ਉਸਤਾਦ ਸ਼ਾਇਰ ਦਾਮਨ ਨੂੰ ਚੇਤੇ ਕਰਦਿਆਂ

0
540

ustad-daman
ਇਨ੍ਹਾਂ ਹਾਕਮਾਂ ਦਾ ਚਾਰਾ ਕੀ ਕਰੀਏ,
ਜਿਹੜੀ ਥਾਂ ਬੈਠੇ, ਉਹੀ ਥਾਂ ਖਾ ਗਏ।

ਗੁਰਦੀਪ ਕੌਰ, ਸੈਕਰਾਮੈਂਟੋ
ਮੋਬਾਈਲ : 916-695-0035
ਇਹ ਕੀ ਕਰੀਂ ਜਾਨਂੈ
ਇਹ ਕੀ ਕਰੀਂ ਜਾਨੈਂ
ਕਦੇ ਸ਼ਿਮਲੇ ਤੇ ਕਦੀ ਮਰ੍ਹੀ ਜਾਨੈਂ
ਅਰਾਈ ਕੌਮ ਦਾ ਤੂੰ ਫਾਨੂਸ ਜਾਨੈਂ
ਲਾਹੀ ਖੇਸ ਜਾਨੈਂ, ਖਿੱਚੀ ਦਰੀ ਜਾਨੈਂ
ਇਕ ਹਜ਼ਾਰ ਸਾਲ ਲੜਾਈ ਦਾ ਐਲਾਨ ਕਰਕੇ
ਇਹ ਕੀ ਕਰੀਂ ਜਾਨਂੈ
ਇਹ ਕੀ ਕਰੀਂ ਜਾਨੈਂ।

ਦਾਮਨ ਦੀ ਇਹ ਨਜ਼ਮ ਇੰਨੀ ਮਸ਼ਹੂਰ ਹੋਈ ਸੀ ਕਿ ਲੋਕਾਂ ਲਾਹੌਰ ਦੀਆਂ ਕੰਧਾਂ ਉੱਤੇ ਲਿਖ ਦਿੱਤੀ। ਭੁੱਟੋ ਦੇ ਇਸ਼ਾਰੇ ‘ਤੇ ਉਸ ਨੂੰ ਫੜ ਲਿਆ ਗਿਆ। ਦੋਸ਼ ਲੱਗਾ ਕਿ ਉਹਦੇ ਹੁਜਰੇ (ਛੋਟੀ ਕੋਠੜੀ) ਵਿਚੋਂ ਇਕ ਬੰਬ ਤੇ ਦੋ ਪਿਸਤੌਲ ਫੜੇ ਗਏ ਹਨ। ਕੇਸ ਚੱਲਿਆ, ਮੈਜਿਸਟਰੇਟ ਨੂੰ ਹਦਾਇਤ ਸੀ ਕਿ ਜ਼ਮਾਨਤ ਨਹੀਂ ਲੈਣੀ। ਸਾਰੀ ਬਾਰ ਅਦਾਲਤ ਵਿਚ ਆ ਜੁੜੀ, ਮੈਜਿਸਟਰੇਟ ਘਬਰਾ ਗਿਆ।

ਝੂਠੇ ਚਾਲਾਨ ਵਿਰੁੱਧ ਵਕੀਲ ਨੇ ਦਲੀਲ ਦਿੱਤੀ-
‘ਅਜੀ ਜਨਾਬੇ ਆਲਾ, ਹੁਜਰੇ ਵਾਲੀ ਕੋਠੜੀ ਹੀ ਛੋਟੀ ਸੀ, ਨਹੀਂ ਤਾਂ ਉਸ ਵਿਚੋਂ ਟੈਂਕ ਵੀ ਨਿਕਲ ਆਉਣਾ ਸੀ। ਮਜਬੂਰੀ ਮੂੰਹ ਮੈਜਿਸਟਰੇਟ ਨੂੰ ਜ਼ਮਾਨਤ ਲੈਣੀ ਪਈ। ਦਾਮਨ ਦੇ ਮੂੰਹੋਂ ਨਿਕਲਿਆ-
ਸਾਨੂੰ ਕੋਈ ਸਿਕਸ਼ਤ ਨਹੀਂ ਦੇ ਸਕਦਾ,
ਭਾਵੇਂ ਕੋਈ ਕਿੱਡਾ ਦਮਖਮ ਨਿਕਲੇ।
ਉਸਤਾਦ ਦਾਮਨ ਦੇ ਘਰ ਦੇਖਿਆ ਜੇ
ਦੋ ਰਿਵਾਲਵਰ, ਤਿੰਨ ਦੇਸੀ ਬੰਬ ਨਿਕਲੇ।
ਵਕੀਲ ਆਪਣੇ ਅਵਾਮੀ ਸ਼ਾਇਰ ਨੂੰ ਬਾਰ ਵਿਚ ਲੈ ਗਏ ਅਤੇ ਇੱਜ਼ਤ ਬਖ਼ਸ਼ੀ। ਇਸ ਹਾਦਸੇ ਤੋਂ ਬਾਅਦ ਭੁੱਟੋ ਸਾਹਿਬ ਗੱਦੀ ਤੋਂ ਤਾਂ ਲਿੱਥੇ ਹੀ, ਨਾਲ ਹੀ ਉਨ੍ਹਾਂ ਨੂੰ ਫਾਂਸੀ ਵੀ ਹੋ ਗਈ। ਦਾਮਨ ਇਸ ਸੋਗ ਦੀ ਘੜੀ ਵਿਚ ਬਰਾਬਰ ਦਾ ਸ਼ਰੀਕ ਹੋਇਆ। ਉਸ ਦੀ ਰੂਹ ਵਿਚੋਂ ਹੂਕ ਨਿਕਲੀ-
ਆਖਰਕਾਰ ਉਹ ਗਲੇ ਦਾ ਹਾਰ ਹੋਈਆਂ,
ਲੀਰਾਂ ਜਦੋਂ ਹੋਈਆਂ, ਮੇਰੀ ਪੱਗ ਦੀਆਂ ਏਂ।
ਦਾਮਨ ਫੁੱਲਾਂ ਦੇ ਸੂਲਾਂ ਨੇ ਚਾਕ ਕੀਤੇ,
ਵਾਵਰੋਲੀਆ ਨੇਰ੍ਹੀਆਂ ਵਗਦੀਆਂ ਏਂ।
ਇਹੋ ਜਿਹੀਆਂ ਬੇ ਬਾਕ, ਤਿੱਖੀਆਂ, ਸੱਚੀਆਂ ਤੇ ਹਿਰਦੇ ਵੇਧਕ ਪੀੜਾਂ ਦੀਆਂ ਸਤਰਾਂ ਦਾ ਮਾਲਕ ਉਸਤਾਦ ਦਾਮਨ, ‘ਮੁਹੰਮਦ ਰਮਜ਼ਾਨ ਹਮਦਮ ਦਾ ਸ਼ਾਗਿਰਦ ‘ਚਰਾਗਦੀਨ ਦਾਮਨ, ਪੰਜਾਬੀ ਦਾ ਅਜਿਹਾ ਉੱਚ ਕੋਟੀ ਦਾ ਕਵੀ ਸੀ, ਜਿਸ ਨੇ ਦੇਸ਼ ਵੰਡ ਤੋਂ ਪਹਿਲਾਂ ਤੇ ਬਾਅਦ ਵਿਚ ਕਵੀ ਦਰਬਾਰਾਂ ਵਿਚ ਆਪਣੀ ਧਾਕ ਜਮਾ ਰੱਖੀ ਸੀ। ਨੈਸ਼ਲਿਸਟ ਵਿਚਾਰਾਂ, ਭ੍ਰਾਤਰੀ ਪਿਆਰ, ਤੇ ਕੌਮੀ ਏਕਤਾ ਦਾ ਪ੍ਰਤੀਕ ਸ਼ਾਇਰ ਸੀ, ਦਾਮਨ।
