ਸਭਾ ਦੇ ਵਿਧਾਨ ਨੂੰ ਦਰੜ ਰਹੇ ਵਿਧਾਨਕਾਰ

0
90

dastar-beadbi-in-assembly
* ਦਸਤਾਰਾਂ ਦੀ ਬੇਅਦਬੀ ਤੇ ਤੂੰ ਤੂੰ ਮੈਂ ਮੈਂ ‘ਚ ਗਵਾਚੇ ਮਸਲੇ
* ਕੈਪਟਨ ਦੇ ਦਾਬੇ ਨੇ ਕਾਨੂੰਨਾਂ ਨੂੰ ਬਣਾਇਆ ਟਿੱਚ
* ਵਿਰੋਧੀ ਧਿਰ ਦਾ ਤਾਜ ਸਜਾਉਣ ਲਈ ਉਲਝੇ ਆਪ ਤੇ ਅਕਾਲੀ
ਦਸਤਾਰਾਂ ਦੀ ਬੇਅਦਬੀ, ਕੁੱਕੜ ਖੋਹ, ਦਾਬਿਆਂ ਤੇ ਧਮਕੀਆਂ ਨਾਲ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੀ ਰਸਮ ਪੂਰੀ ਹੋ ਗਈ ਹੈ। ਆਮ ਵਰਤਾਰੇ ਵਾਂਗ ਇਹ ਨਿਰੀ ਪੁਰੀ ਅਖਬਾਰਾਂ ਦੀਆਂ ਸੁਰੱਖਿਆ ਤੱਕ ਹੀ ਸੀਮਤ ਰਹੀ। ਲੋਕਾਂ ਦੀਆਂ ਉਮੀਦਾਂ ਤੇ ਚੁਣ ਕੇ ਭੇਜੀ ‘ਜਮਹੂਰੀ’ ਸਰਕਾਰ ਰਾਜੇ ਦੇ ਦਰਬਾਰ ਦਾ ਹੀ ਭੁਲੇਖਾ ਦੇ ਰਹੀ ਸੀ।
ਇਸ ਦਫਾ ਜੇ ਕੁਝ ਨਵਾਂ ਸੀ ਤਾਂ ਉਹ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਵਿਰੋਧੀ ਧਿਰ ਸੀ ਜਿਸ ਨੇ ਪਹਿਲੀ ਵਾਰ ਇਹ ਮੁਕਾਮ ਹਾਸਲ ਕੀਤਾ ਸੀ ਤੇ ਵਰ੍ਹਿਆਂ ਤੋਂ ਹਕੂਮਤ ਕਰਦਾ ਆ ਰਿਹਾ ਸ੍ਰਅਕਾਲੀ ਦਲ ਬਾਰੇ ਮਾਣ ਖੁੱਸਣ ਮਗਰੋਂ ਵਿਰੋਧੀ ਧਿਰ ਦਾ ਰੁਤਬਾ ਖੋਹਣ ਦਾ ਯਤਨ ਕਰਦਾ ਰਿਹਾ. ਆਮ ਅਦਾਮੀ ਪਾਰਟੀ ਤੇ ਅਕਾਲੀ ਭਾਜਪਾ ਦੋਵੇਂ ਹੀ ਧਿਰਾਂ ਮਸਲਾ ਤਾਂ ਇਕੋ ਹੀ ਉਠਾ ਰਹੀਆਂ ਸਨ ਪਰ ਲੋਕਾਂ ਨੂੰ ਇਹ ਜਤਾਉਣ ਵਿਚ ਲੱਗੀਆਂ ਰਹੀਆਂ ਕਿ ਸਿਰਫ਼ ਉਹੀ ਪੰਜਾਬ ਲਈ ਫ਼ਿਕਰਮੰਦ ਹਨ। ਅਕਾਲੀ ਦਲ ਦੀ ਚਾਲ ਦੇਖ ਕੇ ਇਹ ਵੀ ਪ੍ਰਭਾਵ ਪੈ ਰਿਹਾ ਸੀ ਕਿ ਉਸ ਦਾ ਮਿਸ਼ਨ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਹਨ। ਵੈਸੇ ਥੋੜੀਆਂ ਸੀਟਾਂ ਨਾਲ ਸੱਤਾ ਤੋਂ ਖੁੱਸੀ ਆਮ ਆਦਮੀ ਪਾਰਟੀ ਵੀ ਹੁਣੇ ਤੋਂ 2022 ਲਈ ਲੰਗੋਟ ਕਸਦੀ ਪ੍ਰਤੀਤ ਹੋ ਰਹੀ ਸੀ। ਆਮ ਆਦਮੀ ਪਾਰਟੀ ਤਾਂ ਇਸ ਅੰਦਰੂਨੀ ਖਦਸ਼ੇ ਨਾਲ ਵੀ ਦੋ ਚਾਰ ਹੋ ਰਹੀ ਹੈ ਕਿ ਕਿਤੇ ਇਸ ਦੇ ਕੁਝ ਵਿਧਾਇਕ ਕਾਂਗਰਸ ਜਾਂ ਅਕਾਲੀ ਦਲ ਨਾਲ ਨਾ ਰਲ ਜਾਣ। ਇਸ ਗੱਲ ਦਾ ਕੋਈ ਉਹਲਾ ਨਹੀਂ ਰਿਹਾ ਕਿ ਬਹੁਤੇ ਲੀਡਰ ਸਿਰਫ਼ ਤੇ ਸਿਰਫ਼ ਹਕੂਮਤ ਦਾ ਲਾਹਾ ਲੈਣ ਲਈ ਹੀ ‘ਆਪ’ ਨਾਲ ਜੁੜੇ ਤੇ ਹੁਣ ਜਦੋਂ ਸੱਤਾ ਹੱਥ ਨਾ ਆਈ ਤਾਂ ਉਹ ਕੋਈ ਵੀ ਅਜਿਹਾ ਫੈਸਲਾ ਲੈ ਸਕਦੇ ਹਨ ਜਿਸ ਨਾਲ ਲੋਕਾਂ ਨੂੰ ਹੈਰਾਨੀ ਨਹੀਂ ਹੋਣ ਵਾਲੀ। ਉਧਰ ਸ੍ਰਅਕਾਲੀ ਦਲ ਨੂੰ ਲਗਦਾ ਹੈ ਕਿ ਜੇ ਵਿਰੋਧੀ ਧਿਰ ਦੀ ਭੂਮਿਕਾ ਸਖ਼ਤੀ ਨਾਲ ਨਾ ਨਿਭਾਈ ਤਾਂ ਉਨ੍ਹਾਂ ਦਾ ਜ਼ਮੀਨੀ ਵਰਕਰ ਟੁੱਟ ਕੇ ਕਾਂਗਰਸ ਜਾਂ ਆਮ ਆਦਮੀ ਪਾਰਟੀ ਨਾਲ ਜੁੜ ਸਕਦਾ ਹੈ।
ਦਸ ਸਾਲ ਸੱਤਾ ਤੋਂ ਤਾਂ ਕਾਂਗਰਸ ਲਾਂਭੇ ਰਹੀ ਹੀ ਸੀ, ਸਗੋਂ ਵਿਰੋਧੀ ਧਿਰ ਦੀ ਭੂਮਿਕਾ ਵੀ ਸਹੀ ਢੰਗ ਨਾਲ ਨਹੀਂ ਸੀ ਨਿਭਾ ਸਕੀ। ਜਿਨ੍ਹਾਂ ਮਸਲਿਆਂ ਨੂੰ ਲੈ ਕੇ ਉਹ ਹੌਲੀ ਸੁਰ ਵਿਚ ‘ਬਾਈਕਾਟ’ ‘ਤੇ ਹੀ ਰਹੀ ਉਨ੍ਹਾਂ ਮਸਲਿਆਂ ਨੂੰ ਅੱਜ ‘ਆਪ’ ਤੇ ਅਕਾਲੀ ਜ਼ੋਰ ਸ਼ੋਰ ਨਾਲ ਚੁੱਕ ਰਹੇ ਹਨ। ਕਾਂਗਰਸ ਇਸ ਵਾਰ ਵੀ ਆਪਣੀ ਕੋਈ ਸਾਫ਼ ਸੁਥਰੀ ਦਿਖ ਤਾਂ ਪੇਸ਼ ਨਹੀਂ ਕਰ ਸਕੀ, ਉਲਟਾ ਇਸ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਨੂੰ ਘੁਰਕੀਆਂ ਦੇ ਕੇ ਚੁੱਪ ਕਰਾਉਂਦੇ ਰਹੇ। ਪੰਜਾਬੀਆਂ ਲਈ ਇਸ ਤੋਂ ਵੱਡੀ ਦੁੱਖ ਦੀ ਗੱਲ ਕੀ ਹੋ ਸਕਦੀ ਹੈ ਕਿ ਆਪਣੀ ਧਰਤੀ ਦੇ ਕੁਦਰਤੀ ਖਜ਼ਾਨਿਆਂ ਨੂੰ ਉਹ ਸਿਆਸੀ ਧਿਰਾਂ ਵੱਲੋਂ ਬੁਰੀ ਤਰ੍ਹਾਂ ਲੁੱਟ ਹੁੰਦਾ ਦੇਖਦੇ ਰਹੇ ਹਨ। ਉਦੋਂ ਤਾਂ ਸੂਬੇ ਦਾ ਕਾਨੂੰਨ ਵੀ ਚਿੱਥਾ ਪੈ ਗਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਜ਼ੀਰ ਗੁਰਜੀਤ ਸਿੰਘ ਰਾਣਾ ਨੂੰ ਬਚਾਉਂਦਿਆਂ ਅਕਾਲੀਆਂ ਨੂੰ ਦਾਬਾ ਮਾਰਿਆ ਕਿ ‘ਚੁੱਪ ਕਰਕੇ ਬੈਠ ਜਾਓ ਮੇਰੇ ਕੋਲ ਤੁਹਾਡੇ 10 ਲੀਡਰਾਂ ਦੀ ਸੂਚੀ ਹੈ ਜੋ ਰੇਤਾ, ਬਜਰੀ ਦੀ ਲੁੱਟ ਕਰ ਰਹੇ ਹਨ’। …..