ਸ਼ਰਮ ਜਿਨ ਕੋ ਮਗਰ ਨਹੀਂ ਆਤੀ …

0
69

kartarpur_corridor

ਕਰਤਾਰਪੁਰ ਕੋਰੀਡੋਰ ਦਾ ਉਦਘਾਟਨੀ ਸਮਾਗਮ

ਮਨਜੀਤ ਸਿੰਘ ਟਿਵਾਣਾ

ਪਾਕਿਸਤਾਨੀ ਪੰਜਾਬ ਵਿਚਲੇ ਸਿੱਖ ਗੁਰਧਾਮਾਂ ਦੀ ਸੇਵਾ-ਸੰਭਾਲ ਤੇ ਖੁੱਲ੍ਹੇ ਦਰਸ਼ਨ-ਦੀਦਾਰ ਕਰਨ ਦੀ ਸਿੱਖਾਂ ਦੀ ਤਮੰਨਾ ਬਹੁਤ ਪੁਰਾਣੀ ਹੈ। ਸਿੱਖ ਦੀ ਅਰਦਾਸ ਵਿਚ ਹਰ ਰੋਜ਼ ਪੰਥ ਤੋਂ ਦੂਰ ਹੋ ਗਏ ਗੁਰਧਾਮਾਂ ਦੀ ਪਵਿੱਤਰ ਯਾਦ ਦਾ ਹੇਰਵਾ ਪ੍ਰਗਟ ਹੁੰਦਾ ਹੈ ਤੇ ਇਹ ਆਸ ਵੀ ਪ੍ਰਗਟ ਹੁੰਦੀ ਹੈ ਕਿ ਇਕ-ਨਾ-ਇਕ ਦਿਨ ਸਿੱਖ-ਪੰਥ ਦੀ ਅਰਜ਼ੋਈ ਗੁਰੂ ਵੱਲੋਂ ਜ਼ਰੂਰ ਸੁਣੀ ਜਾਵੇਗੀ। ਅਜਿਹੀ ਹੀ ਇਕ ਬੇਨਤੀ ਤਾਂ ਸਤਿਗੁਰੂ ਨੇ ਸੁਣ ਵੀ ਲਈ ਹੈ। ਸਿੱਖ ਕੌਮ ਨੇ ਲੰਮੇ ਸੰਘਰਸ਼ ਤੋਂ ਬਾਅਦ ਆਖਰ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮਾਮਲਾ ਲਗਭੱਗ ਹੱਲ ਕਰਵਾ ਲਿਆ ਹੈ। ਕਰਤਾਰਪੁਰ ਸਾਹਿਬ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਹੈ, ਜਿਥੇ ਗੁਰੂ ਪਾਤਸ਼ਾਹ ਨੇ ਆਪਣੇ ਜੀਵਨ ਦਾ ਅਖ਼ਰੀਲਾ ਸਮਾਂ ਬਿਤਾਇਆ ਸੀ।
ਭਾਰਤ ਤੇ ਪਾਕਿਸਤਾਨ, ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਤੇ ਸਿਆਸਤਦਾਨਾਂ ਨੇ ਭਾਵੇਂ ਆਪੋ-ਆਪਣੇ ਨਿੱਜੀ ਤੇ ਸਿਆਸੀ ਮੁਨਾਫ਼ੇ ਲਈ ਹੀ ਸਹੀ, ਫਿਲਹਾਲ ਇਸ ਲਾਂਘੇ ਲਈ ਹਰੀ ਝੰਡੀ ਦੇ ਦਿੱਤੀ ਹੈ।
ਇਸ ਸਭ ਦੇ ਬਾਵਜੂਦ ਦੋਵਾਂ ਪਾਸਿਆਂ ਦੀਆਂ ਸਰਕਾਰਾਂ ਤੇ ਰਾਜਨੇਤਾਵਾਂ ਦੀ ਇਸ ਮਾਮਲੇ ਉਤੇ ਖੇਡੀ ਜਾ ਰਹੀ ਹੋਛੀ ਰਾਜਨੀਤੀ ਕੁਝ ਡਰ ਤੇ ਸ਼ੱਕ ਦਾ ਮਾਹੌਲ ਵੀ ਬਰਾਬਰ ਸਿਰਜ ਰਹੀ ਹੈ। ਦੋਵੇਂ ਪਾਸਿਆਂ ਦੇ ਕਈ ਪੰਜਾਬ ਤੇ ਪੰਥ ਦਰਦੀਆਂ ਦੇ ਮਨਾਂ ਵਿਚ ਇਹ ਤੌਖਲੇ ਵੀ ਨਾਲ-ਨਾਲ ਸਫਰ ਕਰ ਰਹੇ ਹਨ, ਕਿ ਕਿਤੇ ਬਣੀ-ਬਣਾਈ ਗੱਲ ਫਿਰ ਤਾਂ ਨਹੀਂ ਵਿਗਾੜ ਦਿੱਤੀ ਜਾਵੇਗੀ। ਇੱਕ-ਦੂਜੇ ਤੋਂ ਬਾਜ਼ੀ ਮਾਰਨ ਲਈ ਕਾਹਲੀਆਂ ਧਿਰਾਂ, ਲਾਂਘੇ ਦਾ ਸਿਹਰਾ ਆਪੋ-ਆਪਣੇ ਸਿਰ ਬੰਨ੍ਹਣ ਲਈ ਕੁਫ਼ਰ ਤੋਲਣ ਲੱਗੀਆਂ ਹੋਈਆਂ ਹਨ।
ਕਰਤਾਰਪੁਰ ਸਾਹਿਬ ਲਾਂਘੇ ਦੇ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਵਿਖੇ ਨੀਂਹ ਪੱਥਰ ਸਮਾਗਮ ਦੌਰਾਨ ਜੋ ਖਿੱਲੀ ਸਾਡੀ ਸਿਆਸਤ ਦੀ ਉਡੀ ਹੈ, ਉਸ ਨੇ ਸਾਡੇ ਆਗੂਆਂ ਦੀ ਅਕਲ ਦਾ ਜਨਾਜ਼ਾ ਕੱਢਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਵਰਤਾਰੇ ਨੇ ਸਿੱਖ ਭਾਈਚਾਰੇ ਤੇ ਦੋਵੇਂ ਦੇਸ਼ਾਂ ਵਿਚ ਵਸਦੇ ਪੰਜਾਬ ਹਿਤੈਸ਼ੀਆਂ ਨੂੰ ਨਿਰਾਸ਼ ਕੀਤਾ ਹੈ। ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਉਣ ਦੀਆਂ ਡੀਂਗਾਂ ਮਾਰਨ ਵਾਲ਼ਿਆਂ ਨੇ ਆਪਣੀ ਅਸਲੀਅਤ ਪੂਰੇ ਵਿਸ਼ਵ ਨੂੰ ਦਿਖਾ ਦਿੱਤੀ ਹੈ। ਜ਼ਾਹਰ ਹੋ ਗਿਆ ਹੈ ਕਿ ਗੁਰੂ-ਬਾਬੇ ਦੇ 550ਵੇਂ ਪ੍ਰਕਾਸ਼ ਪੁਰਬ ਦੀ ਆੜ ਵਿਚ ਇਹ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਕਿਸ ਕਦਰ ਕਾਹਲੇ ਹਨ। ਸਟੇਜ ਉਤੇ ਅਤੇ ਬਾਹਰ ਇਨ੍ਹਾਂ ਦੀ ”ਕੁੱਕੜ-ਖੇਹ” ਦੇਖ ਕੇ ਇਹੋ ਕਿਹਾ ਜਾ ਸਕਦਾ ਹੈ ਕਿ ਇਹ ਸਮਾਗਮ ਗੁਰੂ ਨਾਨਕ ਦੇ ਮਿਸ਼ਨ ਤੋਂ ਭਟਕੇ ਹੋਏ ਲੋਕਾਂ ਦੇ ਹਜੂਮ ਦਾ ਸਿਆਸਤ ਤੋਂ ਪ੍ਰੇਰਿਤ ਇਕ ਸਟੰਟ ਸੀ, ਗੁਰੂ ਦੀ ਸੰਗਤ ਤਾਂ ਵਿਚਾਰੀ ਕਿਤੇ ਨੁੱਕਰ ਵਿਚ ਲੱਗੀ ਇਨ੍ਹਾਂ ਦੀਆਂ ਕਰਤੂਤਾਂ ਉਤੇ ਹੰਝੂ ਵਹਾ ਰਹੀ ਸੀ। ਗੁਰੂ ਨਾਨਕ ਸਾਹਿਬ ਦੇ ਸਰਬ-ਸਾਂਝੀਵਾਲਤਾ ਦੇ ਰੱਬੀ ਸੰਦੇਸ਼ ਦੀ ਗੱਲ ਤਾਂ ਦੂਰ, ਇਸ ਸਮਾਗਮ ਨੂੰ ਆਪਣੇ ਸਿਆਸੀ ਵਿਰੋਧੀਆਂ ਨੂੰ ਭੰਡਣ ਵਾਸਤੇ ਇਕ ਸਿਆਸੀ ਰੈਲੀ ਵਾਂਗ ਵਰਤਿਆ ਜਾ ਰਿਹਾ ਸੀ।

ਪੰਜਾਬ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰ ਕੁਰਸੀ ਉਤੇ ਬਿਰਾਜਮਾਨ ਸ਼ਖਸ ਅਮਰਿੰਦਰ ਸਿੰਘ ਨੇ ਬਹੁਤ ਹੀ ਗੈਰ-ਜ਼ਿੰਮੇਵਾਰਾਨਾ ਭਾਸ਼ਣ ਦਿੱਤਾ। ਉਹਨਾਂ ਨੇ ਪਾਕਿਸਤਾਨ ਵਿਰੁੱਧ ਜੋ ਕੁਝ ਬੋਲਿਆ, ਇਸ ਮੌਕੇ ਅਜਿਹਾ ਕੁਝ ਕਹਿਣ ਦੀ ਕੋਈ ਜ਼ਰੂਰਤ ਹੀ ਨਹੀਂ ਸੀ। ਪਹਿਲੀ ਗੱਲ ਤਾਂ ਸਾਨੂੰ ਇਸ ਲਾਂਘੇ ਲਈ ਗੁਆਂਢੀ ਮੁਲਕ ਪਾਕਿਸਤਾਨ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ ਕਿ ਉਸ ਨੇ ਵੱਡਾ ਦਿਲ ਦਿਖਾਉਂਦਿਆਂ ਸਿੱਖ ਕੌਮ ਤੇ ਸਮੁੱਚੇ ਪੰਜਾਬੀਆਂ ਦੀ ਦਿਲ ਦੀ ਰੀਝ ਪੂਰੀ ਕਰਨ ਵਿਚ ਭੋਰਾ ਵੀ ਹਿਚਕਚਾਹਟ ਨਹੀਂ ਦਿਖਾਈ। ਸਚਾਈ ਤਾਂ ਇਹ ਵੀ ਹੈ ਕਿ ਜੇ ਪਾਕਿਸਤਾਨ ਸਰਕਾਰ ਇੰਨਾ ਹੁੰਗਾਰਾ ਨਾ ਭਰਦੀ ਤਾਂ ਸ਼ਾਇਦ ਹਿੰਦੂਸਤਾਨ ਦੀ ਹਕੂਮਤ ਕਿੰਨਾ ਹੋਰ ਸਮਾਂ ਇਸ ਬਾਰੇ ਕੋਈ ਫੈਸਲਾ ਕਰਨ ਵਿਚ ਲੰਘਾ ਦਿੰਦੀ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਕ ਸਿੱਖ ਹੋਣ ਦੇ ਨਾਤੇ ਤੇ ਇਕ ਜ਼ਿੰਮੇਵਾਰ ਅਹੁਦੇ ਉਤੇ ਬੈਠੇ ਹੋਣ ਦੇ ਬਾਵਜੂਦ ਬਹੁਤ ਹੀ ਨੀਵੇਂ ਪੱਧਰ ਦੀ ਬਿਆਨਬਾਜ਼ੀ ਕੀਤੀ ਹੈ। ਦੂਜੇ ਪਾਸੇ ਦੇਸ਼ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਕੈਪਟਨ ਅਮਰਿੰਦਰ ਸਿੰਘ ਦੁਆਰਾ ਪਾਕਿਸਤਾਨ ਵਿਰੁੱਧ ਬੋਲਣ ਦੀ ਤਾਰੀਫ ਕਰ ਗਏ। ਆਪਣੇ ਪਿਤਰੀ ਭਾਜਪਾ ਪ੍ਰੇਮ ਵਿਚ ਉਨ੍ਹਾਂ ਨੂੰ ਇਹ ਵੀ ਭੁੱਲ ਗਿਆ ਕਿ ਉਹ ਹੁਣ ਦੇਸ਼ ਦੇ ਉਪ ਰਾਸ਼ਟਰਪਤੀ ਹਨ। ਸਵਾਲ ਖੜ੍ਹਾ ਹੁੰਦਾ ਹੈ ਕਿ ਆਖਰ ਉਹ ਕਿਸ ਮਕਸਦ ਲਈ ਇਥੇ ਆਏ ਸਨ।
ਬਾਦਲ ਪਰਿਵਾਰ ਦੀ ਨੂੰਹ ਬੀਬਾ ਹਰਸਿਮਰਤ ਕੌਰ ਨੇ ਵੀ ਚੰਗਾ ”ਗੁੱਲ ਖਿਲਾਇਆ”। ਕਰਤਾਰ ਸਾਹਿਬ ਦੇ ਲਾਂਘੇ ਦਾ ਸਿਹਰਾ ਤਾਂ ਇਤਿਹਾਸ ਨੇ ਇਸ ਦੇ ਅਸਲ ਹੱਕਦਾਰਾਂ ਦੇ ਸਿਰ ਬੰਨ੍ਹ ਹੀ ਦੇਣਾ ਹੈ ਪਰ ਗਲੀ-ਮੁਹੱਲੇ ਦੀ ਬਹੁਤ ਹੀ ਨੀਵੇਂ ਪੱਧਰ ਦੀ ਮਿਹਣੋਂ-ਮਿਹਣੀਂ ਕਰਨ ਦੀ ਮੁਹਾਰਤ ਦਾ ਸਿਹਰਾ ਇਸ ਬੀਬਾ ਦੇ ਸਿਰ ਜ਼ਰੂਰ ਬੱਝਦਾ ਹੈ। ਵਿਰੋਧੀਆਂ ਨੂੰ ਭੰਡਣ ਤੇ ਲਾਂਘੇ ਦਾ ਸਿਹਰਾ ਲੈਣ ਲਈ ਇਹ ਬੀਬਾ ਇੰਨੀ ਉਤੇਜਿਤ ਸੀ ਕਿ ਆਪਣੇ ਭਾਸ਼ਨ ਦੇ ਸ਼ੁਰੂ ਵਿਚ ਹੀ ਗੁਰਬਾਣੀ ਦਾ ਗਲਤ ਉਚਾਰਨ ਕਰਕੇ ਪੂਰੇ ਵਿਸ਼ਵ ਨੂੰ ਆਪਣੇ ਗਿਆਨ ਦੇ ਦਰਸ਼ਨ ਵੀ ਕਰਵਾ ਦਿੱਤੇ। ਸਭ ਨੂੰ ਇਹ ਦੱਸ ਦਿੱਤਾ ਕਿ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਪਾਰਟੀ ਦੀ ਆਗੂ ਕਿੰਨੀ-ਕੁ ਪੰਥਕ ਤੇ ਗੁਰਬਾਣੀ ਦੇ ਲ਼ੜ ਲੱਗੀ ਹੋਈ ਹੈ।
