ਸਿਆਸੀ ਸੌਦੇਬਾਜ਼ੀਆਂ ਦਾ ਸਿਖ਼ਰ

0
422

thequint-2017-07-f916ab79-b517-4f61-aa24-650a0c207a3a-lalunitishsinking
ਭਾਰਤੀ ਸਿਆਸਤ ਵਿਚ ਇਨ੍ਹੀਂ ਦਿਨੀਂ ਬਹੁਤ ਕੁੱਝ ਅਜਿਹਾ ਹੋ-ਵਾਪਰ ਰਿਹਾ ਹੈ; ਜਿਹੜਾ ਅਵਾਮ ਦੇ ਹਿੱਤ ਵਿਚ ਨਹੀਂ। ਰਾਜਸੀ ਭ੍ਰਿਸ਼ਟਾਚਾਰ ਸਿਆਸਤ ਨੂੰ ਏਨੀਆਂ ਨੀਵਾਣਾਂ ਵੱਲ ਲੈ ਗਿਆ ਹੈ; ਜਿਥੋਂ ਵਾਪਸੀ ਨਾਮੁਮਕਿਨ ਲਗਦੀ ਹੈ। ਬਿਲਕੁਲ ਤਾਜ਼ਾ ਘਟਨਾਕ੍ਰਮ ਗੁਜਰਾਤ ਵਿਚ ਵਾਪਰ ਰਿਹਾ ਹੈ, ਜਿਥੋਂ ਦੇ 6 ਕਾਂਗਰਸੀ ਵਿਧਾਇਕ ਅਸਤੀਫ਼ੇ ਦੇ ਕੇ ਭਾਜਪਾ ਵਿਚ ਚਲੇ ਗਏ। ਗੁਜਰਾਤ ਦੀ ਸਿਆਸਤ ਵਿਚ ਵੱਡਾ ਨਾਂਅ ਸ਼ੰਕਰ ਸਿੰਹੁ ਵਘੇਲਾ ਨੇ ਕਾਂਗਰਸ ਪਾਰਟੀ ਇਸ ਕਰ ਕੇ ਛੱਡੀ ਕਿਉਂ ਜੋ ਉਹਨੂੰ ਕਾਂਗਰਸ ਆਪਣਾ ਮੁੱਖ ਮੰਤਰੀ ਦਾ ਉਮੀਦਵਾਰ ਬਣਾਉਣ ਨੂੰ ਤਿਆਰ ਨਹੀਂ ਸੀ। ਵਘੇਲਾ ਕਿਸੇ ਵੇਲੇ ਗੁਜਰਾਤ ਭਾਜਪਾ ਦਾ ਵੱਡਾ ਆਗੂ ਹੋਇਆ ਕਰਦਾ ਸੀ ਤੇ ਉਧਰੋਂ ਨਾਰਾਜ਼ ਹੋ ਕੇ ਕਾਂਗਰਸ ਵਿਚ ਆਇਆ ਸੀ। ਹੁਣ ਉਮਰ ਦੇ ਆਖ਼ਰੀ ਦਹਾਕੇ ਵਿਚ ਸਤਾ ਦਾ ਲਾਲਚ ਫੇਰ ਏਨਾ ਪ੍ਰਬਲ ਹੋਇਆ ਕਿ ਉਹ ਕਾਂਗਰਸ ਛੱਡ ਕੇ ਮੁੜ ਭਾਜਪਾ ਵੱਲ ਤਾਂਘ ਲਾਈ ਬੈਠਾ ਹੈ। ਵਘੇਲਾ ਦੇ ਕਾਂਗਰਸ ਛੱਡਣ ਤੇ 6 ਕਾਂਗਰਸੀ ਵਿਧਾਇਕਾਂ ਦੇ ਭਾਜਪਾ ਵਿ’ਚ ਜਾਣ ਤੋਂ ਬਾਅਦ ਗੁਜਰਾਤ ਕਾਂਗਰਸ ਪੂਰੀ ਤਰ੍ਹਾਂ ਖਿਲਰਦੀ ਨਜ਼ਰ ਆਉਣ ਲੱਗੀ ਤਾਂ ਕਾਂਗਰਸ ਨੇ ਆਪਣੇ ਬਚੇ ਵਿਧਾਇਕਾਂ ਵਿਚੋਂ 42 ਵਿਧਾਇਕਾਂ ਨੂੰ ਔਖੇ-ਸੌਖੇ ਇਕੱਠੇ ਕਰ ਕੇ ਬੰਗਲੁਰੂ ਇਕ ਰਿਜ਼ਾਰਟ ਵਿਚ ‘ਠਹਿਰਾ’ ਦਿੱਤਾ ਹੈ ਤਾਂ ਜੋ ਇਨ੍ਹਾਂ ਵਿਚੋਂ ਕਿਸੇ ਹੋਰ ਨੂੰ ਭਾਜਪਾ ਨਾ ਲੈ ਜਾਵੇ। ਅਸਲ ਵਿਚ ਭਾਰਤੀ ਸਿਆਸਤ ਵਿਚ ਪੈਸੇ ਅਤੇ ਬਾਹੂਬਲ ਦਾ ਬੋਲਬਾਲਾ ਏਨਾ ਵਧ ਗਿਆ ਹੈ ਕਿ ਹੁਣ ਸਾਫ਼ ਸੁਥਰੀ ਅਤੇ ਲੋਕ-ਪੱਖੀ ਸਿਆਸਤ ਦੀ ਤਵੱਕੋ ਹੀ ਮੂਰਖਾਂ ਦੇ ਸੰਸਾਰ ਵਿਚ ਰਹਿਣ ਵਾਲੀ ਗੱਲ ਜਾਪਦੀ ਹੈ।
ਇਨ੍ਹੀਂ ਦਿਨੀਂ ਹੀ ਬਿਹਾਰ ਵਿਚ ਜਿਵੇਂ ਨਿਤੀਸ਼ ਕੁਮਾਰ ਪੁੱਠੀ ਛਾਲ ਮਾਰਦਿਆਂ ਸਿੱਧੇ ਉਸ ਆਰ.ਐਸ.ਐਸ. ਦੀ ਗੋਦੀ ਵਿਚ ਜਾ ਪਏ ਹਨ; ਜਿਹਨੂੰ ਉਹ 20 ਮਹੀਨੇ ਪਹਿਲਾਂ ਪਾਣੀ ਪੀ ਪੀ ਕੋਸ ਰਹੇ ਸਨ ਤੇ ਕਹਿ ਰਹੇ ਸਨ ਕਿ ”ਨਿਤੀਸ਼ ਕੁਮਾਰ ਆਪਣੀ ਜਾਨ ਤਾਂ ਦੇ ਸਕਦਾ ਹੈ ਕਦੇ ਆਰ.ਐਸ.ਐਸ. ਨਾਲ ਹੱਥ ਨਹੀਂ ਮਿਲਾਏਗਾ। ’ਇਹ ਆਜ਼ਾਦੀ ਤੋਂ ਬਾਅਦ ਦੇ ਭਾਰਤੀ ਇਤਿਹਾਸ ਦਾ ਸਭ ਤੋਂ ਜ਼ਿਆਦਾ ਮੌਕਾਪ੍ਰਸਤੀ ਵਾਲਾ ਅਧਿਆਏ ਮੰਨਿਆ ਜਾ ਸਕਦਾ ਹੈ। ਇਹ ਮੌਕਾਪ੍ਰਸਤੀ ਦਾ ਆਧਾਰ ਹੀ ਸਿਰੇ ਦਾ ਰਾਜਸੀ ਭ੍ਰਿਸ਼ਟਾਚਾਰ ਹੈ। ਪਰ ਇਹਦੇ ਲਈ ਇਕੱਲਾ ਨਿਤੀਸ਼ ਕੁਮਾਰ ਹੀ ਦੋਸ਼ੀ ਨਹੀਂ ਹੈ; ਲਾਲੂ ਪ੍ਰਸਾਦ ਯਾਦਵ ਤੇ ਉਹਦਾ ਕੁਨਬਾ, ਕਾਂਗਰਸ ਪਾਰਟੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਅਤੇ ਭਾਜਪਾ ਦੀ ਵਿਚਾਰਧਾਰਕ ਮਾਂ ਆਰ.ਐਸ.ਐਸ. ਵੀ ਇਸ ਸਿਆਸੀ ਪਾਪ ਦੇ ਬਰਾਬਰ ਦੇ ਜ਼ਿੰਮੇਵਾਰ ਹਨ।
