ਅਖੌਤੀ ਰਾਸ਼ਟਰਵਾਦ, ਨਫ਼ਰਤ ਤੇ ਹਿੰਸਾ ਦਾ ਸੇਕ

0
915

engineer-murder-usa
ਭਾਰਤੀ ਅਤੇ ਅਮਰੀਕੀ ਅਵਾਮ ਦੀ ਪੀੜ ਸਾਂਝੀ ਬਣ ਗਈ ਹੈ। ਰਾਸ਼ਟਰਵਾਦ, ਨਫ਼ਰਤ ਤੇ ਹਿੰਸਾ ਦੀ ਸਿਆਸਤ ਆਪਣੇ ਤਾਂਡਵੀ ਰੂਪ ਵਿਚ ਆਮ ਜਨ ਮਾਨਸ ਨੂੰ ਭੈਅ-ਭੀਤ ਕਰ ਰਹੀ ਹੈ। ਉਂਜ ਇਹ ਅਖੌਤੀ ਰਾਸ਼ਟਰਵਾਦ, ਨਫ਼ਰਤ ਤੇ ਹਿੰਸਾ ਦਾ ਸੇਕ ਸਿਰਫ਼ ਇਨ੍ਹਾਂ ਦੋਹਾਂ ਮੁਲਕਾਂ ਵਿਚ ਨਹੀਂ, ਸਗੋਂ ਪੂਰੀ ਦੁਨੀਆ ਵਿਚ ਭਿਆਨਕ ਰੂਪ ‘ਚ ਸਾਹਮਣੇ ਆ ਰਿਹਾ ਹੈ।
ਅਮਰੀਕਾ ਦੇ ਕੈਨਸਾਸ ਸੂਬੇ ਵਿਚ ਭਾਰਤੀ ਇੰਜਨੀਅਰ ਨੌਜਵਾਨ ਸ੍ਰੀਨਿਵਾਸ ਕੁੱਚੀਭੋਤਲਾ ਦਾ ਕਤਲ ਸਿਰਫ਼ ਇਸ ਲਈ ਹੁੰਦਾ ਹੈ ਕਿਉਂਕਿ ਉਹ ਕਿਸੇ ਅਰਬ ਮੁਲਕ ਦਾ ਮੁਸਲਮਾਨ ਨਜ਼ਰ ਆਉਂਦਾ ਹੈ। ਕਿਉਂਕਿ ਇਸ ਮੁਲਕ ਦੇ ਨਵੇਂ ਹੁਕਮਰਾਨ ਨਹੀਂ ਚਾਹੁੰਦੇ ਕਿ ਬਾਹਰਲੇ ਮੁਲਕਾਂ ਤੋਂ ਆਏ ਲੋਕਾਂ ਨੂੰ ਇੱਥੇ ਪਨਾਹ ਦਿੱਤੀ ਜਾਵੇ, ਉਨ੍ਹਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਉਨ੍ਹਾਂ ਨੂੰ ਬਿਹਤਰੀਨ ਜੀਵਨ ਲਈ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਦੀ ਸਿੱਧੀ ਸਰਲ ਸਿਆਸੀ ਭਾਸ਼ਾ ਹੈ ਕਿ ਇਨ੍ਹਾਂ ਨੂੰ ਅਮਰੀਕਾ ਵਿਚੋਂ ਬਾਹਰ ਦਾ ਰਸਤਾ ਦਿਖਾਓ। ਉਨ੍ਹਾਂ ਦਾ ਹੁਕਮਬਰਦਾਰ ਸਾਬਕਾ ਫ਼ੌਜੀ, ਜਿਸ ਕੋਲ ਰਾਸ਼ਟਰਵਾਦ ਪ੍ਰੇਮੀ ਹੋਣ ਦਾ ‘ਸਰਟੀਫਿਕੇਟ’ ਹੈ, ਇਹ ਜ਼ਿੰਮੇਵਾਰੀ ਚੁੱਕਦਾ ਹੈ ਤੇ ਭਾਰਤੀ ਨੌਜਵਾਨ ਦੀ ਹੱਤਿਆ ਕਰ ਦਿੰਦਾ ਹੈ। ਉਂਜ ਇਹ ਪਹਿਲੀ ਵਾਰ ਨਹੀਂ ਹੋਇਆ। ਬੱਸ ਫ਼ਰਕ ਏਨਾ ਹੈ ਕਿ ਹੁਣ ਤੱਕ ਸਿੱਖ ਤੇ ਮੁਸਲਮਾਨ ਭਾਈਚਾਰਾ ਇਸ ਨਫ਼ਰਤ ਦਾ ਸ਼ਿਕਾਰ ਹੁੰਦਾ ਆਇਆ ਹੈ। ਟਰੰਪ ਦੇ ਸੱਤਾ ਵਿਚ ਆਉਣ ਮਗਰੋਂ ਹੀ ਹੁਣ ਤਕ 7-8 ਨਸਲੀ ਹਿੰਸਾ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਮੁਸਲਮਾਨ ਔਰਤਾਂ ਦੇ ਹਿਜਾਬ ਤਕ ਲਾਹੇ ਜਾਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਪਰ ਇਸ ਨਫ਼ਰਤ ਦੀ ਹਨੇਰੀ ਨੂੰ ਡੱਕਣ ਵਿਚ ਇਹੀ ਭਾਈਚਾਰਾ ਤੇ ਕੁਝ ਸੰਤੁਲਿਤ ਪਹੁੰਚ ਰੱਖਣ ਵਾਲੀਆਂ ਧਿਰਾਂ ਹੀ ਟੱਕਰਦੀਆਂ ਰਹੀਆਂ ਹਨ। ਜਿਸ ਹਿੰਦੂ ਭਾਈਚਾਰੇ ਨੇ ਜ਼ੋਰ-ਸ਼ੋਰ ਨਾਲ ਟਰੰਪ ਦੀ ਹਮਾਇਤ ਕਰਦਿਆਂ ਉਸ ਨੂੰ ਸੱਤਾ ਵਿਚ ਲਿਆਉਣ ਲਈ ਪੂਰਾ ਦਮ ਲਾਇਆ, ਅੱਜ ਉਹ ਖ਼ੁਦ ਉਸੇ ਭੈਅ ਵਿਚ ਜੀਅ ਰਿਹਾ ਹੈ। ਨਫ਼ਰਤ ਦੀ ਇਹ ਅੱਗ ਬੜੀ ਤੇਜ਼ੀ ਨਾਲ ਇਸ ਕਰ ਕੇ ਵੀ ਭੜਕ ਰਹੀ ਹੈ ਕਿਉਂ ਜੋ ਗਵਾਂਢੀ ਨਾਲ ਦੇ ਘਰ ਲੱਗੀ ਅੱਗ ਨੂੰ ਚੁੱਪ ਚਾਪ ਤੱਕ ਰਹੇ ਹਨ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਅੱਗ ਉਨ੍ਹਾਂ ਦੇ ਘਰਾਂ ਨੂੰ ਨਹੀਂ ਲੱਗੀ। ਪਰ ਸੱਚ ਇਹ ਹੈ ਕਿ ਹਵਾ ਦਾ ਰੁਖ਼ ਬਦਲਦਿਆਂ ਦੇਰ ਨਹੀਂ ਲਗਦੀ ਤੇ ਅੱਗ ਦੇ ਭਾਂਬੜ ਦੀਆਂ ਲਾਟਾਂ ਆਪਣੇ ਘਰਾਂ ‘ਤੇ ਵੀ ਮਾਰ ਕਰ ਸਕਦੀਆਂ ਹਨ।
ਭਾਰਤ ਵਿਚ ਵੀ ਨਫ਼ਰਤ ਦੀ ਇਹ ਸਿਆਸਤ ਪੂਰੀ ਖੁੱਲ੍ਹ ਖੇਡ ਰਹੀ ਹੈ। ਜਦੋਂ ਤੋਂ ਕੇਂਦਰ ਦੀ ਸੱਤਾ ਵਿਚ ਮੋਦੀ ਸਰਕਾਰ ਆਈ ਹੈ, ਇਸ ਨੇ ਅਖੌਤੀ ਰਾਸ਼ਟਰਵਾਦ ਦਾ ਨਕਾਬ ਪਾ ਕੇ ਆਪਣੇ ਬੁਨਿਆਦੀ ਹੱਕਾਂ ਲਈ ਜੂਝਦੇ ਆ ਰਹੇ ਲੋਕਾਂ ਨੂੰ ਧਰਮ, ਜਾਤ ਅਤੇ ਫਿਰਕਿਆਂ ਦੇ ਨਾਂ ‘ਤੇ ਵੰਡਣਾ ਸ਼ੁਰੂ ਕੀਤਾ ਹੋਇਆ ਹੈ। ਆਰ.ਐਸ.ਐਸ. ਦੀ ਸਰਪ੍ਰਸਤੀ ਤਹਿਤ ਭਾਜਪਾ ਦੀ ਹਕੂਮਤ ਵਾਲੇ ਸੂਬਿਆਂ ਵਿਚ ਆਪਣੇ ਹੀ ਮੁਲਕ ਦੇ ਅੰਤਰਰਾਜੀ ਮਜ਼ਦੂਰਾਂ ਅਤੇ ਕਾਮਿਆਂ ਨੂੰ ਬਾਹਰੀ ਕਹਿ ਕੇ ਨਫ਼ਰਤ ਫੈਲਾਈ ਜਾ ਰਹੀ ਹੈ। ਜਿਹੜੇ ਲੋਕ ਆਜ਼ਾਦੀ ਦੀ ਗੱਲ ਕਰ ਰਹੇ ਹਨ, ਉਹ ਇਸ ਮੁਲਕ ਤੋਂ ਆਜ਼ਾਦੀ ਨਹੀਂ ਚਾਹੁੰਦੇ, ਸਗੋਂ ਮਾਨਸਿਕ, ਆਰਥਿਕ ਅਤੇ ਸਮਾਜਿਕ ਗੁਲਾਮੀ ਤੋਂ ਆਜ਼ਾਦੀ ਚਾਹੁੰਦੇ ਹਨ, ਆਪਣੇ ਹੱਕਾਂ ਲਈ ਬੋਲਣ ਦੀ ਆਜ਼ਾਦੀ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਦੇ ਖ਼ੂਨ-ਪਸੀਨੇ ਨਾਲ ਸਿੰਜੀਆਂ ਗਈਆਂ ਬੁਨਿਆਦੀ ਲੋੜਾਂ ‘ਤੇ ਉਨ੍ਹਾਂ ਦਾ ਵੀ ਬਰਾਬਰ ਦਾ ਹੱਕ ਹੋਵੇ। ਉਨ੍ਹਾਂ ਨੂੰ ਵੀ ਬਰਾਬਰ ਦੀਆਂ ਸਿਹਤ, ਸਿੱਖਿਆ, ਰੁਜ਼ਗਾਰ, ਬਿਜਲੀ, ਸਾਫ਼ ਪਾਣੀ ਦੀਆਂ ਸਹੂਲਤਾਂ ਚਾਹੀਦੀਆਂ ਹਨ। ਪਰ ਬਦਲੇ ਵਿਚ ਉਨ੍ਹਾਂ ਨੂੰ ਰਾਸ਼ਟਰ ਵਿਰੋਧੀ ਕਿਹਾ ਜਾ ਰਿਹਾ ਹੈ। ਰਾਸ਼ਟਰਵਾਦ ਦੀ ਦੁਹਾਈ ਦੇਣ ਵਾਲੇ ਹਿੰਸਕ ਭਗਤ ਇਹ ਨਹੀਂ ਜਾਣਦੇ ਕਿ ਰਾਸ਼ਟਰ ਇੱਟਾਂ, ਗਾਰੇ, ਬੁੱਤਾਂ, ਮਹਿੰਗੇ ਸੂਟਾਂ, ਮਸ਼ੀਨਾਂ, ਮੌਲਾਂ ਨਾਲ ਨਹੀਂ ਬਣਦਾ, ਸਗੋਂ ਹਰ ਬੰਦੇ ਦੇ ਖੂਨ-ਪਸੀਨੇ ਨਾਲ ਕੋਈ ਮੁਲਕ ਬਣਿਆ ਕਰਦਾ ਹੈ।
ਭਾਰਤ ਵਿਚ ਵਸਦੇ ਇਨ੍ਹਾਂ ਰਾਸ਼ਟਰ ਭਗਤਾਂ ਨੇ ਦਿੱਲੀ ਯੂਨੀਵਰਸਿਟੀ ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ ਹੀ ਆਪਣਾ ਅੱਡਾ ਬਣਾ ਧਰਿਆ ਹੈ। ਜੇਕਰ ਕੋਈ ਆਦੀਵਾਸੀਆਂ ‘ਤੇ ਹੋ ਰਹੇ ਜ਼ੁਲਮਾਂ ਦੀ ਗੱਲ ਕਰਦਾ ਹੈ ਤਾਂ ਉਹ ਇਨ੍ਹਾਂ ਨੂੰ ਰਾਸ਼ਟਰ ਵਿਰੋਧੀ ਲਗਦਾ ਹੈ। ਜੇਕਰ ਕੋਈ ਕਸ਼ਮੀਰੀ ਨੌਜਵਾਨਾਂ ‘ਤੇ ਹੋ ਰਹੇ ਜ਼ੁਲਮਾਂ ਦੀ ਗੱਲ ਕਰਦਾ ਹੈ ਤਾਂ ਉਹ ਇਨ੍ਹਾਂ ਦੀਆਂ ਨਜ਼ਰਾਂ ਵਿਚ ਦੇਸ਼ ਧਰੋਹੀ ਹੈ। ਵਿਦਿਆਰਥੀਆਂ, ਅਧਿਆਪਕਾਂ ਦੀ ਕੁੱਟਮਾਰ ਕਰਨ ਦਾ ਇਨ੍ਹਾਂ ਨੂੰ ਲਾਇਸੈਂਸ ਮਿਲਿਆ ਹੋਇਆ ਹੈ। ਇਹ ਲਾਇਸੈਂਸ ਕਿਸੇ ਹੋਰ ਨੇ ਨਹੀਂ, ਸਗੋਂ ਮੋਦੀ ਸਰਕਾਰ ਵਲੋਂ ਚੁੱਪ-ਚਪੀਤੇ (ਅਸਲ ‘ਚ ਜਾਣ ਬੁੱਝ ਕੇ ਵੀ) ਦਿੱਤਾ ਗਿਆ ਹੈ। ਇਸ ਹਿੰਸਾ ਪ੍ਰਤੀ ਮੋਦੀ ਸਰਕਾਰ ਦੀ ਚੁੱਪ ਤੇ ਕੁਝ ਬੜਬੋਲੇ ਮੰਤਰੀਆਂ ਦੇ ਭੜਕਾਉ ਬਿਆਨ ਇਸ ਦੀ ਪ੍ਰੋਢਤਾ ਕਰਦੇ ਹਨ।