ਉਸਤਾਦ ਸ਼ਾਇਰ ‘ਚਰਾਗਦੀਨ ਦਾਮਨ’ ਦੀ ਜਨਮ ਮਿਤੀ ਬਾਰੇ ਵੀ ਵਿਦਵਾਨਾਂ ਦੇ ਵਿਚਾਰਾਂ ਵਿਚ ਮਤਭੇਦ ਹਨ। ਕੁਝ ਵਿਦਵਾਨ ਉਸ ਦੀ ਜਨਮ ਮਿਤੀ 19 ਜਨਵਰੀ 1906 ਲਿਖਦੇ ਹਨ, ਤੇ ਕਿਤੇ ਉਸ ਦੀ ਜਨਮ ਮਿਤੀ 9 ਫਰਵਰੀ 1911 ਲਿਖੀ ਗਈ ਹੈ, ਇਸ ਬਾਰੇ ਕੋਈ ਪੁਖਤਾ ਸਬੂਤ ਨਹੀਂ ਹਨ।
ਦਾਮਨ ਦਾ ਜਨਮ ਪਿਤਾ ਮੀਆਂ ਮੀਰ ਬਖ਼ਸ਼ ਜੀ ਦੇ ਘਰ ਲਾਹੌਰ ਵਿਚ ਹੋਇਆ। ਦਾਮਨ ਉਸ ਦਾ ਤਖਲਸ ਸੀ। ਉਸ ਨੇ ਮੁਢਲੀ ਵਿਦਿਆ ਲਾਹੌਰ ਵਿਚ ਹੀ ਪੂਰੀ ਕੀਤੀ। ਜੁੱਸੇ ਤੋਂ ਦਾਮਨ ਪੂਰਾ ਕਸਰਤੀ ਪਹਿਲਵਾਨ, ਪੇਂਡੂ ਪੰਜਾਬੀ ਨਜ਼ਰ ਆਉਂਦਾ ਸੀ। ਦਾਮਨ ਬਾਗਬਾਨਪੁਣੇ (ਲਾਹੌਰ) ਵਿਚ ਟੇਲਰਿੰਗ ਦੀ ਦੁਕਾਨ ਵੀ ਕਰਦਾ ਰਿਹਾ ਹੈ। ਪਹਿਲਾਂ ਦਾਮਨ ਬੜੇ ਖੜਕ ਦੜਕ ਢੰਗ ਨਾਲ ਹਾਸਰਸ ਕਵਿਤਾ ਪੜ੍ਹਦਾ ਸੀ। ਸਮੇਂ ਦੇ ਨਾਲ ਨਾਲ ਉਸ ਉਪਰ ਸਾਈਂ ਬੁੱਲੇ ਸ਼ਾਹ, ਸ਼ਾਹ ਹੂਸੈਨ, ਸੁਲਤਾਨ ਬਾਹੂ ਵਰਗੇ ਸੂਫੀ ਕਵੀਆਂ ਦਾ ਰੰਗ ਚੜ੍ਹਿਆ ਤੇ ਇਹ ਹਾਸ ਰਸ ਕਵੀ ਗੰਭੀਰ ਹੁੰਦਾ ਚਲਾ ਗਿਆ। ਫਿਰ ਉਸ ਦਾ ਆਪਣੇ ਕੰਮ ਵਿਚ ਦਿਲ ਨਹੀਂ ਸੀ ਲੱਗਦਾ। ਅਚਾਨਕ ਹੀ ਉਸ ਦੇ ਵੱਡੇ ਭਰਾ ਫੀਰੋਜ਼ਦੀਨ ਦੀ ਮੌਤ ਹੋ ਗਈ। ਦਾਮਨ ਦਾ ਆਪਣੇ ਭਰਾ ਨਾਲ ਬਹੁਤ ਪਿਆਰ ਸੀ। ਉਸ ਨੂੰ ਇੰਨਾ ਸਦਮਾ ਹੋਇਆ ਕਿ ਉਸ ਦੇ ਮੂੰਹੋ ਆਪ ਮੁਹਾਰੇ ਨਿਕਲ ਗਿਆ-
ਹੁਣ ਦੱਸ ਓ ਰੱਬਾ ਮੇਰਿਆ, ਮੈਂ ਡੁੱਬਦਾ ਡੁੱਬਦਾ ਜਾਂ।
ਮੈਂ ਢੂੰਡਾਂ ਪਿਆਰ ਨੂੰ, ਜਿੱਥੇ ਪੁੱਤਰਾਂ ਖਾਣੀ ਮਾਂ।
ਆਪਣੇ ਭਰਾ ਦੀ ਮੌਤ ਤੋਂ ਬਾਅਦ ਉਸ ਆਪਣਾ ਦਰਜ਼ੀ ਦਾ ਕਿੱਤਾ ਛੱਡ ਦਿੱਤਾ ਤੇ ਆਪਣੇ ਉਸਤਾਦ ਦੇ ਮੁੜ ਲੜ ਲੱਗ ਗਿਆ ਤੇ ਆਪਣੀ ਸ਼ਾਇਰੀ ਦਾ ਕਿੱਤਾ ਆਰੰਭ ਕੀਤਾ।
ਦਰਮਿਆਨਾ ਕੱਦ, ਸੋਹਣਾ ਗਠਿਆ ਸਰੀਰ, ਖੱਦਰ ਦਾ ਕੁੜਤਾ ਪਜ਼ਾਮਾ ਪਹਿਨੀ, ਮੋਢਿਆਂ ‘ਤੇ ਦੁਪੱਟਾ ਧਾਰੀ, ‘ਦਾਮਨ’ ਬੜੀ ਉੱਚੀ ਆਵਾਜ਼ ਵਿਚ ਸ਼ੇਅਰ ਬੋਲਦਾ ਸੀ। ਉਸ ਦੇ ਬੋਲਾਂ ਵਿਚੋਂ ਅੰਤਾਂ ਦਾ ਦੇਸ਼ ਪਿਆਰ ਝਲਕਦਾ ਸੀ। ਰਾਜਸੀ ਜਲਸਿਆਂ ਵਿਚ ਉਹ ਅੰਗਰੇਜ਼ੀ ਸਾਮਰਾਜ ਦੇ ਵਿਰੁੱਧ ਬੋਲਦਾ।
”ਯਾਰੋ, ਟੈਕਸਾਂ ਦੇ ਲੱਗਣ ਦੀ ਹੱਦ ਹੋ ਗਈ,
ਹਰ ਦੁਕਾਨ ‘ਤੇ ਟੈਕਸ, ਹਰ ਮਕਾਨ ‘ਤੇ ਟੈਕਸ।
ਏਸੇ ਵਾਸਤੇ ਘਟ ਮੈਂ ਬੋਲਦਾ ਹਾਂ,
ਲੱਗ ਜਾਏ ਨਾ ਕਿਤੇ ਜ਼ੁਬਾਨ ‘ਤੇ ਟੈਕਸ।”
ਦਾਮਨ ਨੇ ਕਈ ਵਾਰ ਜੇਲ੍ਹ ਯਾਤਰਾ ਵੀ ਕੀਤੀ। ਪਰ ਉਹ ਕਾਨੂੰਨ ਤੇ ਸਾਮਰਾਜੀ ਯਤਨਾਂ ਦਾ ਮਾਖੌਲ ਵੀ ਕਵਿਤਾ ਵਿਚ ਉਡਾਉਂਦਾ-
ਭਾਵੇਂ ਅੱਜ ਕਾਨੂੰਨ ਦੀ ਪਕੜ ਕੈਂਚੀ,
ਥਾਂ ਥਾਂ ਤੋਂ ਕੀਤਾ ਏ, ਚਾਕ ਦਾਮਨ,
ਭਾਵੇਂ ਲੱਖ ਪਾਬੰਦੀ ਹੈ, ਜੀਭ ਉੱਤੇ,
ਫਿਰ ਵੀ ਬੋਲਦਾ ਬੜਾ ਬੇ ਬਾਕ ਦਾਮਨ।
ਅਗਸਤ 1947 ਵਿਚ ਜਦ ਸਾਰਾ ਪਾਕਿਸਤਾਨ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ, ਉਸ ਸਮੇਂ ਆਜ਼ਾਦੀ ਦਾ ਇਹ ਮਹਾਨ ਘੁਲਾਟੀਆਂ ਸ਼ਾਇਰ ਆਪਣੇ ਹੀ ਦੇਸ਼ ਵਿਚ ਮੁਹਾਜ਼ਰ (ਸ਼ਰਨਾਰਥੀ) ਬਣ ਕੇ ਰਹਿ ਗਿਆ ਸੀ। ਵੰਡ ਸਮੇਂ ਦਾਮਨ ਦੀ ਬੀਵੀ ਤੇ ਬੱਚਾ ਤੇ ਉਸ ਦੀ ਦੁਕਾਨ, ਗੁੰਡਿਆ ਨੇ ਸਾੜ, ਮਾਰ ਦਿੱਤੇ। ਆਪਣੇ ਦਿਲ ਦੇ ਦੁੱਖ ਨੂੰ ਉਸ ਨੇ ਇਸ ਸ਼ੇਅਰ ਰਾਹੀਂ ਜ਼ਾਹਰ ਕੀਤਾ-
”ਹੁਣ ਆ ਗਿਆ ਚੈਨ ਹਨੇਰੀਆਂ ਨੂੰ”
ਮੇਰੇ ਆਲਣੇ ਦਾ ਜਦੋਂ ਰਿਹਾ ਕੱਖ ਨਾਂਹ ਵੰਡ ਵਿਚ ਹੋਈ ਬਰਬਾਦੀ, ਧਾੜਵੀਆਂ ਦੇ ਹਮਲੇ, ਜਵਾਨ ਕੁੜੀਆਂ ਦੀਆਂ ਇੱਜ਼ਤਾਂ ਨੂੰ ਰੋਲਣ ਵਾਲੇ ਗੁੰਡਿਆਂ ਤੇ ਮੌਕੇ ਦੀ ਸਰਕਾਰ ਨੂੰ ਸੰਬੋਧਨ ਕਰਦਿਆਂ ਉਸ ਨੇ ਕਿਹਾ-
ਇਕ ਵਹੁਟੀ ਹਾਲੇ ਛੁੰਨੀ ਸੀ,
ਉਹਦੇ ਸਿਰ ‘ਤੇ ਕੇਸਰੀ ਚੁੰਨੀ ਸੀ,
ਉਹ ਚੀਕਾਂ ਮਾਰ ਕੇ ਰੁੰਨੀ ਸੀ,
ਉਹਦੇ ਮਹਿੰਦੀ ਰੰਗੇ ਹੱਥਾਂ ਵਿਚੋਂ
ਲਾਲਾਂ ਦੀ ਪੈਂਦੀ ਭਾਹ ਰੱਬਾ।
ਇਸ ਰੁੜ੍ਹਦੀ ਜਾਂਦੀ ਦੁਨੀਆ ਦਾ ਕਿਤੇ ਬੇੜਾ ਬੰਨੇ ਲਾ ਰੱਬਾ।
ਆਪਣੇ ਦੁੱਖ ਸੁੱਖ ਵਿਚ ਵੀ ਉਹ ਹਰ ਵੇਲੇ ਪੰਜਾਬੀਅਤ ਲਈ ਲੜਦਾ ਰਿਹਾ, ਅਫਸਰਸ਼ਾਹੀ ਦੇ ਕਿਰਦਾਰ ਨੂੰ ਤਾਂ ਉਹ ਨੰਗਾ ਕਰਦਾ ਹੀ, ਉਹ ਉਨ੍ਹਾਂ ਦੇ ਪੰਜਾਬੀ ਵਿਰੋਧ ਨੂੰ ਵੀ ਸੱਟ ਮਾਰ ਜਾਂਦਾ।
ਇਨ੍ਹਾਂ ਹਾਕਮਾਂ ਦਾ ਚਾਰਾ ਕੀ ਕਰੀਏ,
ਜਿਹੜੀ ਥਾਂ ਬੈਠੇ, ਉਹੀ ਥਾਂ ਖਾ ਗਏ।
ਇਨ੍ਹਾਂ ਕੋਲੋਂ ਬਚਾ ਲਓ ਬੱਚਿਆਂ ਨੂੰ,
ਕੁੱਕੜ ਖਾਣ ਲੱਗੇ ਸਾਰੇ ਕਾਂ ਖਾ ਗਏ,
ਕੱਲ੍ਹ ਨੂੰ ਇਹ ਨਾ ਕਹਿਣ ਜਹਾਨ ਵਾਲੇ,
ਪੁੱਤਰ ਇਹ ਕਾਹਦੇ, ਆਪਣੀ ਮਾਂ ਖਾ ਗਏ।
ਆਪਣੇ ਹੀ ਦੇਸ਼ ਵਿਚ ਰਫਿਊਜੀ ਹੋਇਆ ਦਾਮਨ ਆਖਰ ਆਪਣੇ ਹੀ ਦੇਸ਼ ਵਿਚ ਬੇਯਾਰੋ ਮਦਦਗਾਰ ਫਿਰਨ ਲੱਗਾ। ਰੁਜ਼ਗਾਰ ਦਾ ਕੋਈ ਵਸੀਲਾ ਨਾ ਹੋਣ ਕਾਰਨ ਉਸ ਨੇ ਜਾਮਾ ਮਸਜਿਦ ਦੇ ਅੱਗੇ ਬੈਠ ਕੇ ਹੀ ਦਸਵੀਂ ਦੇ ਮੁੰਡਿਆਂ ਨੂੰ ਹਿਸਾਬ ਤੇ ਅੰਗਰੇਜ਼ੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਤੇ ਜਾਮਾ ਮਸਜਿਦ ਦੇ ਦੱਖਣ ਵਿਚ ਬਣੀ ਇਕ ਮਸੀਤ ਦੇ ਹੁਜਰੇ ਵਿਚ ਰਹਿਣ ਲੱਗ ਪਿਆ। ਇਹ ਹੁਜਰਾ ਹੀ ਉਸ ਦਾ ਪੂਰਾ ਘਰ ਸੀ। ਜਿਸ ਵਿਚ ਰਸੋਈ, ਲਾਇਬਰੇਰੀ, ਸੌਣ ਕਮਰਾ ਤੇ ਡਰਾਇੰਗ ਰੂਮ, ਇਕ ਦੂਜੇ ਦੇ ਕੂਹਣੀਆਂ ਮਾਰ ਕੇ ਥਾਂ ਬਣਾਈ ਬੈਠੇ ਸਨ। ਇਹ ਹੁਜਰਾ ਦਸ ਫੁੱਟ ਲੰਮਾ ਤੇ ਇੰਨਾ ਕੁ ਹੀ ਚੌੜਾ ਸੀ। ਦਾਮਨ ਦਾ ਇਹ ਹੁਜਰਾ ਪੰਜਾਬੀ, ਉਰਦੂ, ਫਾਰਸੀ, ਅਰਬੀ ਤੇ ਕਈ ਹੋਰ ਭਸ਼ਾਵਾਂ ਦੀਆਂ ਪੁਸਤਕਾਂ ਨਾਲ ਭਰਿਆ ਪਿਆ ਸੀ। ਦਾਮਨ ਖੁਦ ਆਪ ਸੰਸਕ੍ਰਿਤ, ਫਾਰਸੀ, ਅੰਗਰੇਜ਼ੀ ਤੇ ਰੂਸੀ ਭਾਸ਼ਾ ਦਾ ਚੰਗਾ ਗਿਆਤਾ ਸੀ। ‘ਫੈਜ਼ ਅਹਿਮਦ ਫੈਜ਼’ ਤੇ ‘ਹਬੀਬ ਜਲਾਲੀ’ ਵਰਗੇ ਉੱਚ ਪਾਏ ਦੇ ਉਰਦੂ ਕਵੀ ਦਾਮਨ ਦੀ ਕਵਿਤਾ ਦਾ ਲੋਹਾ ਮੰਨਦੇ ਸਨ। ਦਾਮਨ ਵੀ ਰੱਬ ਦਾ ਸ਼ੁਕਰਾਨਾ ਇੰਝ ਕਰਦਾ-
