ਲੋਕ ਆਵਾਜ਼ ਉੱਤੇ ਘਾਤਕ ਹਮਲਾ

0
567

gauri-lankesh1
ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਕਾਲੇ ਦਿਨਾਂ ਦਾ ਸੂਚਕ
ਦੁਨੀਆ ਭਰ ਵਿੱਚ ਭਾਰਤ ਦੀ ਆਈ ਟੀ ਰਾਜਧਾਨੀ ਵਜੋਂ ਜਾਣੇ ਜਾਂਦੇ ਬੈਗਲੂਰੂ ਸ਼ਹਿਰ ਵਿੱਚ ਹਥਿਆਰਬੰਦ ਅਣਪਛਾਤੇ ਵਿਅਕਤੀਆਂ ਵਲੋਂ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਨਾਲ ਭਾਰਤ ਦੇ ਰਾਜਸੀ ਤੇ ਸਮਾਜਿਕ ਮਾਹੌਲ ਬਾਰੇ ਗੰਭੀਰ ਸਵਾਲ ਅਤੇ ਫ਼ਿਕਰ ਖੜ੍ਹੇ ਹੋ ਗਏ ਹਨ। ਦੁੱਖ ਦੀ ਗੱਲ ਇਹ ਕਿ ਅਪਣੇ ਸਮਾਜਿਕ ਸਰੋਕਾਰਾਂ ਤੇ ਲੋਕ ਪੱਖੀ ਸਰਗਰਮੀਆਂ ਕਾਰਨ ਆਮ ਲੋਕਾਂ ਵਲੋਂ ਸਤਿਕਾਰੀ ਤੇ ਪਿਆਰੀ ਜਾਂਦੀ ਮਹਿਲਾ ਪੱਤਰਕਾਰ ਦੇ ਕਾਤਲਾਂ ਨੇ ਮੰਗਲਵਾਰ ਨੂੰ ਸ਼ਹਿਰ ਦੇ ਘੁੱਗ ਵਸਦੇ ਇਲਾਕੇ ਵਿਚਲੇ ਉਸਦੇ ਰਾਜਾ ਰਾਜੇਸ਼ਵਰੀ ਨਗਰ ਸਥਿੱਤ ਘਰ ਵਿਖੇ ਸ਼ਾਮੀਂ ਕਰੀਬ ਸਾਢੇ ਸੱਤ ਵਜੇ ਬੇਰਹਿਮੀ ਨਾਲ ਗੋਲੀਆਂ ਮਾਰੀਆਂ। ਬਹੁਤ ਹੀ ਨਿਧੜਕ ਅਤੇ ਅਪਣੀਆਂ ਲਿਖਤਾਂ ਰਾਹੀਂ ਹਿੰਦੂਤਵੀ ਫਿਰਕੂ ਅਨਸਰਾਂ ਨਾਲ ਟੱਕਰ ਲੈਣ ਵਾਲੀ ਗੌਰੀ ਲੰਕੇਸ਼ ਕੰਨੜ ਮੈਗਜ਼ੀਨ ”ਲੰਕੇਸ਼ ਪੱਤ੍ਰਿਕਾ” ਦੀ ਸੰਪਾਦਕ ਹੋਣ ਦੇ ਨਾਲ ਰਾਜਸੀ ਤੇ ਸਮਾਜਿਕ ਤੌਰ ਉੱਤੇ ਬਹੁਤ ਹੀ ਸਰਗਰਮ ਸੀ। ਉਸ ਨੂੰ ਹਿੰਦੂਤਵ ਬ੍ਰਿਗੇਡ ਦੀ ਆਲੋਚਕ ਵਜੋਂ ਜਾਣਿਆ ਜਾਂਦਾ ਸੀ। ਕਰਨਾਟਕ ਦੇ  ਜਾਣੇ-ਮਾਣੇ ਪੱਤਰਕਾਰ ਤੇ ਲੇਖਕ ਪੀ. ਲੰਕੇਸ਼ ਦੀ ਬੇਟੀ ਨੂੰ ਹਨੇਰੀਆਂ ਤਾਕਤਾਂ ਨਾਲ ਜੂਝਣ ਦੀ ਸ਼ਕਤੀ ਗੁੜ੍ਹਤੀ ਵਿਚ ਹੀ ਮਿਲੀ।