ਰਹਿੰਦੀ ਕਸਰ ਬਿਕਰਮ ਮਜੀਠੀਆ ਤੇ ਉਸ ਦੇ ”ਗੁੱਲੂ-ਗੈਂਗ” ਵੱਲੋਂ ਕੀਤੀ ਗਈ ਨਾਹਰੇਬਾਜ਼ੀ ਨੇ ਪੂਰੀ ਕਰ ਦਿੱਤੀ। ਇਹ ਲੋਕ ਆਪਣੀਆਂ ਸਿਆਸੀ ਰੋਟੀਆ ਸੇਕਣ ਵਾਸਤੇ ਕਿਸ ਹੱਦ ਤਕ ਗਿਰ ਸਕਦੇ ਹਨ, ਲੋਕਾਂ ਨੂੰ ਬਾਖੂਬੀ ਖੁਦ ਹੀ ਦੱਸ ਰਹੇ ਹਨ। ਦੂਜੇ ਕਾਂਗਰਸੀ ਆਗੂ ਵੀ ਗੱਲ-ਗੱਲ ‘ਤੇ ਆਪਾ ਖੋ ਜਾਂਦੇ ਦਿਖਾਈ ਦਿੱਤੇ। ਇਕ ਦੂਜੇ ਉਤੇ ਸੁੱਟੇ ਗਏ ਅਲਫਾਜ਼ੀ-ਚਿੱਕੜ ਨੇ ਇਸ ਮਹਾਨ ਸਮਾਗਮ ਦਾ ਰੰਗ ਫਿੱਕਾ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ।
ਇਸ ਮੁਬਾਰਕ ਮੌਕੇ ਉਤੇ ਸਰਹੱਦ ਉਤੇ ਇਕ ਚੰਗੀ ਸ਼ੁਰੂਆਤ ਦਾ ਦਿਨ ਸੀ। ਸਿਆਸਤਦਾਨਾਂ ਦੀਆਂ ਇਨ੍ਹਾਂ ਹੋਛੀਆਂ ਹਰਕਤਾਂ ਨੇ ਹਰ ਪੰਜਾਬ ਤੇ ਦੇਸ਼ ਦਾ ਭਲਾ ਚਾਹੁਣ ਵਾਲੇ ਤੇ ਆਮ ਸਿੱਖਾਂ ਦੇ ਹਿਰਦਿਆਂ ਨੂੰ ਦੁਖ ਪਹੰਚਾਇਆ ਹੈ। ਹੁਣ ਜਦੋਂ ਸਾਰੀਆਂ ਸਬੰਧਤ ਧਿਰਾਂ ਇਸ ਲਾਂਘੇ ਲਈ ਰਜ਼ਾਮੰਦ ਹੋ ਗਈਆਂ ਹਨ, ਤਾਂ ਪੰਜਾਬ ਅਤੇ ਪੰਥ ਨੂੰ ਅਜਿਹੇ ਸਿਆਸਤਦਾਨਾਂ ਤੋਂ ਬਹੁਤ ਹੀ ਸੁਚੇਤ ਰਹਿਣ ਦੀ ਲੋੜ ਹੈ, ਜੋ ਬਣੀ ਬਣਾਈ ਗੱਲ ਵਿਗਾੜਨ ਲਈ ਤਰਲੋਮੱਛੀ ਹੋ ਰਹੇ ਹਨ। ਪੰਜਾਬ ਦੇ ਸਿੱਖਾਂ ਨੇ ਇਹ ਫੈਸਲਾ ਵੀ ਕਰਨਾ ਹੈ ਕਿ ਉਹ ਆਪਣੀ ਰਾਜਸੀ ਤਕਦੀਰ ਘੜਨ ਦਾ ਕੰਮ ਕਿਹੋ ਜਿਹੇ ਲੋਕਾਂ ਦੇ ਹਵਾਲੇ ਕਰਦੇ ਆ ਰਹੇ ਹਨ।