ਸਿੱਖਾਂ ਪ੍ਰਤੀ ਮੀਡੀਆ-ਪੱਖਪਾਤ ਦਾ ਕੌੜਾ ਸੱਚ

0
79

indian-media

ਮਹਿਮਾਨ ਸੰਪਾਦਕੀ
ਪਰਮਜੀਤ ਸਿੰਘ

ਇਸ ਗੱਲ ਦੇ ਪੁਖਤਾ ਬਿਰਤਾਂਤ, ਤੱਥ ਤੇ ਵੇਰਵੇ ਸਾਹਮਣੇ ਆ ਚੁੱਕੇ ਹਨ ਕਿ ਕਿੰਝ ਭਾਰਤੀ ਮੀਡੀਆ ਦੇ ਇਕ ਹਿੱਸੇ ਵੱਲੋਂ ਸਿੱਖਾਂ ਵਿਰੁੱਧ ਮਿੱਥ ਕੇ ਗਲਤ ਧਾਰਨਾਵਾਂ ਨੂੰ ਪ੍ਰਚਲਤ ਕੀਤਾ ਜਾ ਰਿਹਾ ਹੈ। ‘ਜੂਨ 1984 ਦੀ ਪੱਤਰਕਾਰੀ’ ਅਤੇ ‘ਅਮਬੈਡਿਡ ਜਰਨਲਿਜ਼ਮ – ਮੀਡੀਆ ਪਰੌਜੈਕਸ਼ਨ ਆਫ ਸਿੱਖਸ ਐਜ਼ ਡੀਮਨਸ’ ਘੱਟੋ-ਘੱਟ ਅਜਿਹੀਆਂ ਦੋ ਕਿਤਾਬਾਂ ਹਨ, ਜਿਹੜੀਆਂ ਭਾਰਤੀ ਮੀਡੀਆ ਦੀ ਨਿਰਪੱਖਤਾ ਦੇ ਭਰਮ ਨੂੰ ਚਕਨਾਚੂਰ ਕਰਦੀਆਂ ਹਨ। ਇਹਨਾਂ ਕਿਤਾਬਾਂ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਮੀਡੀਆ ਨੇ ਮਨਘੜਤ ਤੋਂ ਲੈ ਕੇ ਭੁਲੇਖਾ ਪਾਊ ਅਤੇ ਝੂਠੀਆਂ ਤੋਂ ਲੈ ਕੇ ਪੱਖਪਾਤੀ ਤਕ ਖਬਰਾਂ ਲਾਈਆਂ ਤੇ ਸਿੱਖਾਂ ਵਿਰੁੱਧ ਨਾਕਾਰਤਮਕ ਵਿਚਾਰ ਸਮਾਜ ਵਿਚ ਫੈਲਾਏ।
ਅੱਜ ਦੇ ਮਾਹੌਲ ਵਿਚ ਫਿਰ ਉਹੀ ਸਾਰਾ ਕੁਝ ਮੁੜ ਵਾਪਰਦਾ ਨਜ਼ਰ ਆ ਰਿਹਾ ਹੈ। ਬੀਤੇ ਦਿਨੀਂ ਭਾਰਤੀ ਫੌਜ ਮੁਖੀ ਨੇ ‘ਪੰਜਾਬ ਵਿਚ ਅਗੇਤੀ ਕਾਰਵਾਈ’ ਕਰਨ ਦੀ ਕਥਿਤ ਲੋੜ ਬਾਰੇ ਦਿੱਤੇ ਬਿਆਨ ਨੂੰ ਮੀਡੀਆ ਵੱਲੋਂ ਵਧਵੇਂ ਤੌਰ ਉਤੇ ਚੁੱਕਿਆ ਜਾ ਰਿਹਾ ਹੈ। ਗੱਲ ਸਿਰਫ ਇੱਥੋਂ ਤਕ ਹੀ ਸੀਮਤ ਨਹੀਂ ਹੈ ਕਿ ਮੀਡੀਆ ਸਰਕਾਰ, ਪੁਲਿਸ, ਖੂਫੀਆ ਏਜੰਸੀਆਂ ਜਾਂ ਫੌਜ ਮੁਖੀ ਵਗੈਰਾ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਨੂੰ ਪਾਰਖੂ ਅੱਖ ਨਾਲ ਨਹੀਂ ਵੇਖਦਾ ਜਾਂ ਮਹਿਜ਼ ਅੱਖਾਂ ਬੰਦ ਕਰਕੇ ਉਸ ਨੂੰ ਦੁਹਰਾਉਣ ਲੱਗ ਜਾਂਦਾ ਹੈ, ਬਲਕਿ ਮੀਡੀਆ ਵੱਲੋਂ ਇਸ ਤੋਂ ਵੀ ਅਗਾਂਹ ਖਬਰਾਂ ਨੂੰ ਅਜਿਹੇ ਭੁਲੇਖਾ ਪਾਊ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਕਿ ਜਿਸ ਨਾਲ ਅਸਿੱਧੇ ਤੌਰ ਉੱਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ।
ਇਸ ਦੀ ਇਕ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋਂ ਬੀਬੀਸੀ. ਪੰਜਾਬੀ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਅਦਲੀਵਾਲ (ਨੇੜੇ ਰਾਜਾਸਾਂਸੀ) ਵਿਖੇ ਨਿਰੰਕਾਰੀ ਭਵਨ ਵਿਚ ਹੋਏ ਧਮਾਕੇ, ਜਿਸ ਬਾਰੇ ਇਹ ਜਾਣਕਾਰੀ ਸਾਹਮਣੇ ਆਈ ਕਿ ਮੋਟਰਸਾਇਕਲ ਸਵਾਰ ਦੋ ਜਣਿਆਂ, ਨੇ ਹੱਥ ਗੋਲਾ ਸੁੱਟ ਕੇ ਇਹ ਹਮਲਾ ਕੀਤਾ ਸੀ, ਤੋਂ ਬਾਅਦ ਨਿਰੰਕਾਰੀ ਮੰਡਲ ਬਾਰੇ ਲਿਖਤ ਛਾਪੀ। ਇਸ ਦੀ ਆਪਣੇ ਫੇਸਬੁੱਕ ਪੰਨੇ ਉਤੇ ਜਾਣ-ਪਛਾਣ ਦੇ ਤੌਰ ਉਤੇ ਇਹ ਸਤਰਾਂ ਸ਼ਾਮਲ ਕੀਤੀਆਂ ਗਈਆਂ ਕਿ ਸੰਨ 1978 ਦੀ ਵਿਸਾਖੀ ਤੋਂ ਚਲਿਆ ਆ ਰਿਹਾ ਸਿੱਖ ਤੇ ਨਿਰੰਕਾਰੀਆਂ ਦਾ ਪਾੜਾ ਮੁੜ ਕੇ ਖ਼ਤਮ ਨਹੀਂ ਹੋਇਆ। ਜਦਕਿ ਕਾਫੀ ਸਮੇਂ ਤੋਂ ਦੋਹਾਂ ਭਾਈਚਾਰਿਆਂ ਵੱਲੋਂ ਸੰਜਮ ਤੋਂ ਕੰਮ ਲਿਆ ਗਿਆ ਤੇ ਕਿਸੇ ਤਰ੍ਹਾਂ ਦਾ ਕੋਈ ਲੜਾਈ-ਝਗੜਾ ਵੀ ਨਹੀਂ ਹੋਇਆ।