ਅਪਣੀਆਂ ਲਿਖਤਾਂ ਅਤੇ ਕਾਰਜ਼ਾਂ ਰਾਹੀਂ ਦੱਬੇ ਕੁਚਲੇ ਵਰਗਾਂ, ਘੱਟ ਗਿਣੀਆਂ, ਦਲਿਤਾਂ, ਕਬਾਇਲੀਆਂ ਅਤੇ ਨਕਸਲਵਾਦੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੀ ਗੌਰੀ ਲੰਕੇਸ਼ ਲਗਾਤਾਰ ਹਿੰਦੂ ਕੱਟੜਵਾਦੀਆਂ ਦਾ ਨਿਸ਼ਾਨਾ ਰਹੀ। ਇੱਥੋਂ ਤੱਕ ਕਿ ਭਾਜਪਾ ਦੇ ਇੱਕ ਪਾਰਲੀਮੈਂਟ ਮੈਂਬਰ ਨੇ ਉਸਨੂੰ ਉਸਦੇ ਲੋਕ ਪੱਖੀ ਕੰਮਾਂ ਤੋਂ ਰੋਕਣ ਦੇ ਮਨਸ਼ੇ ਨਾਲ ਕਾਨੂੰਨੀ ਤੌਰ ਉੱਤੇ ਉਲਝਾਈ ਰੱਖਣ ਲਈ ਉਸ ਵਿਰੁਧ ਮਾਣ ਹਾਨੀ ਦਾ ਕੇਸ ਵੀ ਪਾਇਆ। ਪਰ ਅਜਿਹੇ ਕੇਸਾਂ ਦੀ ਪ੍ਰਵਾਹ ਨਾ ਕਰਦਿਆਂ ਉਹ ਅਪਣੇ ਰਾਹ ਤੋਂ ਪਾਸੇ ਨਹੀਂ ਹਟੀ। ਤਨੋਂ ਮਨੋਂ ਲੋਕਾਂ ਨੂੰ ਸਮਰਪਿਤ ਹੋਣ ਕਾਰਨ ਗੌਰੀ ਨੇ ਵਿਆਹ ਨਹੀਂ ਸੀ ਕਰਵਾਇਆ ਅਤੇ ਬੜੇ ਬਾਰਸੂਖ ਇਲਾਕੇ ਵਿਚਲੇ ਅਪਣੇ ਘਰ ਵਿੱਚ ਇਕੱਲੀ ਰਹਿ ਰਹੀ ਸੀ।
ਅਗਾਂਹਵਧੂ ਰਾਜਸੀ ਆਗੂਆਂ, ਸਮਾਜਿਕ ਸਖ਼ਸ਼ੀਅਤਾਂ, ਸੰਪਾਦਕਾਂ, ਪੱਤਰਕਾਰਾਂ, ਕਲਾਕਾਰਾਂ ਅਤੇ ਆਮ ਲੋਕਾਂ ਨੇ ਇਸ ਹਤਿਆ ਪਿੱਛੇ ਫਿਰਕੂ ਸ਼ਕਤੀਆਂ ਦਾ ਸਪੱਸ਼ਟ ਹੋਣ ਦਾ ਖਦਸ਼ਾ ਪ੍ਰਗਟਾਉਂਦਿਆਂ ਕਿਹਾ ਕਿ ਇਹ ਕਾਰਵਾਈ ਲੋਕ ਪੱਖੀ ਸਮਾਜਿਕ ਕਾਰਕੁਨਾਂ ਦੀ ਆਵਾਜ਼ ਬੰਦ ਕਰਨ ਦੀ ਕੋਝੀ ਕਾਰਵਾਈ ਹੈ।
ਕਿਸੇ ਸਮੇਂ ਧਰਮ ਨਿਰਪੇਖਤਾ, ਲੋਕਰਾਜੀ ਕਦਰਾਂ ਕੀਮਤਾਂ ਦੀ ਕਦਰ ਕਰਨ ਤੋਂ ਇਲਾਵਾ ਕੌਮਾਂਤਰੀ ਪੱਧਰ ਉੱਤੇ ਗੁਟਬੰਦੀ ਤੋਂ ਨਿਰਲੇਪ ਰਹਿਣ ਕਾਰਨ ਜਾਣੇ ਜਾਂਦੇ ਭਾਰਤ ਵਿੱਚ ਹੁਣ ਨਾ ਤਾਂ ਧਰਮ ਨਿਰਪੇਖਤਾ ਦਾ ਕੋਈ ਅੰਸ਼ ਬਚਦਾ ਨਜ਼ਰ ਆਉਂਦਾ ਤੇ ਨਾ ਹੀ ਲੋਕ ਰਾਜ ਨਾਂਅ ਦੀ ਕੋਈ ਚੀਜ਼ ਦਿਸਦੀ ਹੈ। ਧਾਰਮਿਕ ਘੱਟ ਗਿਣਤੀਆਂ, ਦਲਿਤਾਂ ਅਤੇ ਕਬਾਇਲੀਆਂ ਨੂੰ ਦੇਸ਼ ਦੇ ਸੰਵਿਧਾਨ ਅਨੁਸਾਰ ਜਿਹੜੇ ਅਧਿਕਾਰ ਅਤੇ ਸਹੂਲਤਾਂ ਮਿਲੀਆਂ ਸਨ , ਉਹ ਪਿਛਲੇ ਕੁਝ ਸਮੇਂ ਤੋਂ ਮਹਿਜ਼ ਕਾਗਜ਼ਾਂ ਵਿੱਚ ਵੀ ਬੰਦ ਹੋ ਕੇ ਰਹਿ ਗਈਆਂ ਹਨ। ਪਿਛਲੇ ਕੁਝ ਵਰ੍ਹਿਆਂ ਖ਼ਾਸ ਤੌਰ ਉੱਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਅਲਾਇੰਸ (ਐਡੀਏ) ਸਰਕਾਰ ਦੇ ਸੱਤਾ ਸੰਭਾਲਣ ਬਾਅਦ ਹਿੰਦੂਤਵੀ ਅਨਸਰਾਂ ਦਾ ਬੋਲ ਬਾਲਾ ਦਿਨ ਬਦਿਨ ਵੱਧਣ ਕਾਰਨ ਆਮ ਲੋਕਾਂ ਦਾ ਜਿਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।  ਲੋਕ ਪੱਖੀ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ, ਕਲਾਕਰਾਂ ਤੇ ਹੋਰਨਾਂ ਸਮਾਜਿਕ ਕਾਰਕੁਨਾਂ ਦੀ ਆਵਾਜ਼ ਦਬਾਉਣ ਲਈ ਹਿੰਦੂਤਵੀ ਅਤੇ ਪਿਛਾਂਹਖਿੱਚੂ ਸ਼ਕਤੀਆਂ ਹਰ ਹੀਲਾ ਵਰਤ ਰਹੀਆਂ ਹਨ। ਇੱਥੋ ਤੱਕ ਕਿ ਲੋਕ ਹਿੱਤਾਂ ਲਈ ਲੜਣ ਅਤੇ ਆਵਾਜ਼ ਬੁਲੰਦ ਕਰਨ ਵਾਲਿਆਂ ਦੇ ਕਤਲ ਆਮ ਜਿਹੀ ਗੱਲ ਬਣਦੇ ਨਜ਼ਰ ਆ ਰਹੇ ਹਨ। ਗੌਰੀ ਲੰਕੇਸ਼ ਦਾ ਕਤਲ ਇਸ ਖ਼ਤਰਨਾਕ ਲੜੀ ਦੇ ਲਗਾਤਾਰ ਜਾਰੀ ਰਹਿਣ ਦਾ ਸੰਕੇਤ ਹੈ।
ਭਾਵੇਂ ਕਰਨਾਟਕ ਦੇ ਮੁੱਖ ਮੰਤਰੀ  ਸਿਧਾਰਮੱਈਆ ਨੇ ਗੌਰੀ ਲੰਕੇਸ਼ ਦੀ ਹਤਿਆ ਦੀ ਕਰੜੀ ਨਿਖੇਧੀ ਕਰਦਿਆਂ ਇਸਨੂੰ ‘ਲੋਕ ਰਾਜ ਦਾ ਕਤਲ’ ਕਰਾਰ ਦਿੰਦਿਆਂ ਕਿਹਾ ਕਿ ਕਾਤਲਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ ਪਰ ਸਵਾਲ ਤਾਂ ਇਹ ਹੈ ਕਿ ਲੋਕਾਂ ਦੀ ਹੱਕਾਂ ਲਈ ਲੜਣ ਵਾਲਿਆਂ ਦੀ ਜਾਨ ਮਾਲ ਦੀ ਰਾਖ਼ੀ ਕੌਣ ਕਰੇਗਾ।
ਬੇਖ਼ੌਫ, ਸਾਫ਼ ਦਿਲ ਅਤੇ ਦ੍ਰਿੜ ਇਰਾਦੇ ਵਾਲੀ 65 ਸਾਲਾ ਪੱਤਰਕਾਰ ਸੱਚ ਉੱਤੇ ਪਹਿਰਾ ਦੇਣ ਵਾਲੇ ਭਾਰਤ ਦੇ ਪੱਤਰਕਾਰਾਂ ਲਈ ਚਾਨਣਮੁਨਾਰਾ ਸਮਝੀ ਜਾਂਦੀ ਸੀ। ਇਸੇ ਲਈ ਗੌਰੀ ਦੇ ਕਤਲ ਨੇ ਪੱਤਰਕਾਰਤਾ ਦੇ ਖੇਤਰ ਵਿੱਚ ਗਹਿਰੀ ਉਦਾਸੀ ਤੇ ‘ਸੁੰਨ’ ਵਰਤਾ ਦਿੱਤੀ ਹੈ। ਉੱਘੀ ਪੱਤਰਕਾਰ ਨਲਿਨੀ ਸਿੰਘ ਦੇ ਸ਼ਬਦਾਂ ਵਿੱਚ ”ਗੌਰੀ ਲੰਕੇਸ਼ ਦਾ ਕਤਲ ਪੱਤਰਕਾਰ ਭਾਈਚਾਰੇ ਦੇ ਦਿਲ ਵਿੱਚ ਗਹਿਰਾ ਛੇਕ ਹੈ ਜਿਹੜਾ ਗੰਭੀਰ ਸਵਾਲ ਖੜ੍ਹਾ ਕਰਦਾ ਹੈ ਕਿ ਕੀ ਅਸੀਂ ਹਨੇਰੇ ਯੁਗ ਵਿੱਚ ਵੱਲ ਧੱਕੇ ਜਾ ਰਹੇ ਹਾਂ?”
ਧਰਮ ਦੇ ਨਾਂਅ ਹੇਠ ਜਨੂੰਨਵਾਦ ਨੂੰ ਉਤਸ਼ਾਹਿਤ ਕਰਨ ਵਾਲੇ ਹਾਕਮਾਂ ਦੇ ਮਨਸੂਬੇ ਬੜੇ ਖ਼ਤਰਨਾਕ ਅਤੇ ਉਨ੍ਹਾਂ ਵਲੋਂ ਪਾਲ ਕੇ ਰੱਖੇ ਹੋਏ ਕਾਤਲ ਬੜੇ ਤਾਤਕਵਰ ਹਨ। ਨਿਸਚੇ ਹੀ ਭਾਰਤ ਵਿਚਲੇ ਅਗਾਂਹ ਵਧੂ ਸੋਚਣੀ ਵਾਲੇ ਤੇ ਲੋਕ ਰਾਜੀ ਕਦਰਾਂ ਕੀਮਤਾਂ ਦੇ ਮੁਦੱਈਆਂ ਦੇ ਮੋਢਿਆਂ ਉੱਤੇ ਮੈਦਾਨ ਵਿੱਚ ਡੱਟਣ ਦੀ ਜੁੰਮੇਵਾਰੀ ਪਹਿਲਾਂ ਨਾਲੋਂ ਵੱਧ ਚੁਣੌਤੀ ਬਣ ਕੇ ਉੱਭਰੀ ਹੈ। ਹਾਲ ਦੀ ਘੜੀ ਗੌਰੀ ਦੇ ਕਤਲ ਵਿਰੁਧ ਭਾਰਤ ਭਰ ਵਿੱਚ ਪੱਤਰਕਾਰਾਂ ਤੇ ਹੋਰਨਾਂ ਵਲੋਂ ਕੀਤੇ ਜਾ ਰਹੇ ਰੋਹ ਮੁਜ਼ਾਹਰੇ ਲੋਕ ਆਵਾਜ਼ ਦੇ ਜਿਉਂਦਾ ਹੋਣ ਦੇ ਸੰਕੇਤ ਹਨ। ਸ਼ਾਲਾ ਇਹ ਅਵਾਜ਼ਾਂ ਸਦਾ ਬੁਲੰਦ ਰਹਿਣ…ਗੂੰਜਦੀਆਂ ਤੇ ਕਾਲੇ ਮਨਸੂਬਿਆਂ ਵਾਲੇ ਕਾਤਲਾਂ ਨੂੰ ਵੰਗਾਰਦੀਆਂ…