸਿੰਘ ਮੱਕੜ, ਕ੍ਰਿਪਾਲ ਸਿੰਘ ਬੰਡੂਗਰ ਤੇ ਗੋਬਿੰਦ ਸਿੰਘ ਲੌਂਗੇਵਾਲ ਵਰਗੇ ਹੀ ਬਣਦੇ ਰਹਿਣਗੇ। ਅੱਗੋਂ ਗੁਲਾਮ ਗਾਲ੍ਹੜਾਂ ਨੇ ਅਪਣੇ ਵਰਗੇ ਹੀ ਜਥੇਦਾਰ ਪੰਥ ਸਿਰ ਥੋਪਣੇ ਹਨ। ਸਿੱਖਾਂ ਨੂੰ ਹੋਰ ਦੇਰੀ ਦੇ ਜਾਗਣਾ/ਜਗਾਉਣ ਪਵੇਗਾ।