ਸਿਆਸੀ ਸਦਾਚਾਰ ਇਹ ਨਹੀਂ ਸਿਖਾਉਂਦਾ

0
384

capt-sajjan
ਕੈਪਟਨ ਨੇ ਨਿੱਜੀ ਕਿੜ ਕੱਢਣ ਲਈ ਕੀਤਾ ਗਲਤ ਵਾਰ
ਸਿਆਸੀ ਵਿਰੋਧਾਂ ਅਤੇ ਮੱਤਭੇਦਾਂ ਦਾ ਵੀ ਆਪਣਾ ਸਦਾਚਾਰ ਹੁੰਦਾ ਹੈ। ਮਨੁੱਖੀ ਰਿਸ਼ਤੇ ਇਨ੍ਹਾਂ ਵਕਤੀ ਵਿਰੋਧਾਂ ਤੋਂ ਪਾਰ ਹੁੰਦੇ ਹਨ ਅਤੇ ਅਜਿਹਾ ਯਕੀਨੀ ਬਣਾਉਣ ਲਈ ਛੋਟੀਆਂ ਛੋਟੀਆਂ ਗੱਲਾਂ/ਘਟਨਾਵਾਂ ਤੋਂ ਉਪਰ ਉਠਣਾ ਪੈਂਦਾ ਹੈ। ਸਿਆਸੀ ਵਿਰੋਧ ਜਦੋਂ ਨਿੱਜੀ ਦੁਸ਼ਮਣੀ ਵਿੱਚ ਬਦਲਦਾ ਹੈ ਤਾਂ ਸਾਰੇ ਮਿਆਰਾਂ ਦਾ ਘਾਣ ਹੋ ਜਾਂਦਾ ਹੈ। ਬਦਕਿਸਮਤੀ ਨਾਲ ਅਜੋਕੇ ਸਮਿਆਂ ਵਿੱਚ ਆਮ ਲੋਕਾਂ ਦੇ ਮੁਕਾਬਲੇ ਸਾਡੇ ਸਿਆਸੀ ਇੱਥੋਂ ਤੱਕ ਕਿ ਧਾਰਮਿਕ ਰਹਿਨੁਮਾ ਅਖ਼ਵਾਉਣ ਵਾਲਿਆਂ ਦੀ ਸੋਚ ਬੇਹੱਦ ਸੰਕੀਰਨ ਤੇ ਦਿਨੋਂ ਦਿਨ ਹੋਰ ਛੋਟੀ ਹੁੰਦੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਬਾਰੇ ਕਹੇ ਸ਼ਬਦ ਰਾਜਸੀ ਆਗੂਆਂ ਦੀ ਅਜਿਹੀ ਹੀ ਬਿਰਤੀ ਦਾ ਪ੍ਰਗਟਾ ਹਨ।  ਕਾਂਗਰਸੀ, ਭਾਰਤੀ ਜਨਤਾ ਪਾਰਟੀ ਜਾਂ ਕਮਿਉਨਿਸਟ ਪਾਰਟੀ ਦਾ ਕੋਈ ਐਰਾ ਗੈਰਾ ਨੱਥੂ ਖ਼ੈਰਾ ਅਜਿਹੀ ਸ਼ੋਹਦੀ ਗੱਲ ਕਰੇ ਤਾਂ ਸਮਝ ਆ ਸਕਦੀ ਹੈ ਕਿ ਇਨ੍ਹਾਂ ਦੀ ਜੋ ਔਕਾਤ ਹੈ, ਉਹੀ ਕੁਝ ਕਹਿਣ/ਕਰਨਗੇ। ਅਜਿਹੇ ਅਨਸਰਾਂ ਦੇ ਬੁਖਲਾਹਟ ਭਰੇ ਬਿਆਨਾਂ ਨੂੰ ਅੱਖੋਂ ਪ੍ਰੋਖੇ ਕੀਤਾ ਜਾਣਾ ਬਣਦਾ ਹੈ। ਪਰ ਪੰਜਾਬ ਦੇ ਮੁੱਖ ਮੰਤਰੀ ਵਲੋਂ ਅਜਿਹੇ ਦੋਸ਼ ਲਾਉਣੇ ਅਤੇ ਮਿਲਣ ਤੋਂ ਨਾਂਹ ਕਰਨੀ ਬਹੁਤ ਹੀ ਇਤਰਾਜ਼ਯੋਗ ਕਾਰਵਾਈ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਦੁਨੀਆ ਦੇ ਇੱਕ ਅਤਿ ਅਹਿਮ ਅਤੇ ਘੱਟ ਗਿਣਤੀ ਤੇ ਆਵਾਸੀ ਭਾਈਚਾਰਿਆਂ ਦੇ ਰਾਜਸੀ ਤੇ ਮਾਨਵੀ ਹੱਕਾਂ ਪ੍ਰਤੀ ਸੰਵੇਦਨਸ਼ੀਲ ਮੁਲਕ ਦੇ ਰੱਖਿਆ ਮੰਤਰੀ ਦੇ ਬਹੁਤ ਹੀ ਮਹੱਤਵਪੂਰਨ ਅਹੁਦੇ ਉੱਤੇ ਬਿਰਾਜਮਾਨ ਹੋਣ ਦਾ ਮਾਣ ਪ੍ਰਾਪਤ ਕਰਨ ਵਾਲੇ ਸਿੱਖ ਆਗੂ ਨਾਲ ਉਸ ਦੀ ਆਪਣੀ ਹੀ ਜਨਮਭੂਮੀ ਦਾ ਮੁੱਖ ਮੰਤਰੀ ਚਾਈਂ ਚਾਈਂ ਜੀ ਆਇਆਂ ਕਹਿ ਗਲਵਕੜੀ ਪਾਉਣ ਦੀ ਥਾਂ ‘ਅਪਰਾਧੀਆਂ ਵਾਲਾ ਸਲੂਕ’ ਕਰੇ। ਪੰਜਾਬੀ ਖ਼ਾਸ ਕਰ ਸਿੱਖ ਭਾਈਚਾਰਾ ਤਾਂ ਗੈਰਾਂ ਲਈ ਵੀ ‘ਬਾਹਾਂ ਖੋਲ੍ਹ ਕੇ ਖੁਲ੍ਹ ਦਿਲੀ ਨਾਲ ਮੇਜ਼ਬਾਨੀ’ ਕਰਨ ਕਰਕੇ ਦੁਨੀਆ ਭਰ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਕੈਨੇਡਾ ਸਰਕਾਰ ਵਿੱਚ ਸਿੱਖ ਭਾਈਚਾਰੇ ਦਾ ਅੱਜ ਤੱਕ ਦਾ ਸਭ ਤੋਂ ਅਹਿਮ ਨੁਮਾਇੰਦਾ ਹਰਜੀਤ ਸਿੰਘ ਕਿਸੇ ਦਾ ਦੁਸ਼ਮਣ ਜਾਂ ਵੈਰ ਵਿਰੋਧ ਦੀ ਭਾਵਨਾ ਤਾਂ ਕੀ ਆਪਣੇ ਪਰਿਵਾਰਕ ਵਿਰਸੇ ਵਜੋਂ ‘ਸੱਜਣ’ ਹੈ। ਨਾਂਅ ਵਜੋਂ ਹੀ ਨਹੀਂ ਆਪਣੇ ਜੀਵਨ ਕਾਲ ਦੌਰਾਨ ਕੀਤੇ ਕਾਰਜਾਂ ਵਜੋਂ ਵੀ। ਬਾਕੀ ਪੱਖਾਂ ਬਾਰੇ ਵਿਸਥਾਰ ਵਿੱਚ ਨਾ ਜਾਂਦੇ ਹੋਏ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਬਿਨਾਂ ਕਿਸੇ ਸਬੂਤ ਦੇ ਕਿਸੇ ਦੇਸ਼ ਦੇ ਮੰਤਰੀ ਨੂੰ ‘ਅਤਿਵਾਦੀ’ ਗਰਦਾਨਿਆ ਜਾ ਸਕਦਾ ਹੈ? ਅੱਗੋਂ ਅਜਿਹਾ ਖਿਤਾਬ ਦੇਣ ਵਾਲਾ ਕਿਸੇ ਸੂਬੇ ਦਾ ਲੋਕਰਾਜੀ ਢੰਗ ਨਾਲ ਚੁਣਿਆ ਮੁੱਖ ਮੰਤਰੀ ਹੋਵੇ। ਜੇ ਆਪਣੇ ਜੱਦੀ ਘਰ ਆਇਆ ਮਹਿਮਾਨ ਮੰਤਰੀ ਹੋਵੇ ਵੀ ਆਪਣੀ ਕੌਮ ਦੇ ਮਿੱਤਰ ਦੇਸ਼ ਦਾ ਫੇਰ ਤਾਂ ਕੁਝ ਪਲਾਂ ਲਈ ਕਿਸੇ ਦਾ ‘ਅਪਰਾਧੀ’ ਹੋਣਾ ਵੀ ਗੁਨਾਹ ਨਹੀਂ ਲੱਗਣਾ ਚਾਹੀਦਾ। ਭਾਰਤ ਅਤੇ ਪੰਜਾਬ ਦੇ ਦੌਰੇ ਉੱਤੇ ਆਏ ਕੈਨੇਡਾ ਦੇ ਸਿੱਖ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ‘ਖਾਲਿਸਤਾਨੀ’ ਕਹਿ ਕੇ ਅਮਰਿੰਦਰ ਸਿੰਘ ਨੇ ਸੱਜਣ ਦਾ ਸਿਰਫ਼ ਵਿਦੇਸ਼ਾਂ ਵਿਚਲੇ ਹੀ ਨਹੀਂ ਸਗੋਂ ਪੰਜਾਬ ਵਿੱਚ ਉਸ ਨਾਲੋਂ ਵੀ ਵੱਧ ਸਤਿਕਾਰ ਅਤੇ ਪਿਆਰ ਵਧਾਇਆ ਹੈ। ਜਿਸ ਪੱਧਰ ਉੱਤੇ ਕੈਨੇਡਾ, ਅਮਰੀਕਾ, ਯੂਰਪ ਅਤੇ ਹੋਰਨਾਂ ਮੁਲਕਾਂ ਵਿੱਚ ਸਿੱਖ ਭਾਈਚਾਰਾ ਹਰਜੀਤ ਸਿੰਘ ਦੇ ਹੱਕ ਵਿੱਚ ਨਿਤਰਿਆ ਹੈ, ਉਹ ਅਮਰਿੰਦਰ ਸਿੰਘ ਦੇ ਗਲਤ ਸਟੈਂਡ ਦਾ ਕਰਾਰਾ ਜਵਾਬ ਹੈ। ਹਰਜੀਤ ਸਿੰਘ ਕਾਨੂੰਨੀ ਢੰਗ ਨਾਲ ਕੈਨੇਡਾ ਰਹਿੰਦਿਆਂ ਉੱਥੋਂ ਦੇ ਬਹੁਕੌਮੀ ਭਾਈਚਾਰੇ ਦਾ ਸਰਗਰਮ ਅਤੇ ਜ਼ੁੰਮੇਵਾਰ ਮੈਂਬਰ ਹੁੰਦੇ ਹੋਏ ਆਪਣੀ ਯੋਗਤਾ ਅਤੇ ਸਮਾਜਿਕ ਪ੍ਰਤੀਬੱਧਤਾ ਦੇ ਜ਼ੋਰ ਉੱਚੇ ਸਰਕਾਰੀ ਰੁੱਤਬੇ ਤੱਕ ਪਹੁੰਚਿਆ ਹੈ। ਉਸ ਨੇ ਅਜਿਹਾ ਕੋਈ ਵੀ ਸਮਾਜ ਵਿਰੋਧੀ ਜਾਂ ਹਿੰਸਕ ਕੰਮ ਨਹੀਂ ਕੀਤਾ ਜਿਸ ਕਰਕੇ ਉਸ ਨੂੰ ‘ਅਤਿਵਾਦੀ ਜਾਂ ਖ਼ਤਰਨਾਕ’ ਕਿਹਾ ਜਾ ਸਕਦਾ ਹੋਵੇ। ਪੰਜਾਬ ਵਿੱਚ ਵੀ ਉਸ ਵਲੋਂ ਇੱਕ ਬੱਚੇ ਵਜੋਂ ਰਹਿੰਦਿਆਂ ਜਾਂ ਬਾਅਦ ‘ਚ ਕੈਨੇਡਾ ਤੋਂ ਆਪਣੇ ਪਿੰਡ ਤੇ ਸੂਬੇ ਦੀ ਫੇਰੀ ਦੌਰਾਨ ਕਦੇ ਅਜਿਹਾ ਕੁਝ ਕੀਤਾ ਅੱਜ ਤੱਕ ਸੁਣਿਆ ਜਾਂ ਸਾਹਮਣੇ ਨਹੀਂ ਆਇਆ, ਜਿਸ ਦੇ ਬਹਾਨੇ ‘ਸਮਾਜਿਕ ਸਜ਼ਾ’ ਸੁਣਾਈ ਤੇ ਲਾਈ ਜਾਵੇ। ਸਿਆਸੀ ਮਾਹਰ ਅਤੇ ਸਿੱਖ ਹਲਕੇ ਹੈਰਾਨ ਹਨ ਕਿ ਆਖ਼ਰ ਅਮਰਿੰਦਰ ਸਿੰਘ ਨੂੰ ਕਿਹੜੇ ਗੁਪਤ ਅਤੇ ਭਰੋਸੇਯੋਗ ਸੂਤਰਾਂ ਨੇ ਹਰਜੀਤ ਸਿੰਘ ਸੱਜਣ ਦਾ ‘ਖਾਲਿਸਤਾਨੀ ਅਤਿਵਾਦੀ’ ਹੋਣ ਦੇ ਪੁਖਤਾ ਸਬੂਤ ਦਿੱਤੇ ਹਨ। ਵੈਸੇ ਤਾਂ ‘ਖਾਲਿਸਤਾਨੀ’ ਜਾਂ ‘ਹਮਦਰਦ’ ਹੋਣ ਨਾਲ ਵੀ ਆਪਣੇ ਹੀ ਕੌਮ ਦੇ ਵਿਦੇਸ਼ ਵਸਦੇ ਆਗੂ ਪ੍ਰਤੀ ਇੰਨੀ ਬੇਰੁੱਖੀ ਅਤੇ ਉਹ ਵੀ ਸ਼ਰੇਆਮ/ਐਲਾਨੀਆ ਅੱਜ ਤੱਕ ਘੱਟ ਹੀ ਵੇਖੀ/ਸੁਣੀ ਹੈ। ਵੈਸੇ ਭਾਰਤ ਦੀ ਪਾਰਲੀਮੈਂਟ ਦਾ ਦੋ ਵਾਰ ਮੈਂਬਰ ਰਹਿ ਚੁੱਕੇ ਪਟਿਆਲਾ ਦੇ ਸ਼ਾਹੀ ਘਰਾਣੇ ਦੇ ਵਾਰਸ ਨੂੰ ਇਹ ਪਤਾ ਹੀ ਹੋਣਾ ਚਾਹੀਦਾ ਹੈ ਕਿ ‘ਖਾਲਿਸਤਾਨੀ’ ਹੋਣਾ ਅਪਰਾਧ ਨਹੀਂ। ਇਹ ਤਾਂ ਫੈਸਲਾ ਭਾਰਤੀ ਸੁਪਰੀਮ ਕੋਰਟ ਦਾ ਹੈ। ਉਸ ਦੇ ਆਪਣੇ ਸਕੇ ਸਾਢੂ ਸਿਮਰਨਜੀਤ ਸਿੰਘ ਮਾਨ ਨੇ ‘ਖਾਲਿਸਤਾਨ’ ਦੇ ਮੁੱਦੇ ਉੱਤੇ ਚੋਣ ਲੜਣ ਦਾ ਅਧਿਕਾਰ ਕਾਨੂੰਨੀ ਲੜਾਈ ਰਾਹੀਂ ਲਿਆ। ‘ਖਾਲਿਸਤਾਨੀ’ ਹੋਣਾ ਅਤੇ ‘ਅਤਿਵਾਦੀ’ ਹੋਣਾ ਦੋ ਵੱਖ ਵੱਖ ਪੱਖ ਹਨ। ਸੱਜਣ ਨਾ ਵੱਖਵਾਦੀ ਹੈ ਤੇ ਨਾਂਅ ‘ਅਤਿਵਾਦੀ’। ਜੇ ਕੋਈ ਭੁਲੇਖਾ ਸੀ ਵੀ ਤਾਂ ਉਸ ਵਲੋਂ ਇਸ ਹਫ਼ਤੇ ਦਿੱਲੀ ਪੁੱਜਣ ਬਾਅਦ ਦਿੱਤੇ ਬਿਆਨ ਕਿ ‘ਉਹ ਕਿਸੇ ਮੁਲਕ ਦੇ ਟੋਟੇ ਹੋਣ ਦਾ ਹਮਾਇਤੀ ਨਹੀਂ, ਨੇ ਅਮਰਿੰਦਰ ਸਿੰਘ ਦੀ ਸਾਰੀਆਂ ਦਲੀਲਾਂ, ਜਿਨ੍ਹਾਂ ਵਿੱਚ ਵੈਸੇ ਵੀ ਕੋਈ ਦਮ ਨਹੀਂ ਸੀ, ਉੱਤੇ ਪੂਰੀ ਤਰ੍ਹਾਂ ਪਾਣੀ ਫੇਰ ਦਿੱਤਾ ਹੈ। ਜੱਗ ਜ਼ਾਹਰ ਹੈ ਕਿ ਅਸਲ ਵਿੱਚ ਅਮਰਿੰਦਰ ਸਿੰਘ ਨੇ ਪਿਛਲੇ ਸਾਲ ਉਸ ਦੇ ਅਮਰੀਕਾ-ਕੈਨੇਡਾ ਦੇ ਦੌਰੇ ਦੌਰਾਨ ਕੁਝ ਸਿੱਖਾਂ ਵਲੋਂ ਵਿਰੋਧ ਅਤੇ ਕਨੂੰਨੀ ਅੜਚਣਾਂ ਪਾਉਣ ਦੀ ਰੰਜ਼ਿਸ਼ ਹੀ ਉਸ ਦੇ ਇਸ ਦੇ ਗੁੱਭ-ਗੁਭਾਟ ਦਾ ਇੱਕੋ ਇੱਕ ਕਾਰਨ ਹੈ। ਪਹਿਲਾਂ ਅਪਰੇਸ਼ਨ ਸਟਾਰ ਵਿਰੁੱਧ ਰੋਸ ਵਜੋਂ ਲੋਕ ਸਭਾ ਮੈਂਬਰ ਵਜੋਂ ਅਸਤੀਫ਼ਾ ਦੇਣ ਅਤੇ ਫਿਰ ਪਿਛਲੀ ਵਾਰ ਮੁੱਖ ਮੰਤਰੀ ਵਜੋਂ ਪੰਜਾਬ ਦੇ ਪਾਣੀਆਂ ਬਾਰੇ ਦਲੇਰਾਨਾ ਸਟੈਂਡ ਲੈਣ ਨਾਲ ਸਿੱਖਾਂ ਵਿੱਚ ਜਿਹੜਾ ਸਤਿਕਾਰ ਤੇ ਹਮਾਇਤ ਅਮਰਿੰਦਰ ਸਿੰਘ ਨੇ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ ਸੀ, ਅਪਣੀ ਇਸ ਅੱਖੜ ਕਾਰਵਾਈ ਨਾਲ ਖੁਦ ਹੀ ਮਲੀਆਮੇਟ ਕਰ ਲਿਆ ਹੈ। ਇਸ ਦੇ ਬਾਵਜੂਦ ਦਿੱਲੀ ਦੀ ਮੋਦੀ ਸਰਕਾਰ ਦੁਆਰਾ ਹਰਜੀਤ ਸਿੰਘ ਸੱਜਣ ਦਾ ਸਤਿਕਾਰ ਤੇ ਸਵਾਗਤ ਅਤੇ ਸਭ ਕੁੜਿਤਣਾਂ ਭੁਲਾ ਕੇ ਸੱਜਣ ਦਾ ਇਹ ਕਹਿਣਾ ‘ਮੇਰੀ ਆਪਣੇ ਪਿੱਤਰੀ ਰਾਜ ਪੰਜਾਬ ਦੇ ਲੋਕ ਨੁਮਾਇੰਦੇ (ਮੁੱਖ ਮੰਤਰੀ) ਨੂੰ ਮਿਲਣ ਦੀ ਤਾਂਘ ਹੈ।’ ਕੈਪਟਨ ਲਈ ਭਵਿੱਖ ਵਿੱਚ ‘ਸਿੱਖਣ/ਸਮਝਣ’ ਵਾਲੀ ਗੱਲ ਹੈ। ਖ਼ਾਸ ਕਰ ਉਸ ਦੇ ਸਲਾਹਕਾਰਾਂ ਲਈ ਤਾਂ ਇਹ ਕਾਂਡ ਭਵਿੱਖ ਵਿੱਚ ਉਨ੍ਹਾਂ ਦੀ ‘ਸਿਆਣਪ’ ਦੀ ਕਸਵੱਟੀ ਹੋਵੇਗਾ। ਸਿੱਖ ਇਤਿਹਾਸ, ਧਰਮ, ਸਭਿਆਚਾਰ ਅਤੇ ਸਿਆਸਤ ਬਾਰੇ ਕਿਤਾਬਾਂ ਦੇ ਲੇਖਕ ਅਮਰਿੰਦਰ ਸਿੰਘ ਨੇ ਅਜਿਹੀ ‘ਭੜਕਾਊ ਤੇ ਅੜੀਅਲ’ ਕਾਰਵਾਈ ਕਰਕੇ ਵਿਰੋਧੀਆਂ ਨੂੰ ਉਸ ਦੇ ‘ਖਾਨਦਾਨੀ ਪਿਛੋਕੜ ਅਤੇ ਸਿੱਖ ਮਸਲਿਆਂ ਪ੍ਰਤੀ ਉਸ ਦੀ ਪਹੁੰਚ ਵਿਚਲੀ ਸੁਹਿਰਦਤਾ’ ਨੂੰ ਸ਼ੱਕ ਦੇ ਕਟਹਿਰੇ ਵਿੱਚ ਖੜ੍ਹਾ ਕਰਨ ਦਾ ਮੌਕਾ ਦੇ ਦਿੱਤਾ ਹੈ। ਇਤਿਹਾਸ ਤਾਂ ਛੋਟੀਆਂ ਗਲਤੀਆਂ ਲਈ ਵੀ ਕਿਸੇ ਨੂੰ ਬਖ਼ਸ਼ਦਾ ਨਹੀਂ।