ਉਂਝ ਇਸ ਤਰ੍ਹਾਂ ਦੇ ਸਿਆਸੀ ਦਾਅ-ਪੇਚ ਅੱਜ ਨਹੀਂ ਸ਼ੁਰੂ ਹੋਏ। ਇਹ ਤਾਂ ਆਜ਼ਾਦੀ ਤੋਂ ਤੁਰੰਤ ਬਾਅਦ ਹੀ ਸ਼ੁਰੂ ਹੋ ਗਏ ਸਨ ਪਰ 1990ਵਿਆਂ ਤੋਂ ਬਾਅਦ ਭਾਰਤੀ ਸਿਆਸਤ ਵਿਚ ‘ਬੇਅੰਤ ਮਾਇਆ’ ਦੇ ਅਦਾਨ ਪ੍ਰਦਾਨ ਨੇ ਭ੍ਰਿਸ਼ਟਾਚਾਰ ਦੀ ਹਨੇਰੀ ਹੀ ਲਿਆ ਦਿੱਤੀ ਹੈ। ਸਿਆਸਤ ਸੇਵਾ ਦੀ ਥਾਂ ਵਪਾਰ ਹੋ ਗਈ ਹੈ ਤੇ ਵਪਾਰੀ ਦਾ ਧਰਮ ਹੀ ਮੁਨਾਫ਼ਾ ਹੁੰਦਾ ਹੈ। ਸੋ; ਭਾਰਤੀ ਸਿਆਸਤ ਦੇ ਇਸ ਵਪਾਰ ਦੇ ਵਪਾਰੀਆਂ ਦੇ ਆਪੋ-ਆਪਣੇ ਮੁਨਾਫ਼ੇ ਅਤੇ ਲਾਲਚ ਹਨ; ਜਿਹਨੇ ਕੁਲ ਭਾਰਤੀ ਸਿਆਸਤ ਦਾ ਮੂੰਹ-ਮੁਹਾਂਦਰਾ ਏਨਾ ਕਰੂਪ ਕਰ ਦਿੱਤਾ ਹੈ ਕਿ ਥੋੜ੍ਹੀ ਬਹੁਤ ਵੀ ਸੋਝੀ ਰੱਖਣ ਵਾਲੇ ਵਿਅਕਤੀ ਨੂੰ ਇਹਦੇ ਤੋਂ ਘਿਣ ਆਉਣ ਲੱਗੀ ਹੈ।
ਬਦਲਦੇ ਵਕਤਾਂ ਨੇ ਜੇ ਸਭ ਤੋਂ ਵੱਧ ਕਿਸੇ ਵਰਤਾਰੇ ਨੂੰ ਪੁੱਠੇ ਪੈਰੀਂ ਕੀਤਾ ਹੈ ਤਾਂ ਉਹ ਸਿਆਸਤ ਹੀ ਹੈ। ਜਿਵੇਂ ਜਿਵੇਂ ਸਿਆਸੀ ਆਗੂ ਬਦਲਦੇ ਚਲੇ ਗਏ, ਮੁੱਦੇ ਵੀ ਬਦਲਦੇ ਗਏ, ਸਿਧਾਂਤ ਖੁਰਦੇ ਗਏ ਤੇ ਫੇਰ ਅਸਲ ਤੇ ਬੁਨਿਆਦੀ ਮੁੱਦੇ ਹੌਲੀ-ਹੌਲੀ ਪਿੱਛੇ ਧੱਕ ਦਿੱਤੇ ਗਏ ਤੇ ਗ਼ੈਰ-ਮੁੱਦੇ ਧਰਮ, ਜ਼ਾਤ, ਫ਼ਿਰਕੇ, ਇਲਾਕੇ ਅਤੇ ਅਖੌਤੀ ਰਾਸ਼ਟਰਵਾਦ ਵਿਚ ਲਪੇਟ ਕੇ ਮੁੱਦੇ ਬਣਾ ਦਿੱਤੇ ਗਏ। ਸਿਆਸਤ ਦਾ ਪੂਰੀ ਤਰ੍ਹਾਂ ਬਾਜ਼ਾਰੀਕਰਨ ਕਰ ਦਿੱਤਾ ਗਿਆ। ਵੱਡੀਆਂ ਦੇਸ਼ੀ-ਵਿਦੇਸ਼ੀ ਕੰਪਨੀਆਂ ਦੀ ‘ਫ਼ੰਡਿੰਗ’’ ਪਾਰਟੀਆਂ ਅਤੇ ਸਿਆਸੀ ਆਗੂਆਂ ਦੀ ਲੋੜ ਬਣ ਗਈ ਤੇ ਇਨ੍ਹਾਂ ਕੰਪਨੀਆਂ/ਮਾਲਕਾਂ ਨੂੰ ਭਾਰਤੀ ਅਵਾਮ ਦੀ ਛਿੱਲ ਲਾਹੁਣ ਲਈ ਲਾਇਸੈਂਸ ਮੁਹੱਈਆ ਕਰਵਾਉਣੇ ਆਗੂਆਂ/ਸਰਕਾਰਾਂ ਦਾ ਮੁੱਖ ਧੰਦਾ ਬਣ ਗਿਆ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਲਖਨਊ ਦੀ ਮਹਾਂਰੈਲੀ ਵਿਚ ਨਰਿੰਦਰ ਮੋਦੀ ਲਈ 5 ਲੱਖ ਲੋਕਾਂ ਦਾ ਇਕੱਠ ਕੀਤਾ ਗਿਆ; ਜਿਸ ‘’ਤੇ ਇਕ ਅੰਦਾਜ਼ੇ ਮੁਤਾਬਕ 16 ਕਰੋੜ ਰੁਪਏ ਖ਼ਰਚੇ ਗਏ। ਇਹ ਤਾਂ ਇਕ ਮਹਾਂਰੈਲੀ ਸੀ; ਇਸ ਤਰ੍ਹਾਂ ਦੀਆਂ ਮਹਾਂਰੈਲੀਆਂ/ਰੈਲੀਆਂ ਸਾਰੇ ਦੇਸ਼ ਵਿਚ ਐਨ.ਡੀ.ਏ., ਯੂ.ਪੀ.ਏ. ਅਤੇ ਹੋਰਨਾਂ ਖੇਤਰੀ ਪਾਰਟੀਆਂ ਦੇ ਆਗੂਆਂ ਲਈ ਕੀਤੀਆਂ ਗਈਆਂ। ਸੈਂਟਰ ਫ਼ਾਰ ਮੀਡੀਆ ਸਟੱਡੀਜ਼ ਮੁਤਾਬਕ ਇਨ੍ਹਾਂ ਚੋਣਾਂ ’’ਤੇ ਲਗਭਗ 30 ਹਜ਼ਾਰ ਕਰੋੜ ਰੁਪਇਆ ਖ਼ਰਚ ਹੋਇਆ; ਜਦਕਿ 1996 ਵਿਚ 2500 ਕਰੋੜ ਅਤੇ 2009 ਵਿਚ 10 ਹਜ਼ਾਰ ਕਰੋੜ ਰੁਪਏ ਖ਼ਰਚ ਹੋਏ ਸਨ। ਇਹ ਪੈਸੇ ਕਿਥੋਂ ਆਉਂਦੇ ਹਨ? ਸਾਫ਼ ਹੈ ਕਿ ਵੱਡੀਆਂ ਕੰਪਨੀਆਂ ਸਰਕਾਰਾਂ/ਸਿਆਸੀ ਆਗੁਆਂ ਤੋਂ ਆਪਣੇ ਕੰਮ ਕਢਵਾਉਣ ਲਈ ਇਸ ਤਰ੍ਹਾਂ ਦੇ ਖੁੱਲ੍ਹੇ ਗੱਫ਼ੇ ਸਿਆਸੀ ਪਾਰਟੀਆਂ ਨੂੰ ਦਿੰਦੀਆਂ ਹਨ। ਇਨ੍ਹੀਂ ਦਿਨੀਂ ਹੀ ਭਾਰਤੀ ਜਨਤਾ ਪਾਰਟੀ ਨੂੰ ਦਿੱਤੇ ਗਏ ਇਕ ਚੈੱਕ ਦੀ ਫ਼ੋਟੋ ਕਾਪੀ ਵਾਇਰਲ ਹੋਈ ਹੈ। ਇਹ 35 ਕਰੋੜ ਦਾ ਚੈੱਕ ਭਾਰਤ ਤੋਂ ਲੰਡਨ ਭੱਜਣ ਤੋਂ ਕੁੱਝ ਸਮਾਂ ਪਹਿਲਾਂ ਵਿਜੇ ਮਾਲਿਆ ਨੇ ਭਾਜਪਾ ਨੂੰ ਦਿੱਤਾ ਸੀ। ਸਾਫ਼ ਹੈ ਵਿਜੈ ਮਾਲਿਆ ਭੱਜਾ ਨਹੀਂ; ਉਹਨੂੰ ਭਜਾਇਆ ਗਿਆ।
