‘ਆਪ’ ਦਾ ਅੰਦਰੂਨੀ ਕਾਟੋ-ਕਲੇਸ਼

0
524

aap-punjab
ਲੋਕਾਂ ਦੀ ਨੁਮਾਇੰਦਾ ਕਹਾਉਂਦੀ ਪਾਰਟੀ ਨੂੰ ਛੋਟੀ ਉਮਰੇ ਲੈ ਬੈਠੇਗਾ ‘ਅਧਰੰਗ’
ਭਾਰਤ ਦੇ ਬੇਹੱਦ ਭ੍ਰਿਸ਼ਟ ਰਾਜਸੀ ਮਾਹੌਲ ਨੂੰ ਸੰਵਾਰਨ ਲਈ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ (‘ਆਪ’) ਦੀ ਪੰਜਾਬ ਇਕਾਈ ਵਿੱਚ ਅੱਜ ਕਲ੍ਹ ਜੋ ਕੁਝ ਰਿੱਝ-ਪੱਕ ਰਿਹਾ ਹੈ, ਉਹ ਰਾਜ ਵਿਚਲੀਆਂ ਹੋਰਨਾਂ ਮੁੱਖ ਰਾਜਸੀ ਪਾਰਟੀਆਂ ਸੱਤਾਧਾਰੀ ਕਾਂਗਰਸ, ਅਕਾਲੀ ਦਲ (ਬਾਦਲ) ਤੇ ਉਸਦੀ ਭਾਈਵਾਲ ਭਾਜਪਾ ਦੇ ਕਿਰਦਾਰ ਨਾਲੋਂ ਬਹੁਤਾ ਵੱਖਰਾ ਨਹੀਂ। ਸਗੋਂ ‘ਆਪ’ ਦੇ ਅੰਦਰੂਨੀ ਕਾਟੋ-ਕਲੇਸ਼ ਦੀ ਆੜ ਵਿੱਚ ਸਿਰੇ ਦੇ ਭ੍ਰਿਸ਼ਟ, ਬੇਈਮਾਨ ਤੇ ਪੰਜਾਬ ਨੂੰ ਦੋਹੀਂ ਹੱਠੀ ਲੁਟਣ ਵਾਲੇ ਵਿਰੋਧੀਆਂ ਨੂੰ ਪਾਰਟੀ ਦੇ ਸੂਬਾਈ ਆਗੂਆਂ ਦੇ ਨਾਲ ਨਾਲ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਉੱਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਉਣ, ਚਿੱਕੜ ਉਛਾਲਣ, ਪਾਰਟੀ ਦੇ ਸਿਧਾਂਤਾਂ ਤੇ ਕਿਰਦਾਰ ਦੀ ਖਿੱਲੀ ਉਡਾਉਣ ਦਾ ਮੌਕਾ ਮਿਲ ਰਿਹਾ ਹੈ।
ਰਾਜ ਵਿਧਾਨ ਸਭਾ ਵਿੱਚ ਪਾਰਟੀ ਦੇ ਮੁਖੀ ਅਤੇ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ Àੁੱਤੇ ਬਿਰਾਜਮਾਨ ਸੁਖਪਾਲ ਸਿੰਘ ਖਹਿਰਾ ਦੇ ਇੱਕ ਹੇਠਲੀ ਅਦਾਲਤ ਵਲੋਂ ਜਲਾਲਾਬਾਦ ਦੇ ਥਾਣਾ ਸਦਰ ਵਿੱਚ 5 ਮਾਰਚ, 2015 ਨੂੰ ਦਰਜ ਹੋਏ ਕੇਸ ‘ਚ ਸਹਿ-ਮੁਲਜ਼ਮ ਵੱਲੋਂ ਸੰਮਨ ਜਾਰੀ ਕਰਨ ਦੇ ਮਾਮਲੇ ‘ਚ ਪਾਰਟੀ ਦੇ ਕੌਮੀ ਤੇ ਸੂਬਾਈ ਪੱਧਰ ਦੇ ਸੀਨੀਅਰ ਆਗੂਅ ਤੇ ਵਿਧਾਇਕ ਬਚਗਾਨਾ ਢੰਗ ਨਾਲ ਜਿਹੜੀਆਂ ਹਰਕਤਾਂ ਤੇ ਵਿਵਹਾਰ ਕਰ ਰਹੇ, ਉਹ ਪਾਰਟੀ ਦੇ ਭਵਿੱਖ ਲਈ ਨੁਕਸਾਨਦੇਹ ਹੋ ਸਕਦਾ ਹੈ।
ਖਹਿਰਾ ਨੂੰ ਡਰੱਗ ਕੇਸ ‘ਚ ਹਾਈ ਕੋਰਟ ‘ਚੋਂ ਕੁੱਝ ਰਾਹਤ ਮਿਲਣ ਦੇ ਬਾਵਜੂਦ ਪਾਰਟੀ ‘ਚ ਇਸ ਮਸਲੇ ‘ਤੇ ਕਾਟੋ ਕਲੇਸ਼ ਮੱਠਾ ਪੈਂਦਾ ਨਜ਼ਰ ਨਹੀਂ ਆਉਂਦਾ। ‘ਆਪ’ ਦੀਆਂ ਦੋ ਵਿਧਾਇਕ ਬੀਬੀਆਂ ਦਰਮਿਆਨ ਟਕਰਾਅ ਤੇ ਹਾਈਕਮਾਂਡ ਦਾ ਪੂਰੀ ਤਰ੍ਹਾਂ ਖ਼ਾਮੋਸ਼ ਹੋਣਾ ਕਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਦੂਜੇ ਪਾਸੇ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਲੋਕ ਸਭਾ ਵਿੱਚ ਪਾਰਟੀ ਦੇ ਆਗੂ ਭਗਵੰਤ ਮਾਨ ਵਲੋਂ  ਇਸ ਮਸਲੇ ‘ਤੇ ਕਾਨੂੰਨੀ ਸਲਾਹ ਲੈਣ ਦੀ ਗੱਲ ਕਹਿ ਕੇ ਪੱਲਾ ਝਾੜਣਾ, ਇਹ ਸੰਕੇਤ ਦਿੰਦਾ ਹੈ ਕਿ ਉਸਦੀ ਵੀ ਖਹਿਰਾ ਨਾਲ ਸੁਰ ਨਹੀਂ ਮਿਲਦੀ।
ਪਾਰਟੀ ਦੇ ਬੁਲਾਰੇ ਜਗਤਾਰ ਸਿੰਘ ਸੰਘੇੜਾ ਵਲੋਂ ਦਿੱਤੀ ਚਿਤਾਵਨੀ  ਕਿ ਪਾਰਟੀ ਦੇ ਕਈ ਆਗੂ ਆਪਣੀ ਲਾਲਸਾ ਲਈ ਸ੍ਰੀ ਖਹਿਰਾ ਦਾ ਅਸਤੀਫਾ ਮੰਗ ਰਹੇ ਹਨ, ਜੋ ਠੀਕ ਨਹੀਂ ਹੈ, ਦਾ ਵੀ ਕੋਈ ਅਸਰ ਨਾ ਹੋਣਾ ਪਾਰਟੀ ਵਿਚਲੀ ਖਾਨਾਜੰਗੀ ਦੀ ਗੰਭੀਰਤਾ ਦਰਸਾਉਂਦਾ ਹੈ । ਅਸਲ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਇਸ ਸਾਲ ਦੇ ਸ਼ੁਰੂ ਵਿੱਚ ਹੋਈਆਂ ਚੋਣਾਂ ਤੱਕ ਦਿੱਲੀ ਦੀ ਲੀਡਰਸ਼ਿਪ ਨੇੜਲੀ ਟੀਮ ਹੀ ਪੰਜਾਬ ਮਾਮਲਿਆਂ ‘ਚ ਚੰਮ ਦੀਆਂ ਚਲਾਉਂਦੀ ਸੀ। ਵਿਧਾਨ ਸਭਾ ਚੋਣਾਂ ਵਿੱਚ ਮਾੜੀ ਕਾਰਗੁਜ਼ਾਰੀ ਵਿਰੁਧ ਸ੍ਰੀ ਖਹਿਰਾ ਨੇ ਹਾਈ-ਕਮਾਂਡ ਖ਼ਿਲਾਫ਼ ਜਿਹੜੀ ਭੜਾਸ ਕੱਢੀ, ਕੇਜਰੀਵਾਲ ਤੇ ਉਸਦੇ ਦਰਬਾਰੀ ਉਹ ਰੰਜਿਸ਼ ਭੁਲਾਉਂਦੇ ਨਜ਼ਰ ਨਹੀਂ ਆ  ਰਹੇ। ਸਮਝਿਆ ਜਾਂਦਾ ਹੈ ਕਿ ਦਿੱਲੀ ਦਰਬਾਰ ਵਿਚਲੇ ਪੰਜਾਬ ਦੇ ਆਪ ਆਗੂ ਹੁਣ ਖਹਿਰਾ ਦਾ ਨੱਕ ਰਗੜਣ ਤੇ ਉਸਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਚਲਦਾ ਕਰਨ ਲਈ ਮੁੱਠੀਆਂ ਵਿੱਚ ਥੁੱਕੀ ਫਿਰਦੇ ਹਨ।
ਵੈਸੇ ਤਾਂ ਭਾਰਤ ਭਰ ਵਿੱਚ ਸਾਲ 2014 ਵਿੱਚ ਰਿਕਾਰਡ ਤੋੜ ਜਿੱਤ ਨਾਲ ਦੇਸ਼ ਦੀਆਂ ਆਮ ਚੋਣਾਂ ‘ਚ ਹੂੰਝਾ ਫੇਰਨ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਕੁਝ ਦੇਰ ਬਾਅਦ ਦੇਸ ਦੇ ਰਾਜਧਾਨੀ ਵਾਲੇ ਸ਼ਹਿਰ ਨਵੀਂ ਦਿੱਲੀ ਦੀਆਂ ਵਿਧਾਨ ਸਭਾਈ ਚੋਣਾਂ ‘ਚ ‘ਲੱਕ ਤੋੜਵੀਂ’ ਹਾਰ ਦੇਣ ਵਾਲੀ ਇਸ ਪਾਰਟੀ ਦੇ ਸਰਬਰਾਹ ਅਰਵਿੰਦ ਕੇਜਰੀਵਾਲ ਦਾ ਸਹਿਯਗੀ ਆਗੂਆਂ ਬਾਰੇ ਰਵੱਈਆ ਕਦੇ ਬਹੁਤਾ ਸਰਾਹਨਾਯੋਗ ਨਹੀਂ ਰਿਹਾ। ਪਿਛਲੇ ਵਰ੍ਹਿਆਂ ਦੌਰਾਨ ਦਿੱਲੀ ਵਿਚਲੇ ਆਪ ਦੇ ਮੰਤਰੀ/ਵਿਧਾਇਕ ਗਾਹੇ-ਬਗਾਹੇ ਅਪਣੀਆਂ ਕਾਰਵਾਈਆਂ ਨਾਲ ਪਾਰਟੀ ਲਈ ਬਾਹਰੀ/ਅੰਦਰੂਨੀ ਸੰਕਟ ਖੜ੍ਹਾ ਕਰਦੇ ਹੀ ਰਹੇ ਹਨ। ਪਰ ਪੰਜਾਬ ਵਿੱਚ ਪਾਰਟੀ ਦੇ ਆਗੂ ਇਨ੍ਹੀਂ ਦਿਨੀਂ ਜਿਹੜੀ ਕੜ੍ਹੀ ਘੋਲ ਰਹ ਹਨ ਉਹ ਰਾਜ ਦੇ ਲੋਕਾਂ ਲਈ ਦੁਖਦਾਈ ਤੇ ਨਮੋਸ਼ੀ ਵਾਲੀ ਹੈ। ਜਿਸ ਪਾਰਟੀ ਦੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਹੋਰਨੀਂ ਥਾਈਂ ਪੈਰ ਨਹੀਂ ਸਨ ਲੱਗੇ, ਪੰਜਾਬ ਦੇ ਲੋਕਾਂ ਨੇ ਉਸੇ ਪਾਰਟੀ ਦੇ ਚਾਰ ਮੈਂਬਰ ਜਿੱਤਾ ਕੇ ਪਾਰਲੀਮੈਂਟ ਭੇਜੇ ਸਨ। ਲੋਕ ਸਭਾ ਦੇ ਚਾਰ ਮੈਂਬਰਾਂ ਵਲੋਂ ਦੋ-ਤਿੰਨ ਥਾਈਂ ਅਪਣੀ ਵੱਖਰੀ ਖਿੱਚੜੀ ਪਕਾਉਣ ਦੇ ਵਰਤਾਰੇ ਦੀ ਜੁੰਮੇਵਾਰੀ ਤੋਂ ਪਾਰਟੀ ਦੀ ਕੌਮੀ ਲੀਡਰਸ਼ਿਪ ਭੱਜ ਨਹੀਂ ਸਕਦੀ। ਪਾਰਟੀ ਦੇ ਸਰਗਰਮ ਮੈਂਬਰ, ਹਮਾਇਤੀ ਅਤੇ ਹਮਦਰਦ ਨਿਰਾਸ਼ ਤੇ ਉਦਾਸ ਹਨ।
ਜੇ ਇਹੋ ਹਾਲ ਰਿਹਾ ਤਾਂ ਲੋਕਾਂ ਦੀ ਨੁਮਾਇੰਦਾ ਹੋਣ ਦੇ ਵੱਡੇ ਵੱਡੇ ਦਾਅਵੇ ਕਰਦੀ ਇਸ ਪਾਰਟੀ ਨੂੰ ਛੋਟੀ ਉਮਰੇ ਹੀ ਹੁੰਦਾ ਜਾਪਦਾ ਅਧਰੰਗ ਇਸਦੀ ਹੋਂਦ ਦਾ ਮਲੀਆਮੇਟ ਕਰ ਕੇ ਰੱਖ ਦੇਵੇਗਾ। ਅਸਲ ਵਿੱਚ ਪਾਰਟੀ ਦੇ ਪਹਿਲੀ ਕਤਾਰ ਦੇ ਆਗੂਆਂ ਵਿੱਚ ਅੰਦਰਖ਼ਾਤੇ ਚਲਦੀ ‘ਕੁਰਸੀ ਦੌੜ’ ਨੇ ਆਖ਼ਰ ਕਿੰਨਾ ਕੁ ਸਮਾਂ ਲੁਕੀ ਰਹਿਣਾ ਸੀ। ਖੁਦ ਖਹਿਰਾ ਵੀ ਰਾਜਸੀ ਖੇਤਰ ਵਿੱਚ ਜਗਮੀਤ ਸਿੰਘ ਬਰਾੜ ਤੇ ਬੀਰ ਦਵਿੰਦਰ ਸਿੰਘ ਵਰਗੇ ‘ਖੁਦ ਸਦਾ ਸੱਚੇ ਹੋਣ’ ਦੇ ਦਾਅਵੇ ਕਰਨ ਤੇ ਅਪਣੀ ਢਾਈ ਪਾ ਖਿੱਚੜੀ ਪਕਾਉਣ ਵਾਲੇ ਕਿਰਦਾਰ ਦੇ ਲੱਛਣ ਰਖਦਾ ਹੋਣ ਕਾਰਨ, ਇਸ ਮਾਮਲੇ ‘ਚ ਪਾਰਟੀ ਵਿਚਲੇ ਅਸਹਿਮਤ ਸਾਥੀਆਂ ਨੂੰ ਸਗੋਂ ਹੋਰ ਨਰਾਜ ਕਰਨ ਵਾਲੀਆਂ ਕਾਰਵਾਈਆਂ ਕਰਕੇ ਅਪਣਾ ਤੇ ਪਾਰਟੀ ਦਾ ਨੁਕਸਾਨ ਹੀ ਕਰ ਰਿਹਾ ਹੈ।
ਬੇਸ਼ੱਕ ਸੁਖਪਾਲ ਖਹਿਰਾ ਵਿਰੁਧ ਕੇਸ ਝੂਠਾ ਤੇ ਰਾਜਸੀ ਦੁਸ਼ਮਣੀ ਤੋਂ ਪ੍ਰੇਰਿਤ ਵੀ ਹੋਵੇ, ਉਸਨੂੰ ਨਿੱਜੀ ਤੌਰ ਉੱਤੇ ਅਤੇ ਪਾਰਟੀ ਨੂੰ ਰਾਜਸੀ ਪੱਧਰ ਉੱਤੇ ਅਜਿਹੀਆਂ ਚੁਣੌਤੀਆਂ ਦਾ ਬਚਗਾਨਾ ਤਰ੍ਹਾਂ ਨਹੀਂ ਬਲਕਿ ਸੂਝਵਾਨ ਪਹੁੰਚ ਤੇ ਠਰੰਮੇ ਨਾਲ ਸਾਹਮਣਾ ਕਰਨਾ ਤੇ ਵਿਰੋਧੀਆਂ ਨਾਲ ਸਿੱਝਣਾ ਚਾਹੀਦਾ ਹੈ। ਪੰਜਾਬੀਆਂ ਖ਼ਾਸ ਕਰ ਪਰਵਾਸੀਆਂ ਨੇ ਆਮ ਆਦਮੀ ਪਾਰਟੀ (ਆਪ) ਬਾਰੇ ਜਿਹੜਾ ਸੁਪਨਾ ਤੇ ਸੰਕਲਪ ਲਿਆ ਹੈ, ਪਾਰਟੀ ਦੀ ਲੀਡਰਸ਼ਿਪ ਉਸਦੀ ਦੇਣਦਾਰ ਹੈ।