ਤੇ ਅਕਾਲੀ ਉਸੇ ਵੇਲੇ ਚੁੱਪ ਕਰਕੇ ਬੈਠ ਗਏ। ਸੂਬੇ ਦਾ ਮੁੱਖ ਮੰਤਰੀ ਇਹ ਭਲੀ ਭਾਂਤ ਜਾਣਦਾ ਹੈ ਕਿ ਕੌਣ ਲੁੱਟ ਕਰਦਾ ਤੇ ਕਰਵਾਉਂਦਾ ਰਿਹਾ ਹੈ । ਹੁਣ ਉਨ੍ਹਾਂ ਲੁਟੇਰਿਆਂ ਖਿਲਾਫ਼ ਕਾਰਵਾਈ ਨਹੀਂ ਹੋ ਰਹੀਂ ਸਗੋਂ ਲੁੱਟ ਕੇ ਖਾਣ ਦੀ ਆਪਣੀ ਵਾਰੀ ਨੂੰ ਸ਼ਰੇਆਮ ਜਾਇਜ਼ ਠਹਿਰਾਇਆ ਜਾ ਰਿਹਾ ਹੈ।
ਵਿਧਾਨ ਸਭਾ ਵਿਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਉਨ੍ਹਾਂ ਗੱਲਾਂ ਤੇ ਅਮਲ ਕਰਦੇ ਰਹੇ, ਜਿਨ੍ਹਾਂ ਦਾ ਉਹ ਜਨਤਕ ਤੌਰ ‘ਤੇ ਵਿਰੋਧ ਕਰਦੇ ਰਹੇ ਹਨ। ਸ਼ਾਤਰਾਨਾ ਢੰਗ ਨਾਲ ਉਨ੍ਹਾਂ ਵੀ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਲੋਕਾਂ ‘ਤੇ ਕਿਸੇ ਨਵੇਂ ਟੈਕਸ ਦਾ ਬੋਝ ਨਹੀਂ ਪਾਇਆ ਗਿਆ। ਜਦਕਿ ਇਹ ਟੈਕਸ ਆਉਣ ਵਾਲੇ ਦਿਨਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਸਾਹਮਣੇ ਆਉਣ ਵਾਲੇ ਹਨ। ਕਿਸਾਨੀ ਮਸਲੇ ‘ਤੇ ਵੀ ਇਹੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਧਾਰਾ 67 ਏ ਖ਼ਤਮ ਕਰ ਦਿੱਤੀ ਹੈ ਤੇ ਹੁਣ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਹੋਵੇਗੀ ਜਦਕਿ ਇਹ ਹੁਕਮ ਤਾਂ ਪਹਿਲਾਂ ਹੀ ਲਾਗੂ ਸੀ। ਅਸਲ ਮਸਲਾ ਤਾਂ ਕਿਸਾਨਾਂ ਸਿਰ ਬੈਂਕਾਂ ਦੇ ਨਾਲ ਆੜ੍ਹਤੀਆਂ, ਸ਼ਾਹੂਕਾਰਾਂ ਦੇ ਕਰਜ਼ੇ, ਕਿਸਾਨਾਂ ਦੀਆਂ ਖੁਦਕੁਸ਼ੀਆਂ ਕਿਸਾਨੀ ਦੀ ਮੰਦੀ ਹਾਲਤ ਹੈ।
ਵਿਧਾਨ ਸਭਾ ਦਾ ਪਹਿਲਾ ਸੈਸ਼ਨ ਭਾਵੇਂ ਇਸ ਵਾਰ ਬੇਲੋੜੇ ਖੱਪ-ਖਾਨੇ, ਬੇਸਿੱਟਾ ਹੀ ਖਤਮ ਹੋ ਗਿਆ ਹੈ ਪਰ ਸਿਆਸਤ ਜਿਸ ਨਿਘਾਰ ਵੱਲ ਜਾ ਰਹੀ ਹੈ, ਆਉਣ ਵਾਲੇ ਸੈਸ਼ਨ ਵੀ ਇਸੇ ਤਰ੍ਹਾਂ ਦੇ ਨਾ ਹੋ ਕੇ ਇਸ ਤੋਂ ਵੀ ਬਦਤਰ ਹੋਣਗੇ। ਪੰਜਾਬੀਆਂ ਦੀ ਲੜਾਈ ਅਜੇ ਬਹੁਤ ਲੰਬੀ ਦਿਖਾਈ ਦੇ ਰਹੀ ਹੈ।