ਲੋਕਾਂ ਦਾ ਫਤਵਾ, ਮੋਦੀ ਦੀ ਜੈ ਜੈ ਕਾਰ

0
425

pm-modi-roadshow
ਲੋਕ ਪੱਖੀ ਸ਼ਕਤੀਆਂ ਅਤੇ ਘੱਟ ਗਿਣਤੀਆਂ ਲਈ ਖ਼ਤਰੇ ਦੀ ਘੰਟੀ
ਕੈਪਟਨ ਦੀ ਆਖ਼ਰੀ ਪਾਰੀ, ਔਖੇ ਪੈਂਡੇ
ਭਾਰਤ ਦੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਮ ਰੁਝਾਨਾਂ ਅਤੇ ਕਿਆਸਅਰਾਈਆਂ ਦੇ ਉਲਟ ਕਾਫ਼ੀ ਹੈਰਾਨੀਜਨਕ ਹਨ। ਖ਼ਾਸ ਕਰ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੂੰਝਾ ਫੇਰੂ ਜਿੱਤ ਨੇ ਰਾਜਸੀ ਪੰਡਤਾਂ ਨੂੰ ਚਿੱਤ ਕਰਕੇ ਰੱਖ ਦਿੱਤਾ ਹੈ। ਬਾਕੀ ਦੇ ਤਿੰਨ ਰਾਜਾਂ ਪੰਜਾਬ, ਗੋਆ ਅਤੇ ਮਨੀਪੁਰ ਵਿਚੋਂ ਪੰਜਾਬ ਵਿੱਚ ਕਾਂਗਰਸ ਨੂੰ ਵੱਡਾ ਬਹੁਮਤ ਮਿਲਣਾ ਵੀ ਕੁਸ਼ ਹੱਦ ਤੱਕ ਹੈਰਾਨੀਜਨਕ ਕਿਹਾ ਜਾ ਸਕਦਾ ਹੈ। ਰਾਜ ਵਿੱਚ ਚੋਣਾਂ ਦੌਰਾਨ ਬੜੀ ਵੱਡੀ ਤਾਕਤ ਵਜੋਂ ਸਾਹਮਣੇ ਆਈ ਆਮ ਆਦਮੀ ਪਾਰਟੀ ਦਾ ਦੂਜੇ ਨੰਬਰ ਉੱਤੇ ਆਉਣ ਅਤੇ ਹੋਰਨਾਂ ਦੀ ਗੱਲ ਤਾਂ ਛੱਡੋ ਖੁਦ ਕਾਂਗਰਸ ਵਾਲਿਆਂ ਨੂੰ ਵੀ ਅਪਣੀ ਇੰਨੀ ਵੱਡੀ ਜਿੱਤ ਦੀ ਆਸ ਨਹੀਂ ਸੀ। ਇਸਦੇ ਨਾਲ ਹੀ ਗੋਆ ਅਤੇ ਮਨੀਪੁਰ ਦੇ ਖਿੰਡਰੇ ਜਿਹੇ ਚੋਣ ਨਤੀਜੇ ਨਾ ਕਾਂਗਰਸ ਅਤੇ ਨਾ ਹੀ ਭਾਰਤੀ ਜਨਤਾ ਪਾਰਟੀ ਅਤੇ ਉਸਦੇ ਚੋਣਾਂ ਤੋਂ ਪਹਿਲੇ ਜਾਂ ਬਾਅਦ ਦੇ ਭਾਈਵਾਲਾਂ ਦੇ ਹੱਕ ਵਿੱਚ ਕਹੇ ਜਾ ਸਕਦੇ ਸਨ। ਇਨ੍ਹਾਂ ਨਤੀਜਿਆਂ ਨੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮ ਲੋਕਾਂ ਵਿੱਚ ਲੋਕਪ੍ਰਿਅਤਾ ਦੇ ਝੰਡੇ ਗੱਡੇ ਹਨ ਉੱਥੇ ਕਾਂਗਰਸ ਪਾਰਟੀ ਖ਼ਾਸ ਕਰ ਰਾਹੁਲ ਗਾਂਧੀ ਦੀ ਰਾਜਸੀ ਸੂਝਬੂਝ, ਜਥੇਬੰਦਕ ਯੋਗਤਾ ਅਤੇ ਭਵਿੱਖ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ-ਕਾਂਗਰਸ ਗਠਜੋੜ ਨੂੰ ਚੋਣਾਂ ਵਿੱਚ ਬਹੁਤ ਘੱਟ ਸੀਟਾਂ ਮਿਲਣੀਆਂ ਭਾਰਤ ਦੇ ਰਾਜਸੀ ਮੈਦਾਨ ਵਿੱਚ ਦਿਨੋਂ ਦਿਨ ਹਨੇਰੀ ਵਾਂਗ ਅੱਗੇ ਵਧਦੀ ਆ ਰਹੀ ਭਾਰਤੀ ਜਨਤਾ ਪਾਰਟੀ ਦੇ ਮੁਕਾਬਲੇ ਕੋਈ ਰਾਜਸੀ ਬਦਲ ਜਾਂ ਮਹਾਂਗਠਬੰਧਨ ਬਣਾਉਣ ਦੀਆਂ ਸੰਭਾਵਨਾਵਾਂ ਨੂੰ ਹਾਲ ਦੀ ਘੜੀ ਬੇਮਾਅਨਾ ਸਿੱਧ ਕਰਦੀਆਂ ਹਨ । ਇਹ ਚੋਣ ਨਤੀਜੇ ਕੇਂਦਰ ਵਿੱਚ ਸੱਤਾਧਾਰੀ ਐਨਡੀਏ ਸਰਕਾਰ ਲਈ ਸਿਰਫ਼ ਵਰਦਾਨ ਹੀ ਨਹੀਂ ਬਲਕਿ ਭਵਿੱਖ ਵਿੱਚ ਹੋਣ ਵਾਲੀਆਂ ਕੁਝ ਰਾਜਾਂ ਦੀਆਂ ਵਿਧਾਨ ਸਭਾਈ ਚੋਣਾਂ, ਇੱਥੋਂ ਤੱਕ ਕਿ ਲਗਭਗ ਢਾਈ ਸਾਲ ਬਾਅਦ 2019 ਵਿੱਚ ਹੋਣ ਵਾਲੀਆਂ ਪਾਰਲੀਮਾਨੀ ਚੋਣਾਂ ਵਿੱਚ ਭਾਜਪਾ ਅਤੇ ਇਸਦੇ ਭਾਈਵਾਲਾਂ ਦੀ ਜਿੱਤ ਉੱਤੇ ਅਗਾਊ ਮੋਹਰ ਲਾਉਂਦੇ ਹਨ। ਵੋਟਰਾਂ ਦਾ ਇਹ ਹੁੰਗਾਰਾ ਭਾਰਤੀ ਜਨਤਾ ਪਾਰਟੀ ਜਾਂ ਐਨ ਡੀ ਏ ਸਰਕਾਰ ਦੀ ਕਾਰਗੁਜ਼ਾਰੀ ਪ੍ਰਤੀ ਹੁੰਗਾਰੇ ਦੇ ਮੁਕਾਬਲੇ ਅਸਲ ਵਿੱਚ ਨਰਿੰਦਰ ਮੋਦੀ-ਅਮਿਤ ਸ਼ਾਹ ਜੋੜੀ ਦੀ ਜੈ ਜੈ ਕਾਰ ਹਨ। ਫ਼ਿਕਰ ਇਸ ਗੱਲ ਦਾ ਹੀ ਕਿ ਇਹ ਉਹ ਜੋੜੀ ਹੈ ਜਿਸਨੇ ਗੁਜਰਾਤ ਵਿੱਚ ਅਪਣੇ ਰਾਜ ਦੌਰਾਨ ਹਿੰਦੂਤਵ ਦਾ ਝੰਡਾ ਝੁਲਾ ਕੇ ਹੋਰਨਾਂ ਘੱਟ ਗਿਣਤੀਆਂ ਖ਼ਾਸ ਕਰ ਮੁਸਲਮਾਨ ਭਾਈਚਾਰੇ ਦੀ ਆਜ਼ਾਦ ਹਸਤੀ ਬਰਕਰਾਰ ਰਹਿ ਸਕਣ ਸਬੰਧੀ ਗੰਭੀਰ ਚਿੰਤਾਵਾਂ ਖੜ੍ਹੀਆਂ ਕੀਤੀਆਂ ਹਨ। ਇਨ੍ਹਾਂ ਦੀ ਇੰਨੀ ਚੜ੍ਹਤ ਲੋਕ ਪੱਖੀ ਸ਼ਕਤੀਆਂ ਅਤੇ ਖੱਬੇਪੱਖੀ ਧਿਰਾਂ ਲਈ ਵੀ ਖ਼ਤਰੇ ਦੀ ਘੰਟੀ ਹੈ। ਸੁਭਾਵਕ ਹੈ ਕਿ ਦਿੱਲੀ ਦਰਬਾਰ ਉੱਤੇ ਮਜਬੂਤ ਜਕੜ ਹੋਣ ਦੀ ਸੂਰਤ ਵਿੱਚ ਹੁਣ ਇਹ ਭਾਰਤ ਨੂੰ ‘ਹਿੰਦੁਸਤਾਨ’ ਬਣਾਉਣ ਦੇ ਅਪਣਾ ਏਜੰਡੇ ਨੂੰ ਅਮਲੀ ਰੂਪ ਦੇਣਾ ਚਾਹੁਣਗੇ । ਬਦਕਿਸਮਤੀ ਇਹ ਕਿ ਇਨ੍ਹਾਂ ਚੋਣਾਂ ‘ਚ ਭਾਰਤੀ ਵੋਟਰਾਂ ਦੇ ‘ਅਥਾਹ ਭਰੋਸੇ ਨੇ ‘ਸਿੱਧੇ/ਅਸਿੱਧੇ’ ਵਿੱਚ ਇਨ੍ਹਾਂ ਨੂੰ ਇਹ ਸਭ ਕੁਝ ਕਰਨ ਦਾ ਅਧਿਕਾਰ ਦੇ ਦਿੱਤਾ ਹੈ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਮਿਲਣ ਦੀਆਂ ਸੰਭਾਵਨਾਵਾਂ ਦੇ ਉਲਟ ਕਾਂਗਰਸ ਨੂੰ 117 ਮੈਂਬਰੀ ਵਿਧਾਨ ਸਭਾ ਵਿੱਚ 77 ਸੀਟਾਂ ਦੇ ਰੂਪ ਵਿੱਚ ਮਿਲੀ ਜਿੱਤ ਪੰਜਾਬ ਹਿਤੈਸ਼ੀਆਂ, ਸਿੱਖ ਜਥੇਬੰਦੀਆਂ ਅਤੇ ਪਰਵਾਸੀ ਪੰਜਾਬੀਆਂ ਲਈ ਵੱਡੇ ਰਾਜਸੀ ਝਟਕੇ ਦੇ ਰੂਪ ਵਿੱਚ ਸਾਹਮਣੇ ਆਈ ਹੈ। ਪਿਛਲੇ 10 ਸਾਲਾਂ ਤੋਂ ਪੰਜਾਬ ਦੀ ਲੁੱਟ ਕਰਦੇ ਆ ਰਹੇ ਅਕਾਲੀ ਦਲ (ਬਾਦਲ) ਅਤੇ ਸੱਤਾ ਵਿੱਚ ਉਸਦੀ ਭਾਈਵਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਹਾਰ ਬਾਰੇ ਕਿਸੇ ਨੂੰ ਕੋਈ ਸ਼ੰਕਾ ਨਹੀਂ ਸੀ। ਪਿਛਲੀਆਂ ਲੋਕ ਸਭਾਈ ਚੋਣਾਂ ਵਿਚ ਪੰਜਾਬ ਦੀਆਂ ਸੀਟਾਂ ਵਿਚੋਂ 4 ਸੀਟਾਂ ਜਿੱਤਣ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਤੀਜੇ ਰਾਜਸੀ ਬਦਲੀ ਦਾ ਸਪੱਸ਼ਟ ਸੰਕੇਤ ਅਤੇ ‘ਉੱਤਰ ਕਾਟੋ ਮੈਂ ਚੜ੍ਹਾਂ’ ਦੀ ਖੇਡਦੀਆਂ ਆ ਰਹੀਆਂ ਦੋ ਮੁੱਖ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਨੂੰ ਵੱਡੀ ਚੁਣੌਤੀ ਦੇ ਨਾਲ ਨਾਲ ਚਿੰਤਾ ਵਿੱਚ ਪਾ ਦਿੱਤਾ ਸੀ। ਉਸਤੋਂ ਬਾਅਦ ਆਮ ਆਦਮੀ ਪਾਰਟੀ ਨੇ ਜਿਸ ਕਦਰ ਚੋਣਾਂ ਲਈ ਤਿਆਰੀਆਂ ਅਤੇ ਸਰਗਰਮੀਆਂ ਵਿੱਢੀਆਂ ਉਹ ਵੀ ਲੋਕਾਂ ਵਿੱਚ ਨਵੀਂ ਚੇਤਨਾ ਅਤੇ ਆਸ ਜਗਾਉਣ ‘ਚ ਸਹਾਈ ਹੋਈਆਂ। ਪਰਵਾਸੀ ਪੰਜਾਬੀਆਂ ਵਜੋਂ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਕੀਤੀਆਂ ਕੋਸ਼ਿਸ਼ਾਂ, ਹਰ ਤਰ੍ਹਾਂ ਦੀ ਹਮਾਇਤ ਅਤੇ ਅਖ਼ੀਰ ਪੰਜਾਬ ਵੱਲ ਵਹੀਰਾਂ ਘੱਤ ਕੇ ਪੁਜਣਾ ਰਾਜ ਦੇ ਰਾਜਸੀ ਇਤਿਹਾਸ ਵਿੱਚ ਪਹਿਲੀ ਅਤੇ ਵਿਲੱਖਣ ਮਿਸਾਲ ਸਨ। ਪਾਰਟੀ ਦੀ ਨਿਰਾਸ਼ਾਜਨਕ ਹਾਰ ਦੇ ਕਾਰਨ ਬਾਹਰੀ ਨਾਲੋਂ ਅੰਦਰੂਨੀ ਵੱਧ ਹਨ। ਖ਼ੈਰ ਮਸਾਂ 3 ਸਾਲ ਪਹਿਲਾਂ ਹੋਂਦ ਵਿੱਚ ਆਈ ਕਿਸੇ ਨਵੀਂ ਰਾਜਸੀ ਪਾਰਟੀ ਵਲੋਂ 20 ਸੀਟਾਂ ਜਿੱਤਣੀਆਂ ਛੋਟੀ ਮੋਟੀ ਪ੍ਰਾਪਤੀ ਨਹੀਂ।  ਚੋਣਾਂ ‘ਚ ਅਪਣੀ ਜਿੱਤ ਅਤੇ ਹਾਰ ਬਾਰੇ ਹਰ ਪਾਰਟੀ ਖ਼ਾਸ ਕਰਨ ਆਪ ਦੀ ਲੀਡਰਸ਼ਿਪ ਨੇ ਗੰਭੀਰ ਲੇਖਾਜੋਖਾ ਕਰਨਾ ਹੈ, ਪਰ ਚੋਣ ਨਤੀਜਿਆਂ ਨੂੰ ਸਮਝਣਾ ਇੰਨਾ ਔਖਾ ਨਹੀਂ। ਬੜਾ ਕੁਝ ਹੋਰ ਸਾਹਮਣੇ ਆਉਣਾ ਹੈ। ਇਸ ਦੌਰਾਨ ਬਾਦਲ ਜੁੰਡਲੀ ਦੀ ਹਾਰ ਸਭਨਾਂ ਪੰਜਾਬ ਹਿਤੈਸ਼ੀਆਂ ਲਈ ਵੱਡੀ ਰਾਹਤ ਵਾਲੀ ਗੱਲ ਹੈ। ਜਿਵੇਂ ਕਿ ਮੰਨਿਆ ਜਾ ਰਿਹਾ ਹੈ ਤੇ ਇਸ ਬਾਰੇ ਦੋ ਰਾਵਾਂ ਵੀ ਨਹੀਂ ਕਿ ਇਹ ਕਾਂਗਰਸ ਦੀ ਨਹੀਂ ਬਲਕਿ ਕੈਪਟਨ ਅਮਰਿੰਦਰ ਸਿੰਘ ਦੀ  ਜਿੱਤ ਹੈ। ਪਟਿਆਲਾ ਦੇ ਰਾਜ ਘਰਾਣੇ ਦੇ ਵਾਰਸ ਦੀ ਸਖ਼ਸ਼ੀਅਤ/ਸੁਭਾਅ ਅਤੇ ਕਾਰਗੁਜ਼ਾਰੀ ਵਿੱਚ ਅਜਿਹਾ ਕੁਝ ਜਰੂਰ ਹੈ ਕਿ ਅਪਣੇ ਰਾਜਸੀ ਜੀਵਨ ਦੌਰਾਨ ਵਾਦ ਵਿਵਾਦਾਂ ਦੇ ਰੌਲੇ ਰੱਪੇ ਵਿੱਚ ਵੀ ਉਹ ਪੰਜਾਬ ਵੱਡੀ ਗਿਣਤੀ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਦਾ ਆ ਰਿਹਾ। ਇਸ ਵਾਰ ਅਪਣੇ 10 ਸਾਲਾਂ ਦੇ ਰਾਜਸੀ ਬਣਵਾਸ ਦੇ ਖਾਤਮੇ ਬਾਅਦ ਉਸਨੂੰ ਇੰਨਾ ਵੱਡਾ ਬਹੁਮਤ ਮਿਲਣਾ, ਪਾਰਟੀ ਵਿਚਲੇ ਉਸਦੇ ਮੁੱਖ ਵਿਰੋਧੀਆਂ ਦਾ ਇੱਕ ਤਰ੍ਹਾਂ ਨਾਲ ਸਫਾਇਆ ਅਤੇ ਦਿੱਲੀ ਵਿੱਚਲੀ ਪਾਰਟੀ ਹਾਈਕਮਾਂਡ ਦਾ ਕਮਜ਼ੋਰ ਪੈਣਾ, ਉਸ ਲਈ ਸ਼ੁਭ ਸ਼ਗਨ ਹੀ ਕਹੇ ਜਾ ਸਕਦੇ ਹਨ। ਬਾਦਲਾਂ ਦੇ 10 ਸਾਲਾਂ ਲੋਟੂ ਰਾਜ ਦੌਰਾਨ ਆਰਥਿਕ, ਸਮਾਜਿਕ,ਧਾਰਮਿਕ ਅਤੇ ਸਭਿਆਚਾਰਕ ਪੱਖੋਂ ਨਿਘਰ ਚੁੱਕੇ ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨਾ ਇੰਨਾ ਸੁਖਾਲਾ ਨਹੀਂ। ਰਾਜਸੀ ਮੈਦਾਨ ਵਿੱਚ ਕੈਪਟਨ ਦੀ ਇਹ ਆਖ਼ਰੀ ਪਾਰੀ ਹੈ ਅਤੇ ਪੈਂਡਾ ਬੜਾ ਔਝੜ। ਉਹ ਕਿੰਨੇ ਵੀ ਦਾਅਵੇ ਅਤੇ ਕੋਸ਼ਿਸ਼ਾਂ ਕਰੇ, ਪਰ ਕਿਸੇ ਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਕਿਸੇ ਇੱਕ ਸਖ਼ਸ਼ ਜਾਂ ਪਾਰਟੀ ਲਈ ਇਕੱਲਿਆਂ ਇਹ ਕਾਰਜ ਕਰਨਾ ਸੰਭਵ ਨਹੀਂ। ਸਭਨਾਂ ਪੰਜਾਬੀਆਂ ਲਈ ਇਹ ਸਮਾਂ ਇੱਕ ਦੂਜੇ ਉੱਤੇ ਦੂਸ਼ਣਬਾਜੀ ਅਤੇ ਟਕਰਾਅ ਦੀ ਬਜਾਏ ਰਲ ਕੇ ਸੁਹਿਰਦ ਯਤਨ ਸ਼ੁਰੂ ਕਰਨ ਦਾ ਹੈ। ਆਸ ਦੇ ਉਲਟ ਵੀ ਆਸ ਕਰਨਾ ਬਣਦਾ ਹੈ।