ਉੱਚੀ ਸ਼ਾਨ ਤੇ ਆਨ ਵਾਲਾ ਸਰਦਾਰ

0
757

New Delhi: File photo of Marshal of the Indian Air Force Arjan Singh, famous for his role in the the 1965 India- Pakistan war, has been hospitalised and his condition is stated to be critical.PTI Photo(PTI9_16_2017_000104B)

ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਸਰਦਾਰ ਅਰਜਨ ਸਿੰਘ ਦਾ ਅਕਾਲ ਚਲਾਣਾ ਆਪਣੇ ਆਪ ਵਿੱਚ ਬੜੀ ਵੱਡੀ ਘਟਨਾ ਹੈ। ਜਿਸ ਉਮਰੇ ਉਹ ਸਦੀਵੀ ਵਿਛੋੜਾ ਦੇ ਕੇ ਗਏ ਹਨ, ਉਹ ਉਦਾਸ ਹੋਣ ਵਾਲੀ ਘੜੀ ਨਹੀਂ ਬਲਕਿ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਬਣਦਾ ਹੈ ਕਿ ਉਹ ਇੰਨੀ ਸ਼ਾਨਦਾਰ ਅਤੇ ਮਾਣਮੱਤੀ ਜ਼ਿੰਦਗੀ ਤੋਂ ਵਿਦਾ ਹੋਏ ਹਨ। ਸ. ਅਰਜਨ ਸਿੰਘ ਨੇ ਆਪਣੀ ਕਾਬਲੀਅਤ, ਲਗਨ, ਦ੍ਰਿੜਤਾ ਅਤੇ ਬਹਾਦਰੀ ਸਦਕਾ ਅਮਲੀ ਰੂਪ ਵਿੱਚ ਹੀ ਨਹੀਂ ਬਲਕਿ ਸਹੀ ਮਾਅਨਿਆਂ ਵਿੱਚ ”ਅਸਮਾਨਾਂ ਨੂੰ ਛੂਹਣ” ਤੋਂ ਵੀ ਅਗਾਂਹ ”ਅਸਮਾਨਾਂ ਨੂੰ ਸਰ ਕੀਤਾ।” ‘ਅਸਮਾਨਾਂ ਨੂੰ ਫਤਹਿ’ ਕਰਨ ਦਾ ਸੱਚ ਉਨ੍ਹਾਂ ਨੇ ਭਾਰਤ ਦੇ ਗਵਾਂਢੀ ਮੁਲਕ ਪਾਕਿਸਤਾਨ ਨਾਲ ਸੰਨ 1965 ਦੀ ਲੜਾਈ ਦੌਰਾਨ ਸਾਰੀ ਦੁਨੀਆ ਨੂੰ ਵਾਪਰਦਾ ਵਿਖਾਇਆ। ਵੈਸੇ ਤਾਂ ਦੁਨੀਆ ਦੇ ਵੱਡੇ ਯੁੱਧਾਂ ਦਾ ਇਤਿਹਾਸ ਮਹਾਨ ਜਰਨੈਲਾਂ ਦੀ ਦੂਰਅੰਦੇਸ਼ੀ, ਬਹਾਦਰੀ ਅਤੇ ਜਿੱਤਾਂ ਦੇ ਕਾਰਨਾਮੇ ਸਾਂਭੀ ਚਲਿਆ ਆ ਰਿਹਾ ਹੈ ਪਰ ਸ. ਅਰਜਨ ਸਿੰਘ ਨੇ ਜਿਹੜੀਆਂ ਮੱਲ੍ਹਾਂ ਮਾਰੀਆਂ ਉਹ ਵਿਲੱਖਣ ਹੋਣ ਦੇ ਨਾਲ ਨਾਲ ਹੈਰਾਨਕੁਨ ਵੀ ਹਨ। ਮਹਿਜ਼ ਹਵਾਈ ਸੈਨਾ ਦੇ ਆਗੂ ਅਤੇ ਲੜਾਕੂ ਯੋਧੇ ਵਜੋਂ ਹੀ ਨਹੀਂ ਬਲਕਿ ਜ਼ਿੰਦਗੀ ਦੇ ਹੋਰਨਾਂ ਖੇਤਰਾਂ ਵਿੱਚ ਸ. ਅਰਜਨ ਸਿੰਘ ਨੇ ਜਿਹੜੀਆਂ ਮੱਲ੍ਹਾਂ ਮਾਰੀਆਂ ਉਹ ਵਿਲੱਖਣ ਹੋਣ ਦੇ ਨਾਲ ਨਾਲ ਹੈਰਾਨਕੁਨ ਵੀ ਹਨ।
ਵੇਖਿਆ ਜਾਵੇ ਤਾਂ ਭਾਰਤ ਨੂੰ ਆਜ਼ਾਦ ਕਰਵਾਉਣ ਵਿੱਚ ਜਿੰਨਾ ਯੋਗਦਾਨ ਸਿੱਖਾਂ ਦਾ ਹੈ, ਉਨਾਂ ਅੱਜ ਤੱਕ ਸ਼ਾਇਦ ਹੀ ਕਿਸੇ ਦਾ ਹੈ। ਭਾਰਤ ਦੇ ਆਜ਼ਾਦ ਹੋਣ ਬਾਅਦ ਦੇ ਇਤਿਹਾਸ ਵਿੱਚ ਵੀ ਸਿੱਖਾਂ ਦੀ ਦੇਣ ਬਹੁਤ ਅਹਿਮ ਅਤੇ ਮਾਣ ਕਰਨ ਵਾਲੀ ਹੈ। ਇਸ ਦਾ ਸਪਸ਼ਟ ਸਬੂਤ ਹੈ ਸੰਨ 1965 ਦੀ ਭਾਰਤ-ਪਾਕਿਸਤਾਨ ਜੰਗ। ਵੇਖਿਆ ਜਾਵੇ ਤਾਂ ਇਹ ਜੰਗ ਅਸਲ ਵਿੱਚ ਭਾਰਤ ਤੇ ਪਾਕਿਸਤਾਨ ਦੀ ਬਜਾਏ ਪੰਜਾਬ ਤੇ ਪਾਕਿਸਤਨ ਵਿਚਾਲੇ ਸੀ ਅਤੇ ਨਿਰਸੰਦੇਹ ਇਸ ਦੀ ਜਿੱਤ ਦਾ ਸਿਹਰਾ ਹੋਰਨਾਂ ਦੇ ਮੁਕਾਬਲੇ ਸਿੱਖਾਂ ਦੇ ਸਿਰ ਹੀ ਬੱਝਦਾ ਹੈ। ਬੇਸ਼ੱਕ ਇਸ ਵਿੱਚ ਵੀ ਹੋਰਨਾਂ ਲੜਾਈਆਂ ਵਾਂਗ ਪੰਜਾਬ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋਇਆ ਪਰ ਸਦੀਆਂ ਤੋਂ ਇਸ ਖਿੱੱਤੇ ਦਾ ਰਖਵਾਲਾ ਬਣਦੇ ਰਹੇ ਪੰਜਾਬੀਆਂ ਨੇ ਭਾਰਤ ਦੀ ਸਰਜ਼ਮੀਨ ਤੋਂ ਦੁਸ਼ਮਣ ਦੀਆਂ ਫ਼ੌਜਾਂ ਨੂੰ ਜਿਹੜੀ ਕਰਾਰੀ ਹਾਰ ਦਿੱਤੀ, ਉਸ ਵਿੱਚ ਅਰਜਨ ਸਿੰਘ ਦਾ ਬਹੁਤ ਅਹਿਮ ਰੋਲ ਸੀ। ਭਾਰਤੀ ਹਵਾਈ ਫ਼ੌਜ ਦੇ ਮੁਖੀ ਹੁੰਦਿਆਂ ਇਸ ਜਾਂਬਾਜ਼ ਜਰਨੈਲ ਨੇ ਜਿਹੜੀ ਰਣਨੀਤੀ ਅਪਣਾਈ, ਉਹ ਪਾਕਿਸਤਾਨੀ ਹਵਾਈ ਫ਼ੌਜ ਕੋਲ ਅਤਿ ਆਧੁਨਿਕ ਲੜਾਕੂ ਜਹਾਜ਼, ਸਿਖਲਾਈਯਾਫ਼ਤਾ ਪਾਇਲਟ ਅਤੇ ਹੋਰ ਸਾਜ਼ੋ-ਸਾਮਾਨ ਦੇ ਬਾਵਜੂਦ ਉਸ ਦਾ ਲੱਕ ਤੋੜਣ ਵਾਲੀ ਸਿੱਧ ਹੋਈ।
ਅਰਜਨ ਸਿੰਘ ਬਚਪਨ ਤੋਂ ਹੀ ਹੋਣਹਾਰ ਤੇ ਵਿਲੱਖਣ ਪ੍ਰਤਿਭਾ ਵਾਲੇ ਸਨ। 15 ਅਪਰੈਲ 1919 ਨੂੰ ਲਾਇਲਪੁਰ (ਹੁਣ ਪਾਕਿਸਤਾਨ) ਵਿੱਚ ਜਨਮੇ ਅਰਜਨ ਸਿੰਘ ਨੇ ਮੁੱਢਲੀ ਪੜ੍ਹਾਈ ਮਿੰਟਗੁੰਮਰੀ ਤੋਂ ਪ੍ਰਾਪਤ ਕਰਨ ਬਾਅਦ ਸੰਨ 1938 ਵਿੱਚ ਰਾਇਲ ਏਅਰ ਫੋਰਸ ਕਾਲਜ ਕਰਾਨਵੈੱਲ ਵਿੱਚ ਦਾਖ਼ਲਾ ਲਿਆ ਤੇ ਦਸੰਬਰ 1939 ਵਿੱਚ ਪਾਇਲਟ ਅਫ਼ਸਰ ਵਜੋਂ ਚੁਣੇ ਗਏ। 1944 ਵਿੱਚ ਅਰਾਕਾਨ ਮੁਹਿੰਮ ਦੌਰਾਨ ਉਨ੍ਹਾਂ ਨੇ ਨੰਬਰ 1 ਸਕੁਐਡਰਨ ਦੀ ਕਮਾਂਡ ਦੀ ਅਗਵਾਈ ਕਰਦਿਆਂ ਪਹਿਲਾ ਸਨਮਾਨ ਡੀਐਫਸੀ ਪ੍ਰਾਪਤ ਕੀਤਾ। ਉਸ ਤੋਂ ਬਾਅਦ ਅਣਗਿਣਤ ਪ੍ਰਾਪਤੀਆਂ ਤੇ ਤਮਗ਼ੇ ਪ੍ਰਾਪਤ ਕਰਨ ਵਾਲੇ ਇਸ ਉੱਚੇ ਲੰਮੇ ਸਰਦਾਰ ਨੇ ਪਹਿਲੀ ਅਗਸਤ 1964 ਤੋਂ ਜੁਲਾਈ 1969 ਤੱਕ ਭਾਰਤੀ ਹਵਾਈ ਫੌਜ ਦੇ ਮੁਖੀ ਵਜੋ ਇਸ ਨੂੰ ਰਣਨੀਤਕ ਤੇ ਨੈਤਿਕ ਪੱਖੋਂ ਬੁਲੰਦੀਆਂ ਤੱਕ ਪਹੁੰਚਾਉਣ ਵਿੱਚ ਇਤਿਹਾਸਕ ਯੋਗਦਾਨ ਪਾਇਆ। ਭਾਰਤੀ ਹਵਾਈ ਸੈਨਾ ਦਾ ਹੋਰ ਕੋਈ ਵੀ ਮੁਖੀ ਏਅਰ ਮਾਰਸ਼ਲ ਅਰਜਨ ਸਿੰਘ ਦੀ ਰਣਨੀਤੀ ਤੇ ਸੁਚੱਜੀ ਅਗਵਾਈ ਦੇਣ ਦੇ ਨੇੜ੍ਹੇ ਨਹੀਂ ਢੁੱਕ ਸਕਿਆ। ਇਸੇ ਲਈ ਸਰਕਾਰ ਨੇ ਆਰਮੀ ਚੀਫ ਦੇ ਚਾਰ-ਸਿਤਾਰਾ ਜਨਰਲ ਦੇ ਬਰਾਬਰ ਦੇ ਰੈਂਕ-ਏਅਰ ਚੀਫ ਮਾਰਸ਼ਲ ਦਾ ਅਹੁਦਾ ਦੇ ਕੇ ਉਨ੍ਹਾਂ ਦਾ ਆਦਰ-ਮਾਣ ਕੀਤਾ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਅਰਜਨ ਸਿੰਘ ਵਲੋਂ ਪੰਜ ਸਿਤਾਰਾ ”ਮਾਰਸ਼ਲ ਆਫ਼ ਏਅਰਜ਼” ਦੇ ਆਨਰੇਰੀ ਅਹੁਦੇ ਨਾਲ ਨਿਵਾਜ ਕੇ ਭਾਰਤੀ ਹਵਾਈ ਸੈਨਾ ਦਾ ਸਥਾਈ ਸਰਦਾਰ ਬਣਾਉਣਾ ਆਪਣੇ ਆਪ ਅਜਿਹਾ ਵੱਡਾ ਸਤਿਕਾਰ ਹੈ, ਜੋ ਕਿਸੇ ਵਿਰਲੇ ਦੇ ਹੀ ਹਿੱਸੇ ਆਉਂਦਾ।