ਪਰ ਇਸ ਨਫ਼ਰਤ ਦੀ ਹਿੰਸਕ ਸਿਆਸਤ ਦਾ ਮੂੰਹ ਤੋੜ ਜਵਾਬ ਦੇਣ ਵਾਲੀਆਂ ਧਿਰਾਂ ਵੀ ਮੈਦਾਨ ਵਿਚ ਡੱਟ ਕੇ ਨਿਤਰੀਆਂ ਹੋਈਆਂ ਹਨ। ਜੇ ਸ੍ਰੀਨਿਵਾਸ ਦੇ ਹੱਕ ਵਿਚ ਅਮਰੀਕਾ ‘ਚ ਰੈਲੀਆਂ ਹੋ ਰਹੀਆਂ ਹਨ, ਵੱਖ ਵੱਖ ਧਰਮਾਂ-ਜਾਤਾਂ ਦੇ ਸੈਂਕੜੇ ਲੋਕ ਸੜਕਾਂ ‘ਤੇ ਆ ਕੇ ਆਪਣਾ ਰੋਸ ਦਰਜ ਕਰਵਾ ਰਹੇ ਹਨ, ਤਾਂ ਭਾਰਤ ਵਿਚ ਵੀ ਗੁਰਮਿਹਰ ਕੌਰ ਵਰਗੇ ਵਿਦਿਆਰਥੀ ਇਨ੍ਹਾਂ ਨੂੰ ਟੱਕਰ ਰਹੇ ਹਨ। ਗੁੰਡਾਗਰਦੀ ਖ਼ਿਲਾਫ਼ ਵਿਰੋਧ ਦਿੱਲੀ ਤੋਂ ਹੁੰਦਾ ਹੋਇਆ, ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਤਕ ਪੁੱਜ ਗਿਆ ਹੈ ਤੇ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ। ਸ਼ਰਮਨਾਕ ਗੱਲ ਤਾਂ ਉਦੋਂ ਹੁੰਦੀ ਹੈ ਜਦੋਂ ਰਾਸ਼ਟਰਵਾਦ ਦਾ ਰਾਗ ਅਲਾਪਣ ਵਾਲੇ ਸਰਕਾਰ ਦੇ ਪਾਲਤੂ ਰਾਜਸੀ ਗੁੰਡੇ ਕਾਰਗਿਲ ਦੇ ਸ਼ਹੀਦ ਫ਼ੌਜੀ ਕਪਤਾਨ ਦੀ ਧੀ ਨੂੰ ਬਲਾਤਕਾਰ ਦੀਆਂ ਧਮਕੀਆਂ ਦਿੰਦੇ ਹਨ। ਦਿੱਲੀ ਯੂਨੀਵਰਸਿਟੀ ਦੇ ਨਾਮੀ ਸਿਰੀ ਰਾਮ ਕਾਲਜ ‘ਚ ਅੰਗਰੇਜੀ ਐਮ.ਏ. ਦੀ ਵਿਦਿਆਰਥਣ ਗੁਰਮਿਹਰ ਕੌਰ ਦਾ ਕਸੂਰ ਸਿਰਫ਼ ਏਨਾ ਹੈ ਕਿ ਉਹ ਰਾਸ਼ਟਰਵਾਦ ਦਾ ਪਰਪੰਚ ਕਰਨ ਵਾਲੀ ਏ.ਬੀ.ਵੀ.ਪੀ. ਖ਼ਿਲਾਫ਼ ਖੁੱਲ੍ਹ ਕੇ ਸਾਹਮਣੇ ਆਉਂਦੀ ਹੈ ਤੇ ਆਪਣੇ ਫੇਸਬੁਕ ‘ਤੇ ਪ੍ਰੋਫਾਈਲ ਫੋਟੋ ਬਦਲ ਕੇ ਲਿਖਦੀ ਹੈ-”ਮੈਂ ਏ.ਬੀ.ਵੀ.ਪੀ. ਤੋਂ ਡਰਦੀ ਨਹੀਂ।” ਪਰ ਮੋਦੀ ਸਰਕਾਰ ਦੇ ਮੰਤਰੀ ਇਹ ਕਿਵੇਂ ਬਰਦਾਸ਼ਤ ਕਰ ਸਕਦੇ ਹਨ। ਉਨ੍ਹਾਂ ਲਈ ਦੇਸ਼ ਭਗਤ ਦੀ ਧੀ ਹੁਣ ਗ਼ਦਾਰ ਹੈ। ਕੇਂਦਰੀ ਮੰਤਰੀ ਰਿੱਜੀਜੂ ਇਥੋਂ ਤਕ ਕਹਿਣ ਤੱਕ ਚਲੇ ਗਏ ਹਨ ਕਿ ਇਸ ਲੜਕੀ ਦੇ ਦਿਮਾਗ਼ ਨੂੰ ਕੌਣ ਭ੍ਰਿਸ਼ਟ ਕਰ ਰਿਹਾ ਹੈ? ਉਨ੍ਹਾਂ ਦੀਆਂ ਨਜ਼ਰਾਂ ਵਿਚ ਬਲਾਤਕਾਰ ਦੀਆਂ ਧਮਕੀਆਂ ਦੇਣ ਵਾਲੇ ਪਾਕ-ਸਾਫ਼ ਹਨ। ਤੇ ਜ਼ੁਲਮ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੀ ਲੜਕੀ ‘ਗੰਦੇ ਦਿਮਾਗ਼’ ਦੀ ਹੈ। ਉਨ੍ਹਾਂ ਦੇ ਇਹ ਬੋਲ ਬਲਾਤਕਾਰ ਦੀਆਂ ਧਮਕੀਆਂ ਦੇਣ ਵਾਲਿਆਂ ਨੂੰ ਸਹਿਮਤੀ ਦੇ ਰਹੇ ਹਨ। ਹੱਦ ਤਾਂ ਉਦੋਂ ਹੋ ਗਈ ਜਦੋਂ ਮੋਟੀਆਂ ਰਕਮਾਂ ‘ਤੇ ਨਿਲਾਮ ਹੋ ਕੇ ‘ਦੇਸ਼’ ਲਈ ਖੇਡਣ ਵਾਲਾ ਵਿਕਾਊ ਖਿਡਾਰੀ ਵਰਿੰਦਰ ਸਹਿਵਾਗ ਵੀ ਇਸ ਬੱਚੀ ਦਾ ਮਜ਼ਾਕ ਉਡਾਉਂਦੇ ਹੋਏ, ‘ਰਾਸ਼ਟਰਵਾਦੀ’ ਹੋਣ ਦਾ ਤਗ਼ਮਾ ਖ਼ੁਦ ਹੀ ਬੜੀ ਬੇਸ਼ਰਮੀ ਨਾਲ ਅਪਣੀ ਹਿੱਕ ਉੱਤੇ ਸਜਾਉਂਦਾ ਹੈ।
ਪਰ ਇਹ ਲੋਕ ਭੁਲੇਖੇ ਵਿਚ ਹਨ। ਕੁਦਰਤ ਅਤੇ ਵਿਗਿਆਨ ਦਾ ਇਹ ਨਿਯਮ ਹੈ ਕਿ ਜਿੰਨਾ ਗੇਂਦ ਨੂੰ ਉਪਰ ਉਛਾਲੋਗੇ, ਓਨੀ ਰਫ਼ਤਾਰ ਨਾਲ ਉਹ ਹੇਠਾਂ ਆਏਗੀ। ਨਫ਼ਰਤ ਦੀ ਹਨੇਰੀ ਜਿੰਨੀ ਤੇਜ਼ ਝੁਲੇਗੀ, ਇਹਦਾ ਰੁਖ਼ ਮੋੜਨ ਵਾਲੀਆਂ ਧਿਰਾਂ ਵੀ ਉਸ ਤੋਂ ਦੁੱਗਣਾ ਤਾਣ ਲਾਉਣਗੀਆਂ।