ਬੇਸ਼ਰਮ ਸਿਆਸਤ, ਗ਼ੁਲਾਮ ਆਜ਼ਾਦੀ

0
749

gorakhpur
ਗੋਰਖਪੁਰ ‘ਚ ਬੱਚਿਆਂ ਦੀ ਮੌਤ ਕੁਦਰਤੀ ਨਹੀਂ, ਹਕੂਮਤਾਂ ਦੀ ਲਾਪ੍ਰਵਾਹੀ
ਭਾਰਤ ਆਪਣਾ 70ਵਾਂ ਆਜ਼ਾਦੀ ਵਰ੍ਹਾ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਸਕੂਲ-ਕਾਲਜ, ਹਰ ਅਦਾਰੇ ਵਿਚ ਇਸ ਵਾਰ ਜੋਸ਼-ਖਰੋਸ਼ ਨਾਲ ਆਜ਼ਾਦੀ ਮਨਾਉਣ ਦੇ ਫਰਮਾਨ ਜਾਰੀ ਕੀਤੇ ਸਨ। ਉਨ੍ਹਾਂ ਦੇ ਪਰਮ ਮਿੱਤਰ ਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਤਾਂ ਮਦਰੱਸਿਆਂ ਤਕ ਨੂੰ ਹੁਕਮ ਦਿੱਤੇ ਕਿ ਰਾਸ਼ਟਰੀ ਗੀਤ ਨਾਲ ਤਿਰੰਗਾ ਲਹਿਰਾਇਆ ਜਾਵੇ। ਜਿਸ ਕਿਸੇ ਨੇ ਅਜਿਹਾ ਨਾ ਕੀਤਾ ਤਾਂ ਉਹ ਸਜ਼ਾ ਲਈ ਤਿਆਰ ਰਵ੍ਹੇ। ਇਸੇ ਦਿਨ ਆਈ ਜਨਮ ਅਸ਼ਟਮੀ ਨੂੰ ਵੀ ਉਨ੍ਹਾਂ ਪੂਰੇ ਜ਼ੋਰ-ਸ਼ੋਰ ਨਾਲ ਮਨਾਉਣ ਦੀ ਤਾਕੀਦ ਕੀਤੀ। ਆਜ਼ਾਦੀ ਦਿਹਾੜਾ ਤਾਂ ਹਰ ਵਰ੍ਹੇ ਆਉਂਦਾ ਹੈ ਪਰ ਇਸ ਵਾਰ ਅਜਿਹਾ ਕੀ ਖ਼ਾਸ ਸੀ? ਕੀ ਹਕੂਮਤੀ ਜਸ਼ਨਾਂ ਨਾਲ ਅਣਆਈਆਂ ਮੌਤਾਂ ‘ਤੇ ਪਰਦਾ ਪਾਉਣ ਦਾ ਇਹ ਢਕਵੰਜ ਸੀ?
ਗੋਰਿਆਂ ਤੋਂ ਆਜ਼ਾਦੀ ਇਸ ਲਈ ਨਹੀਂ ਮੰਗੀ ਗਈ ਸੀ ਕਿ ਉਹ ਭਾਰਤ ਦੀਆਂ ਖ਼ੂਬਸੂਰਤ ਇਮਾਰਤਾਂ ਛੱਡ ਕੇ ਚਲੇ ਜਾਣ। ਆਜ਼ਾਦੀ ਆਪਣੇ ਹੱਕ-ਹਕੂਕਾਂ ਦੀ ਸੀ, ਆਜ਼ਾਦੀ ਸਰੀਰਕ ਤੇ ਮਾਨਸਿਕ ਗੁਲਾਮੀ ਦੀਆਂ ਜੰਜੀਰਾਂ ਤੋੜਨ ਲਈ ਸੀ। ਪਰ ਮੁਲਕ ਆਜ਼ਾਦ ਹੁੰਦਿਆਂ ਹੀ ਬੇਸ਼ਰਮ ਸਿਆਸਤਦਾਨਾਂ ਨੇ ਲੋਕਾਂ ਨੂੰ ਭ੍ਰਿਸ਼ਟਾਚਾਰ, ਗਰੀਬੀ, ਲਾਚਾਰੀ, ਅਨਪੜ੍ਹਤਾ ਦਾ ਗ਼ੁਲਾਮ ਬਣਾ ਦਿੱਤਾ। ਜਦੋਂ ਮੋਦੀ-ਯੋਗੀ ਨੇ ਇਹ ਹੁਕਮ ਫ਼ਰਮਾਏ ਤਾਂ ਦੋ ਦਿਨ ਪਹਿਲਾਂ ਗੋਰਖਪੁਰ ਦੇ ਸਰਕਾਰੀ ਹਸਪਤਾਲ ਵਿਚ 60 ਤੋਂ ਵੱਧ ‘ਬਾਲ ਕ੍ਰਿਸ਼ਨ’ ਦਮ ਤੋੜ ਗਏ। ਇਨ੍ਹਾਂ ਬੱਚਿਆਂ ਦੀ ਮੌਤ ਸਿਰਫ਼ ਇਸ ਲਈ ਹੋ ਗਈ ਕਿਉਂਕਿ ਉਨ੍ਹਾਂ ਨੂੰ ਆਕਸੀਜਨ ਨਹੀਂ ਮਿਲੀ। ਆਕਸੀਜਨ ਸਪਲਾਈ ਕਰਨ ਵਾਲੀ ਕੰਪਨੀ ਪੁਸ਼ਪਾ ਸੇਲਜ਼ ਦੀ 7 ਮਹੀਨੇ ਤੋਂ ਜ਼ਿਆਦਾ ਵਕਤ ਤੋਂ ਅਦਾਇਗੀ ਬਕਾਇਆ ਸੀ। ਇਸ ਕੰਪਨੀ ਨੇ 7 ਮਹੀਨੇ ਵਿਚ 7 ਵਾਰ ਯਾਦ ਪੱਤਰ ਭੇਜੇ ਤੇ ਆਖ਼ਰਕਾਰ ਆਕਸੀਜਨ ਦੀ ਸਪਲਾਈ ਰੋਕ ਦਿੱਤੀ। ਪਰ ਕੀ ਇਸ ਤਰਾਸਦੀ ਲਈ ਸਿਰਫ਼ ਇਹ ਕੰਪਨੀ ਜ਼ਿੰਮੇਵਾਰ ਹੈ? ਇਸ ਕੰਪਨੀ ਦਾ 2.5 ਅਰਬ ਰੁਪਏ ਦਾ ਟਰਨ ਓਵਰ ਦੱਸਿਆ ਜਾ ਰਿਹਾ ਹੈ ਪਰ ਉਸ ਨੇ ਮਹਿਜ਼ 69 ਲੱਖ ਦਾ ਬਕਾਇਆ ਨਾ ਮਿਲਣ ਕਾਰਨ ਸਪਲਾਈ ਰੋਕ ਦਿੱਤੀ। ਇਸ ਤੋਂ ਬਾਅਦ ਯੋਗੀ ਸਰਕਾਰ ਨੂੰ ਬਚਾਉਣ ਲਈ ਪੂਰੀ ਦੌੜ ਲੱਗੀ। ਭਾਰਤੀ ਜਨਤਾ ਪਾਰਟੀ ਦੇ ਮੁਖੀ ਅਮਿਤ ਸ਼ਾਹ ਨੇ ਕਿਹਾ, ‘ਇਹ ਕੋਈ ਪਹਿਲੀ ਵਾਰ ਨਹੀਂ ਹੋਇਆ। ਕਾਂਗਰਸ ਸਰਕਾਰ ਵੇਲੇ ਵੀ ਅਜਿਹਾ ਕੁਝ ਹੁੰਦਾ ਰਿਹਾ ਹੈ। ਯੋਗੀ ਅਦਿਤਿਆਨਾਥ ਨੇ ਤਾਂ ਇਹੀ ਕਿਹਾ ਹੈ ਕਿ ਜਨਮ ਅਸ਼ਟਮੀ ਧੂਮ-ਧਾਮ ਨਾਲ ਮਨਾਓ, ਇਹ ਤਾਂ ਨਹੀਂ ਕਿਹਾ ਕਿ ਬੱਚੇ ਮਰ ਗਏ ਹਨ, ਇਸ ਲਈ ਧੂਮ-ਧਾਮ ਨਾਲ ਮਨਾਓ। ਬੱਚਿਆਂ ਦੀ ਮੌਤ ਦਾ ਦੁੱਖ ਹੈ ਪਰ ਜਨਮ ਅਸ਼ਟਮੀ ਆਪਣੀ ਥਾਂ ਹੈ। ਕੋਈ ਆਪਣੇ ਘਰ ਵਿਚ ਉਤਸਵ ਮਨਾਏ ਤਾਂ ਸਰਕਾਰ ਕੀ ਕਰ ਸਕਦੀ ਹੈ। ਅਸੀਂ ਕਾਂਗਰਸ ਦੀ ਤਰ੍ਹਾਂ ਬਿਨਾਂ ਸੋਚੇ ਸਮਝੇ ਕਿਸੇ ‘ਤੇ ਗ਼ਲਤੀ ਨਹੀਂ ਥੋਪ ਸਕਦੇ।’ ਹਾਂ, ਮੋਦੀ ਸਰਕਾਰ ਲੋਕਾਂ ਦੀ ਰਸੋਈ ਵਿਚ ਚੁੱਲ੍ਹਿਆਂ ‘ਤੇ ਪਏ ਭਾਂਡਿਆਂ ਅੰਦਰ ਤਕ ਝਾਕ ਸਕਦੀ ਹੈ ਕਿ ਇਹ ਕੀ ਖਾ ਰਹੇ ਹਨ। ਉਤਰ ਪ੍ਰਦੇਸ਼ ਦੇ ਸਿਹਤ ਮੰਤਰੀ ਦੇ ਬਿਆਨ ਵੀ ਸੁਣੋ- ‘ਅਗਸਤ ਵਿਚ ਤਾਂ ਬੱਚੇ ਮਰਦੇ ਹੀ ਹਨ।’ ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਮੌਤ ਆਕਸੀਜਨ ਦੀ ਸਪਲਾਈ ਰੁਕਣ ਨਾਲ ਨਹੀਂ, ਬਲਕਿ ਐਂਸੇਫੇਲਾਈਟਸ (ਦਿਮਾਗ਼ੀ ਬੁਖ਼ਾਰ) ਬਿਮਾਰੀ ਕਾਰਨ ਹੋਈ ਹੈ। ਗੋਰਖਪੁਰ ਦੇ ਬਾਬਾ ਰਾਘਵ ਦਾਸ ਮੈਡੀਕਲ ਕਾਲਜ ਵਿਚ ਮੌਨਸੂਨ ਦੇ ਸਮੇਂ 4 ਦਹਾਕਿਆਂ ਤੋਂ ਇਹ ਬਿਮਾਰੀ ਦੈਂਤ ਬਣ ਕੇ ਹਰ ਸਾਲ ਸੈਂਕੜੇ ਬੱਚਿਆਂ ਦੀ ਜਾਨ ਲੈ ਲੈਂਦੀ ਹੈ ਤੇ ਹਜ਼ਾਰਾਂ ਬੱਚਿਆਂ ਨੂੰ ਜ਼ਿੰਦਗੀ ਭਰ ਲਈ ਅਪਾਹਜ ਬਣਾ ਦਿੰਦੀ ਹੈ। ਇਸ ਬਿਮਾਰੀ ਦਾ ਮੁੱਖ ਕਾਰਨ ਦੂਸ਼ਤ ਖਾਣਾ ਤੇ ਪਾਣੀ ਦੇ ਨਾਲ ਨਾਲ ਮੱਛਰ ਦਾ ਕੱਟਣਾ ਹੈ। ਪਰ ਇਸ ਵਾਰ ਮਹਾਮਾਰੀ ਦੇ ਨਾਲ ਨਾਲ ਮੈਡੀਕਲ ਕਾਲਜ ਪ੍ਰਸ਼ਾਸਨ ਤੇ ਯੋਗੀ ਸਰਕਾਰ ਦੀ ਲਾਪ੍ਰਵਾਹੀ ਨੇ ਇਸ ਮੈਡੀਕਲ ਕਾਲਜ ਨੂੰ ਮੁਰਦਾਘਾਟ ਵਿਚ ਬਦਲ ਕੇ ਰੱਖ ਦਿੱਤਾ। ਇਥੇ ਇਹ ਵੀ ਯਾਦ ਕਰਨਾ ਪਏਗਾ ਕਿ 22 ਜੁਲਾਈ 2016 ਨੂੰ ਜਦੋਂ ਨਰਿੰਦਰ ਮੋਦੀ ਗੋਰਖਪੁਰ ਵਿਚ ਏਮਜ਼ ਹਸਤਪਾਲ ਦਾ ਨੀਂਹ ਪੱਥਰ ਰੱਖਣ ਆਏ ਸਨ, ਤਾਂ ਉਨ੍ਹਾਂ ਐਲਾਨ ਕੀਤਾ ਸੀ ਕਿ ਇਕ ਵੀ ਬੱਚੇ ਦੀ ਮੌਤ ਐਂਸੇਫੇਲਾਈਟਸ ਨਾਲ ਨਹੀਂ ਹੋਵੇਗੀ।
ਗੋਰਖਪੁਰ ਯੋਗੀ ਦਾ ਸੰਸਦੀ ਹਲਕਾ ਹੈ। ਉਹ ਲੰਬੇ ਸਮੇਂ ਤੋਂ ਇੱਥੇ ਸੰਸਦ ਮੈਂਬਰ ਬਣਦੇ ਆ ਰਹੇ ਹਨ। ਇਸ ਵਾਰ ਉਤਰ ਪ੍ਰਦੇਸ਼ ਵਿਚ ਭਾਜਪਾ ਦੀ ਜਿੱਤ ਮਗਰੋਂ, ਨਰਿੰਦਰ ਮੋਦੀ ਨੇ ਯੋਗੀ ਨੂੰ ਮੁੱਖ ਮੰਤਰੀ ਦਾ ਅਹੁਦਾ ਥਾਲੀ ਵਿਚ ਪਰੋਸ ਕੇ ਦਾਨ ਕਰ ਦਿੱਤਾ। ਕੀ ਉਨ੍ਹਾਂ ਨੇ ਸਿਰਫ਼ ਕੁਰਸੀ ਹੀ ਭੇਟ ਕੀਤੀ, ਲੋਕਾਂ ਦੀ ਜ਼ਿੰਮੇਵਾਰੀ ਨਹੀਂ? ਜੇਰਕ 70 ਵਰ੍ਹਿਆਂ ਬਾਅਦ ਵੀ ਲੋਕ ਇਨ੍ਹਾਂ ਹਾਲਤਾਂ ਵਿਚ ਜਿਉ ਰਹੇ ਹਨ, ਕਾਬੂ ਪਾਈਆਂ ਜਾਣ ਵਾਲੀਆਂ ਬਿਮਾਰੀਆਂ ਕਾਰਨ ਬੱਚੇ ਮਰ ਰਹੇ ਹਨ, ਸਿਹਤ ਤੇ ਸਿੱਖਿਆ ਜ਼ਰਜ਼ਰ ਹਾਲਤ ਵਿਚ ਹਨ ਤਾਂ ਸਵਾਲ ਪੁਛਣਾ ਬਣਦਾ ਹੈ ਕਿ ਆਖ਼ਰ ਵਿਕਾਸ ਕਿਹੜੇ ਲੋਕਾਂ ਦਾ ਹੋ ਰਿਹਾ ਹੈ? ਮੋਦੀ ਤੇ ਯੋਗੀ ਜਦੋਂ ਅੱਖਾਂ ਵਿਚ ਹੰਝੂ ਭਰ ਕੇ ਕਹਿੰਦੇ ਹਨ, ‘ਸਾਨੂੰ ਇਨ੍ਹਾਂ ਬੱਚਿਆਂ ਦੀ ਮੌਤ ਦਾ ਬਹੁਤ ਦੁਖ ਹੈ, ਅਸੀਂ ਇਕ ਵੀ ਬੱਚਾ, ਇਕ ਵੀ ਵਿਅਕਤੀ ਇਲਾਜ ਖੁਣੋਂ ਮਰਨ ਨਹੀਂ ਦਿਆਂਗੇ।’ ਪਰ ਉਹ ਇਹ ਕਦੇ ਨਹੀਂ ਕਹਿੰਦੇ ਕਿ ਭਾਰਤ ਲੋਕਾਂ ਦੀ ਸਿਹਤ ‘ਤੇ ਮੁਸ਼ਕਲ ਨਾਲ ਆਪਣੀ ਕੁੱਲ ਘਰੇਲੂ ਉਤਪਾਦ ਦਾ ਮਹਿਜ਼ ਇਕ ਫ਼ੀਸਦੀ ਹਿੱਸਾ ਖ਼ਰਚ ਕਰ ਰਿਹਾ ਹੈ।
ਏਨੇ ਵਰ੍ਹੇ ਸਫ਼ਰ ਕਰਦੀ ਕਰਦੀ ਆਜ਼ਾਦੀ ਕਿੰਨੀਆਂ ਬੇੜੀਆਂ ਵਿਚ ਬੰਨ੍ਹੀ ਗਈ, ਬੇਸ਼ਰਮ ਸਿਆਸਤ ਨੇ ਮਹਿਸੂਸ ਹੀ ਨਹੀਂ ਹੋਣ ਦਿੱਤਾ। 70 ਵਰ੍ਹਿਆਂ ਦੀ ਅਖੌਤੀ ਆਜ਼ਾਦੀ ਨੇ ਬੰਦੇ ਨੂੰ ਸਰੀਰਕ ਨਹੀਂ, ਜ਼ਿਹਨੀ ਤੌਰ ‘ਤੇ ਗੁਲਾਮ ਬਣਾ ਧਰਿਆ ਹੈ। ‘ਗੁਲਾਮ ਆਜ਼ਾਦੀ’ ਦੇ ਇਸ ਦੌਰ ਵਿਚ ਰੌਂਦੀ-ਕੁਰਲਾਉਂਦੀ ਜਨਤਾ ਦੇ ਹੱਥਾਂ ਵਿਚ ਤਿਰੰਗਾ ਫੜਾ ਕੇ ‘ਜੈ ਭਾਰਤ’ ਦਾ ਨਾਅਰਾ ਲਵਾਇਆ ਜਾ ਰਿਹਾ ਹੈ। ਜੇ ਕੋਈ ਭੁੱਖ-ਨੰਗ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਤੋਂ ਆਜ਼ਾਦੀ ਮੰਗਦਾ ਹੈ ਤਾਂ ਉਹ ਦੇਸ਼ ਧਰੋਹੀ ਹੈ ਤੇ ਸਖ਼ਤ ਤੋਂ ਸਖ਼ਤ ਸਜ਼ਾ ਦਾ ਹੱਕਦਾਰ ਹੈ।
ਮਸਨੂਈ ਲਾਲ ਕਿਲੇ ਦੀ ਫਸੀਲ ਤੋਂ ਤਿਰੰਗਾ ਲਹਿਰਾ ਕੇ ਅਤੇ ਇਸ ਸੁਪਨੇ ਨੂੰ ਹਕੀਕੀ ਰੂਪ ਦੇ ਕੇ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਇਸ ਵਾਰ ਆਪਣੇ ਲੰਬੇ ਸਾਫ਼ੇ ਵਿਚ ਲਪੇਟ ਕੇ ਲਿਆਏ ਜੁਮਲੇ ਇਕ ਇਕ ਕਰਕੇ ਸੁੱਟਦੇ ਰਹੇ ਤੇ ਖ਼ਾਲੀ ਹੱਥ ਹੋ, ਨਵੇਂ ਜੁਮਲਿਆਂ ਦੀ ਭਾਲ ਵਿਚ ਪਰਤ ਗਏ। ਨਰਿੰਦਰ ਮੋਦੀ ਨੇ ਜਾਗਦੀ ਅੱਖ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਲਿਆ ਤੇ ਦੇਸ਼-ਵਿਦੇਸ਼ ਦੇ ਕਾਰਪੋਰੇਟ ਘਰਾਣਿਆਂ ਤੇ ਸਿਆਸਤਦਾਨਾਂ ਦੀ ਪਕਾਈ ਖਿੱਚੜੀ ਸਦਕਾ ਉਹ ਮੁਲਕ ਦੇ ਪ੍ਰਧਾਨ ਮੰਤਰੀ ਬਣ ਵੀ ਗਏ। ਆਪਣੇ ਸੁਪਨਿਆਂ ਵਿਚ ਉਨ੍ਹਾਂ ਸਵਾ ਸੌ ਕਰੋੜ ਦੀ ਆਬਾਦੀ ਨੂੰ ਵੀ ਸ਼ਾਮਲ ਕਰ ਗੂੜ੍ਹੀ ਨੀਂਦੇ ਸਵਾ ਦਿੱਤਾ ਤੇ ਆਪਣੇ ਜੁਮਲਿਆਂ ਨਾਲ ਉਨ੍ਹਾਂ ਨੂੰ ਖ਼ੁਸ਼ ਕਰਨ ਵਿਚ ਲੱਗੇ ਹੋਏ ਹਨ।
ਵਕਤ ਹਮੇਸ਼ਾ ਕਰਵਟ ਲੈਂਦਾ ਹੈ ਤੇ ‘ਗ਼ੁਲਾਮ ਬਣਾਈ ਜ਼ਹਿਨੀਅਤ’ ਨੇ ਪਲਸੇਟੇ ਮਾਰਨੇ ਸ਼ੁਰੂ ਵੀ ਕਰ ਦਿੱਤੇ ਹਨ। ਇਸੇ ਲਈ ਆਜ਼ਾਦੀ…ਆਜ਼ਾਦੀ…ਆਜ਼ਾਦੀ…ਦੀ ਗੂੰਜ ਸੁਣਾਈ ਦੇਣ ਲੱਗੀ ਹੈ। ਅੱਜ ਨਹੀਂ ਤਾਂ ਕੱਲ੍ਹ, ਲੋਕ ਆਜ਼ਾਦੀ ਲੈ ਕੇ ਹੀ ਰਹਿਣਗੇ।