ਜਦੋਂ ਬੀਬੀਸੀ ਦੀ ਇਹ ਟਿੱਪਣੀ ਸੁਹਿਰਦ ਪਾਠਕਾਂ ਦੀ ਨਜ਼ਰੀਂ ਪਈ ਤਾਂ ਉਹਨਾਂ ਇਸ ਦਾ ਭਰਵਾਂ ਵਿਰੋਧ ਕੀਤਾ। ਪਾਠਕਾਂ ਨੇ ਕਿਹਾ ਕਿ ਇੱਥੇ ਬੀਬੀਸੀ. ਬਿਨਾ ਕਿਸੇ ਬਿਨਾਅ ਦੇ ਆਮ ਪਾਠਕ ਦੇ ਮਨ ਵਿਚ ਇਹ ਗੱਲ ਬਿਠਾਉਣੀ ਚਾਹ ਰਿਹਾ ਹੈ ਕਿ ਇਸ ਹਮਲੇ ਪਿੱਛੇ ਸਿੱਖਾਂ ਦਾ ਹੱਥ ਹੈ।
ਇੱਥੇ ਮਸਲਾ ਸਿੱਧੀ ਗਲਤ ਬਿਆਨੀ ਦਾ ਨਹੀਂ ਸੀ ਬਲਕਿ ਪੇਸ਼ਕਾਰੀ ਦੇ ਟੇਢ ਦਾ ਸੀ, ਜਿਸ ਉੱਤੇ ਸੁਹਿਰਦ ਪਾਠਕਾਂ ਨੇ ਡਟਵਾਂ ਵਿਰੋਧ ਕੀਤਾ। ਇਸ ਤੋਂ ਬਾਅਦ ਬੀਬੀਸੀ. ਪੰਜਾਬੀ ਨੇ ਖਬਰ ਦੀ ਜਾਣ-ਪਛਾਣ ਵਿਚ ਲਿਖੀ ਉਕਤ ਸਤਰ ਨੂੰ ਬਦਲ ਦਿੱਤਾ। ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਇਸ ਧਮਾਕੇ ਦੀ, ਜੋ ਮੁੱਢਲੀ ਪੁਲਿਸ ਜਾਂਚ ਹੋਈ ਹੈ, ਉਸ ਵਿਚ ਇਹ ਨਹੀਂ ਆਇਆ ਕਿ ਇਹ ਕਾਰਵਾਈ ਪੁਰਾਣੇ ਵਿਵਾਦ ਜਾਂ ਸਿੱਖਾਂ ਤੇ ਨਿਰੰਕਾਰੀਆਂ ਦੇ ਟਕਰਾਅ ਕਰਕੇ ਹੋਈ ਹੋਵੇ।
ਗੱਲ ਸਿਰਫ ਬੀਬੀਸੀ. ਪੰਜਾਬੀ ਤਕ ਸੀਮਤ ਨਹੀਂ ਹੈ, ਜੇਕਰ ਅਜਿਹਾ ਹੁੰਦਾ ਤਾਂ ਸ਼ਾਇਦ ਕੁਝ ਬਚਾਅ ਰਹਿ ਜਾਂਦਾ ਕਿਉਂਕਿ ਜੋ ਪੱਤਰਕਾਰੀ ਖਬਰਾਂ ਵਾਲੇ ਕਹੇ ਜਾਂਦੇ ਟੀਵੀ. ਚੈਨਲਾਂ ਉਤੇ ਹੋਈ ਹੈ, ਉਸ ਨੇ ਤਾਂ ਨਿਵਾਣ ਦੀ ਹਰ ਹੱਦ ਪਾਰ ਕਰ ਦਿੱਤੀ ਹੈ। ਨੈਟਵਰਕ-18 ਦੇ ਪੰਜਾਬੀ ਚੈਨਲ ਨਿਊਜ਼-18 ਪੰਜਾਬ ਵੱਲੋਂ ਸਿੱਖ ਦਿੱਖ ਵਾਲੀਆਂ  ਤਸਵੀਰਾਂ ਨੂੰ ਇਹ ਕਹਿ ਕੇ ਸਾਰਾ ਦਿਨ ਵਾਰ-ਵਾਰ ਵਿਖਾਇਆ ਗਿਆ ਕਿ ਇਹ ਧਮਾਕਾ ਕਰਨ ਵਾਲੇ ਸ਼ੱਕੀਆਂ ਦੇ ਹੁਲੀਏ ਦੇ ਨਕਸ਼ ਹਨ। ਹਾਲਾਂਕਿ ਉਹ ਤਸਵੀਰਾਂ ਕਿਸੇ ਬੰਨ੍ਹਿਓਂ ਵੀ ਨਕਸ਼ (ਸਕੈਚ) ਨਹੀਂ ਸਨ ਬਲਕਿ ਅਸਲ ਤਸਵੀਰਾਂ ਵਰਗੀਆਂ ਸਨ। ਬਾਅਦ ਵਿਚ ਪਤਾ ਲੱਗਾ ਕਿ ਅਸਲ ਵਿਚ ਅਜਿਹੀਆਂ ਕੋਈ ਵੀ ਤਸਵੀਰਾਂ ਜਾਂ ਸ਼ੱਕੀਆਂ ਦੇ ਨਕਸ਼ ਜਾਰੀ ਹੀ ਨਹੀਂ ਸਨ ਕੀਤੇ ਗਏ। ਪੰਜਾਬ ਦੇ ਮੁੱਖ ਮੰਤਰੀ ਨੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਸਾਫ ਕਿਹਾ ਕਿ ਜਦੋਂ ਇਸ ਘਟਨਾ ਵਿਚ ਸ਼ਾਮਲ ਦੋਵਾਂ ਜਣਿਆਂ ਨੇ ਮੂੰਹ ਢਕੇ ਹੋਏ ਸਨ, ਤਾਂ ਉਹਨਾਂ ਦੇ ਹੁਲੀਏ ਦੇ ਨਕਸ਼ ਜਾਰੀ ਕਰਨ ਲਈ ਕੀ ਗੁੰਜਾਇਸ਼ ਬਾਕੀ ਰਹਿ ਜਾਂਦੀ ਹੈ।
ਟੀਵੀ. ਚੈਨਲਾਂ ਨਿਊਜ਼-18 ਪੰਜਾਬ, ਜ਼ੀ-ਨਿਊਜ਼, ਨਿਊਜ਼ ਐਕਸ ਆਦਿ ਵੱਲੋਂ ਇਕ ਸੀਸੀਟੀਵੀ ਦੇ ਕੁਝ ਦ੍ਰਿਸ਼ ਵਾਰ-ਵਾਰ ਵਿਖਾਏ ਗਏ ਜਿਹਨਾਂ ਵਿਚ ਦੋ ਮੋਟਰਸਾਇਕਲ ਸਵਾਰ ਵਿਖਾਈ ਦੇ ਰਹੇ ਹਨ। ਇਹ ਦ੍ਰਿਸ਼ ਵੀ ਉਕਤ ਹੁਲੀਏ ਵਾਲੀਆਂ ਤਸਵੀਰਾਂ ਵਾਂਙ ਮੀਡੀਆ ਦੀ ਹੀ ਕਾਢ ਸੀ ਅਤੇ ਅਜਿਹੇ ਕੋਈ ਦ੍ਰਿਸ਼ ਪੁਲਿਸ ਵੱਲੋਂ ਜਾਰੀ ਹੀ ਨਹੀਂ ਸਨ ਕੀਤੇ ਗਏ।
ਨਿਊਜ਼ ਐਕਸ ਅੰਗਰੇਜ਼ੀ ਚੈਨਲ ਨੇ ਤਾਂ ਨਿਵਾਣ ਦੀਆਂ ਸਭ ਹੱਦਾਂ ਪਾਰ ਕਰਦਿਆਂ ਅੰਮ੍ਰਿਤਸਰ ਨੇੜੇ ਵਾਪਰੇ ਇਸ ਧਮਾਕੇ ਬਾਰੇ ਖਬਰ (ਹਾਲਾਂਕਿ ਉਸ ਪ੍ਰਚਾਰ ਨੂੰ ਕਿਸੇ ਵੀ ਮਿਆਰ ਤੋਂ ਖਬਰ ਨਹੀਂ ਕਿਹਾ ਜਾ ਸਕਦਾ) ਪੇਸ਼ ਕਰਦਿਆਂ ਬਿਨਾ ਸਬੂਤ ਜਾਂ ਦਲੀਲ ਦੇ ਦੂਸਣਬਾਜ਼ੀ ਦਾ ਹੜ੍ਹ ਹੀ ਲੈ ਆਂਦਾ। ਇਸ ਚੈਨਲ ਨੇ ਕਨੇਡਾ ਦੇ ਸਿੱਖ ਮੰਤਰੀ ਅਮਰਜੀਤ ਸਿੰਘ ਸੋਹੀ, ਕਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਇੰਗਲੈਂਡ ਤੋਂ ਸਿੱਖ ਐਮਪੀ. ਤਨਮਨਜੀਤ ਸਿੰਘ ਢੇਸੀ ਅਤੇ ਪ੍ਰੀਤ ਕੌਰ ਗਿੱਲ, ਬਰਤਾਨੀਆ ਦੇ ਹਾਊਸ ਆਫ ਲਾਰਡਜ਼ ਦੇ ਮੈਂਬਰ ਲਾਰਡ ਨਜ਼ੀਰ ਅਹਿਮਦ ਅਤੇ ਸਿੱਖ ਫੈਡਰੇਸ਼ਨ ਯੂਕੇ. ਦੇ ਨਾਵਾਂ ਦਾ ਜ਼ਿਕਰ ਕਰਦਿਆਂ ਪੰਜਾਬ ਵਿਚ ਵਾਪਰ ਰਹੀਆਂ ਘਟਨਾਵਾਂ ਲਈ ਉਹਨਾਂ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਪੰਜਾਬ ਪੁਲਿਸ ਵੱਲੋਂ ਬੀਤੇ ਸਾਲ ਗ੍ਰਿਫਤਾਰ ਕੀਤੇ ਗਏ ਬਰਤਾਨਵੀ ਸਿੱਖ ਨੌਜਵਾਨ, ਜਿਸ ਖਿਲਾਫ ਹਾਲਾਂ ਮੁਕੱਦਮਿਆਂ ਦੀ ਕਾਰਵਾਈ ਵੀ ਚੰਗੀ ਤਰ੍ਹਾਂ ਸ਼ੂਰੂ ਨਹੀਂ ਹੋਈ ਨੂੰ ‘ਅੱਤਵਾਦੀ’ ਗਰਦਾਨਿਆ ਗਿਆ।
ਭਾਰਤ ਦਾ ਹਿੰਦੂਤਵੀ ਰੰਗ ਵਿਚ ਰੰਗਿਆ ਮੀਡੀਆ ਇੰਨੀ ਜ਼ਹਿਰੀਲੀ ਬੋਲੀ ਬੋਲ ਰਿਹਾ ਹੈ ਕਿ ਇਹਨਾਂ ਖਬਰਾਂ ਨੂੰ ਸੱਚ ਮੰਨਣ ਵਾਲਿਆਂ ਦੀ ਮਾਨਸਿਕਤਾ ਜ਼ਹਿਰੀਲੀ ਹੋਏ ਬਿਨਾ ਨਹੀਂ ਰਹਿ ਸਕਦੀ।
ਭਾਰਤੀ ਮੀਡੀਆ ਵਿਚ ਕੰਮ ਕਰ ਰਹੇ ਸੁਹਿਰਦ ਪੱਤਰਰਕਾਰਾਂ ਤੇ ਪੰਜਾਬ ਪੱਖੀ ਮੀਡੀਆ ਅਦਾਰਿਆਂ ਨੂੰ ਇਸ ਕੂੜ ਪਰਚਾਰ ਬਾਰੇ ਖੁੱਲ੍ਹ ਕੇ ਮੈਦਾਨ ਵਿਚ ਆਉਣਾ ਚਾਹੀਦਾ ਹੈ। ਸਾਰੇ ਝੂਠੇ ਬਿਰਤਾਂਤ ਦਾ ਭਾਂਡਾ ਭੰਨਣ ਲਈ ਸਿੱਖਾਂ ਨੂੰ ਆਪ ਵੀ ਸਮਰੱਥ ਹੋਣ ਅਤੇ ਮਿਹਨਤ ਕਰਨ ਦੀ ਲੋੜ ਹੈ।
(ਸਰਦਾਰ ਪਰਮਜੀਤ ਸਿੰਘ ਸਿੱਖ-ਸਿਆਸਤ ਦੇ ਸੰਪਾਦਕ ਹਨ।)