ਲਾਸ ਏਂਜਲਸ/ਬਿਊਰੋ ਨਿਊਜ਼ :
ਸੰਗੀਤ ਦੀ ਦੁਨੀਆ ਦੇ ਸਭ ਤੋਂ ਵੱਡੇ ‘ਗ੍ਰੈਮੀ ਐਵਾਰਡ’ ਸਮਾਰੋਹ ਦੌਰਾਨ ਕੈਲੀਫੋਰਨੀਆ ਦੇ ਅੰਮ੍ਰਿਤਧਾਰੀ ਸਿੱਖ ਜਥੇ ‘ਵ੍ਹਾਈਟ ਸਨ’ ਨੇ ਧੁੰਮਾਂ ਪਾਉਂਦਿਆਂ ‘ਨਿਊ ਏਜ ਐਲਬਮ’ ਵਰਗ ਵਿਚ ਐਵਾਰਡ ਹਾਸਲ ਕੀਤਾ। ‘ਵ੍ਹਾਈਟ ਸਨ’ ਗੁਰਬਾਣੀ ਦੇ ਸ਼ਬਦ ਅਤੇ ਧਾਰਮਿਕ ਗੀਤ ਗਾਉਂਦਾ ਹੈ। ਐਵਾਰਡ ਹਾਸਲ ਕਰਨ ਲਈ ਇਸ ਜਥੇ ਦੀ ਗਾਇਕਾ ਅਤੇ ਗੀਤਕਾਰ ਗੁਰੂਜਸ ਕੌਰ ਖਾਲਸਾ ਅਤੇ ਹਰੀਜੀਵਨ ਸਿੰਘ ਖਾਲਸਾ ਦਸਤਾਰ ਸਜਾ ਕੇ ਸਿੱਖ ਪਹਿਰਾਵੇ ਵਿਚ ਸਟੇਜ ‘ਤੇ ਪਹੁੰਚੇ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਜਥੇ ਦੇ ਸਹਿ-ਸੰਸਥਾਪਕ ਐਡਮ ਬੈਰੀ ਵੀ ਮੌਜੂਦ ਸਨ। ਬੈਰੀ ਆਪਣੇ ਸਾਊਥ ਪਾਰਕ ਦੇ ਚੌਥੇ ਸੀਜ਼ਨ ਲਈ ਮਿਊਜ਼ਕ ਡਾਇਰੈਕਟਰ ਵਜੋਂ ਜਾਣੇ ਜਾਂਦੇ ਹਨ। ਗੁਰੂਜਸ ਵੀ ਇਸ ਜਥੇ ਦੀ ਸਹਿ-ਸੰਸਥਾਪਕ ਹੈ। ਉਹ ਕਲੀਵਲੈਂਡ ਆਰਕੈਸਟਰਾ ਚਿਲਡਰਨਜ਼ ਕੋਰਸ ਦੀ ਵੀ ਮੈਂਬਰ ਰਹਿ ਚੁੱਕੀ ਹੈ। ਹਰੀਜੀਵਨ ਸਿੰਘ ਖਾਲਸਾ ਯੋਗ ਇੰਸਟਰਕਟਰ ਹਨ।
ਗੁਰੂਜਸ ਕੌਰ ਖਾਲਸਾ ਨੇ ਆਪਣੀ ਐਲਬਮ ‘ਵ੍ਹਾਈਟ ਸਨ 2’ ਲਈ 59ਵੇਂ ਸਾਲਾਨਾ ਗ੍ਰੈਮੀ ਐਵਾਰਡ ਦੀ ਟਰਾਫੀ ਹਾਸਲ ਕੀਤੀ। ਇਹ ਐਲਬਮ ਸਾਲ 2016 ਵਿਚ ਬੇਹੱਦ ਸਫਲ ਰਹੀ ਸੀ। ਗੁਰੂਜਸ ਨੇ ਕਿਹਾ ਕਿ ਉਹ ਸਮਾਜ ਨੂੰ ਹੋਰ ਬਿਹਤਰ ਦੇਖਣਾ ਚਾਹੁੰਦੇ ਹਨ ਅਤੇ ਚਾਹੁੰਦੇ ਕਿ ਹਨ ਕਿ ਇਹ ਦੁਨੀਆ ਰਹਿਣ ਲਾਈਕ ਬਿਹਤਰੀਨ ਅਤੇ ਖੂਬਸੂਰਤ ਥਾਂ ਬਣੇ ਅਤੇ ਸਾਡੇ ਇਸ ਸੁਪਨੇ ਵਿਚ ਜਿਹੜਾ ਵੀ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਯੋਗਦਾਨ ਪਾ ਰਿਹਾ ਹੈ, ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।
ਐਵਾਰਡ ਜੇਤੂ ਇਸ ਐਲਬਮ ਵਿਚ ਗੁਰਬਾਣੀ ਦੇ ਸ਼ਬਦ ਹਨ। ਇਹ ਬਹੁਤ ਹੀ ਸ਼ਾਂਤਮਈ ਸੰਗੀਤ ਹੈ ਜੋ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ। ਇਸ ਐਲਬਮ ਵਿਚ ‘ਇਕ ਅਰਦਾਸ ਵਾਹਿਗੁਰੂ’, ‘ਧੰਨ-ਧੰਨ ਰਾਮ ਦਾਸ ਗੁਰ’, ‘ਆਪ ਸਹਾਏ ਹੋਯ ਹਰਿ-ਹਰਿ-ਹਰਿ’ ‘ਸਿਮਰੋ ਗੋਬਿੰਦ’ ਵਰਗੇ ਕਈ ਸ਼ਬਦ ਅਤੇ ਧਾਰਮਿਕ ਗੀਤ ਹਨ।