50 ਸਾਲ ਦੀ ਉਮਰੇ ਏਅਰ ਚੀਫ਼ ਮਾਰਸ਼ਲ ਵਜੋਂ ਰਿਟਾਇਰ ਹੋਣ ਬਾਅਦ ਸਰਕਾਰ ਨੇ ਉਨ੍ਹਾਂ ਦੀਆਂ ਸੇਵਾਵਾਂ ਦੇ ਮੱਦੇਨਜ਼ਰ ਪਹਿਲਾਂ ਸਵਿਟਜ਼ਰਲੈਂਡ ਤੇ ਫਿਰ ਕੀਨੀਆ ਵਿੱਚ ਸਫ਼ਾਰਤੀ ਅਹੁਦਿਆਂ ਉੱਤੇ ਨਿਯੁਕਤ ਕੀਤਾ। ਭਾਰਤ ਸਰਕਾਰ ਦੇ ਘੱਟ ਗਿਣਤੀਆਂ ਵਾਲੇ ਕਮਿਸ਼ਨ ਦੇ ਮੈਂਬਰ ਅਤੇ ਫਿਰ ਦਿੱਲੀ ਦੇ ਉਪ ਰਾਜਪਾਲ ਵਜੋਂ ਉਨ੍ਹਾਂ ਨੇ ਕੁਸ਼ਲ ਪ੍ਰਬੰਧਕ ਅਤੇ ਲੋਕ ਪੱਖੀ ਪ੍ਰਸ਼ਾਸਕ ਵਜੋਂ ਆਪਣੀ ਛਾਪ ਛੱਡੀ।
ਫ਼ੌਜੀ ਜੀਵਨ ਤੋਂ ਬਿਨਾਂ ਜਿੱਥੇ ਕਿੱਥੇ ਵੀ ਮੌਕਾ ਮਿਲਿਆ ਜਾਂ ਜੋ ਵੀ ਜ਼ਿੰਮੇਵਾਰੀ ਸੌਂਪੀ ਗਈ, ਅਰਜਨ ਸਿੰਘ ਨੇ ਆਪਣੀ ਨਿਮਰਤਾ, ਸਾਦਗੀ ਤੇ ਕਾਬਲੀਅਤ ਦਾ ਸਿੱਕਾ ਮਨਵਾਇਆ। ਆਮ ਜੀਵਨ ਵਿੱਚ ਉਹ ਬੇਹੱਦ ਮਿਲਣਸਾਰ, ਮਿਠਬੋਲੜੇ ਅਤੇ ਦਿਆਲੂ ਬਿਰਤੀ ਵਾਲੇ ਸਨ। ਉਨ੍ਹਾਂ ਨੇ ਹਰ ਪੜਾਅ ਉੱਤੇ ਮਾਨਵਤਾ ਦੀ ਸੇਵਾ ਨੂੰ ਪਹਿਲ ਦਿੱਤੀ। ਉਨ੍ਹਾਂ ਨੇ ਦਿੱਲੀ ਵਿਚਲਾ ਆਪਣਾ ਕਰੋੜਾਂ ਰੁਪਏ ਦਾ ਫਾਰਮ ਹਾਊਸ ਵੇਚ ਕੇ ਉਸ ਰਕਮ ਨਾਲ ਲੋਕ ਭਲਾਈ ਦਾ ਟਰੱਸਟ ਬਣਾ ਕੇ ਤਿਆਗ ਦੀ ਮਿਸਾਲ ਪੈਦਾ ਕੀਤੀ। ਅਜਿਹੇ ਬੇਦਾਗ਼, ਨਿਮਰ ਤੇ ਸੂਝਵਾਨ ਮਨੁੱਖ ਵਿਰਲੇ ਹੋਣ ਸਦਕਾ ਮਹਾਂਪੁਰਸ਼ ਦੇ ਰੁਤਬੇ ਦੇ ਹਾਣ ਦੇ ਹੁੰਦੇ ਹਨ।
ਬੇਸ਼ੱਕ ਇਤਿਹਾਸ ਬੜੇ ਵੱਡੇ ਤੇ ਮਹਾਨ ਸਿੱਖ ਸ਼ਾਸ਼ਕਾਂ, ਜੇਤੂ ਜਰਨੈਲਾਂ, ਯੋਧਿਆਂ ਅਤੇ ਉਘੀਆਂ ਸਖ਼ਸ਼ੀਅਤਾਂ ਦੀਆਂ ਪ੍ਰਾਪਤੀਆਂ ਨਾਲ ਭਰਿਆ ਪਿਆ ਹੈ ਪਰ ਸਰਦਾਰ ਅਰਜਨ ਸਿੰਘ ਨੇ ਸਿੱਖ ਵਜੋਂ ਜਿਸ ਆਨ ਤੇ ਸ਼ਾਨ ਨਾਲ ਆਪਣੇ ਹੋਣ ਅਤੇ ਜਿਉਣ ਦਾ ਅਹਿਸਾਸ ਕਰਵਾਇਆ, ਉਹ ਮੌਜੂਦਾ ਸਮਿਆਂ ਵਿੱਚ ਸਮੁੱਚੀ ਸਿੱਖ ਕੌਮ ਲਈ ਸਿਰ ਉੱਚਾ ਕਰਕੇ ਚੱਲਣ ਵਾਲਾ ਕਰਮ ਹੈ।