ਕੁਲ ਮਿਲਾ ਕੇ ਅੱਜ ਦੀ ਭਾਰਤੀ ਸਿਆਸਤ ਸਿਰੇ ਦੀ ਭ੍ਰਿਸ਼ਟ ਹੋ ਚੁੱਕੀ ਹੈ। ਇਸੇ ਲਈ ਅੱਜ ਚੋਣ ਐਲਾਨਨਾਮੇ ਸਿਰਫ਼ ਲੌਲੀਪੋਪ ਬਣ ਗਏ ਹਨ। ਬੇਅੰਤ ਮਾਇਆ ਨੇ ਆਗੂਆਂ ਨੂੰ ਪੂਰੀ ਤਰ੍ਹਾਂ ‘ਆਇਆ ਰਾਮ, ਗਿਆ ਰਾਮ’ ਵਿਚ ਤਬਦੀਲ ਕਰ ਦਿੱਤਾ ਹੈ। ਚੋਣਾਂ ਹੁਣ ਪਾਰਟੀਆਂ ਜਾਂ ਸਿਆਸੀ ਆਗੂ ਨਹੀਂ, ਉਨ੍ਹਾਂ ਦੇ ਚੋਣ ਮੈਨੇਜਰ ਲੜਦੇ ਹਨ। ਲੋਕਾਂ ਨੂੰ ਇਕ ਦਿਨ ਦਾ ਬਾਦਸ਼ਾਹ ਬਣਾ ਕੇ ਭਿਖਾਰੀ ਦੀ ਜੂਨੇ ਪਾ ਦਿੱਤਾ ਗਿਅ ਹੈ। ਭਾਰਤੀ ਜਮਹੂਰੀਅਤ ਦਾ ‘ਅੱਜ’ ਪੂਰੀ ਤਰ੍ਹਾਂ ਕਲੰਕਤ ਹੋ ਚੁੱਕਾ ਹੈ। ਇਹ ਜਮਹੂਰੀਅਤ ਨਹੀਂ ਹੈ; ਜਮਹੂਰੀਅਤ ਦਾ ਕਤਲ ਹੈ। ਇਸ ਸ਼ਰਮਨਾਕ ਹਾਲਾਤ ਤੋਂ ਵਾਪਸੀ ਸੰਭਵ ਹੀ ਨਹੀਂ ਹੈ। ਤਾਂ ਫੇਰ ਹੋਵੇ ਕੀ?
ਸਾਡੀ ਸਮਝ ਮੁਤਾਬਕ ਭਾਰਤ ਦੀ ਰਾਜਸੀ ਵਿਵਸਥਾ/ਪ੍ਰਣਾਲੀ ਵਿਚ ਸੁਧਾਰ ਦੀ ਗੁੰਜਾਇਸ਼ ਨਹੀਂ; ਇਸ ਨੂੰ ਹੇਠਾਂ ਤੋਂ ਉਪਰ ਤਕ ਪੂਰੀ ਤਰ੍ਹਾਂ ਬਦਲ ਦੇਣਾ ਹੀ ਇਕੋ ਇਕ ਹੱਲ ਹੈ। ਹੁਣ ਸਵਾਲ ਇਹ ਹੈ ਕਿ ਇਹ ਕਿਵੇਂ ਹੋਊ? ਤਾਂ ਜੁਆਬ ਬੜਾ ਸਪਸ਼ਟ ਹੈ ਕਿ ਲੋਕ-ਸ਼ਕਤੀ ਅਸੀਮ ਹੈ। ਦੁਨੀਆ ‘’ਤੇ ਕਦੇ ਕੋਈ ਤਾਨਾਸ਼ਾਹ/ਹਾਕਮ ਸਦਾ ਨਹੀਂ ਰਿਹਾ। ਹੁਣ ਦੇ ਹਾਕਮਾਂ/ਭ੍ਰਿਸ਼ਟ ਆਗੂਆਂ ਵੀ ਨਹੀਂ ਰਹਿਣਾ। ਲੋਕ ਆਪਣੇ ਨਾਇਕ ਖ਼ੁਦ ਲੱਭ ਲਿਆ ਕਰਦੇ ਹਨ। ਭਾਰਤੀ ਅਵਾਮ ਲਈ ਬੜੇ ਔਖੇ ਦਿਨ ਹਨ। ਅੱਛੇ ਦਿਨਾਂ ਦਾ ਭਰਮਜਾਲ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਲੋਕਾਂ ਨੇ ਆਪਣੇ ਦਿਨ ਆਪ ਹੀ ਲੈ ਆਉਣੇ ਹਨ। ਅੱਜ ਨਹੀਂ ਤਾਂ ਕੱਲ੍ਹ।