”ਇਹ ਮੈਂ ਮੰਨਿਆ, ਮੁੜ ਗਰੀਬ ਉੱਤੇ,
ਅਣਗਿਣਤ ਮੌਲਾ, ਹੈਣ ਕਰਮ ਤੇਰੇ,
ਤੇਰੇ ਕਾਅਬੇ ਦੀ ਸਰਦਲ ‘ਤੇ ਪਈ ਘਾਸੀ,
ਮੇਰੇ ਮੱਥੇ ਤੋਂ ਪੱਥਰ ਨੇ ਨਰਮ ਤੇਰੇ।
ਦਾਮਨ ਦੀ ਕਵਿਤਾ ਵਿਚ ਸੂਫੀਆਨਾ ਰੰਗ ਵੀ ਬੜੀ ਖੂਬਸੂਰਤੀ ਨਾਲ ਪਰੋਇਆ ਮਿਲਦਾ ਹੈ।
ਤੇਰਾ ਦਿਲ ਇਕ ਏ ਜਾਂ ਦੋ
ਆਪ ਕਹੇਂ, ਤੂੰ ਮੈਨੂੰ ਮੰਨੋ।
ਇਹ ਪੱਥਰ ਨੇ ਪੱਥਰ ਭੰਨੋ।
ਆਪੇ ਤੂੰ ਬੁੱਤ ਖਾਨੇ ਜਾ ਕੇ
ਬੁੱਤਾਂ ਦੇ ਵਿਚ ਕਰਨੈਂ ਲੋਆਂ,
ਤੇਰਾ ਦਿਲ ਇਕ ਏ ਜਾਂ ਦੋ।
ਦੇਸ਼ ਦੀ ਵੰਡ ਤੋਂ ਕੋਈ ਅੱਠ ਸਾਲ ਮਗਰੋਂ ਭਾਰਤ ਦੇ ਸ਼ਾਇਰਾਂ ਨੇ ਦਾਮਨ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਦਾਮਨ ਭਾਰਤ ਆਇਆ, ਉਹ ਇੱਥੇ ਕਈ ਦਿਨ ਰਿਹਾ। ਉਸ ਦੇ ਮਿੱਤਰ ਪਿਆਰਿਆਂ ਨੇ ਉਸ ਨੂੰ ਜੱਫੀਆਂ ਵਿਚ ਘੁੱਟ ਘੁੱਟ ਕੇ ਉਸ ਦਾ ਹਾਲ ਪੁੱਛਿਆ। ਉਹ ਦੇਸ਼ ਵਿਛੋੜੇ ਦੇ ਦੁੱਖ ਵਿਚ ਪਰੁੰਨਿਆ ਪਿਆ ਸੀ। ਉਸ ਦੇ ਆਉਣ ‘ਤੇ ਨਵੀਂ ਦਿੱਲੀ ਵਿਚ ਇੰਡੋ-ਪਾਕਿ ਕਵੀ ਦਰਬਾਰ ਹੋਇਆ। ਇੱਥੇ ਫੀਰੋਜ਼ਦੀਨ ਸ਼ਰਫ਼ ਤੇ ਡਾਕਟਰ ਫਕੀਰ ਮੁਹੰਮਦ ਵੀ ਆਏ। ਰਾਜ ਗਨਜ਼ਫੀਰ ਅਲੀ (ਪਾਕਿਸਤਾਨ ਦਾ ਉਸ ਵੇਲੇ ਦਾ ਹਾਣੀ ਕਮਿਸ਼ਨਰ) ਜੋ ਉਸ ਵੇਲੇ ਦਿੱਲੀ ਵਿਚ ਨਿਯੁਕਤ ਸਨ, ਉਹ ਵੀ ਆਏ। ਪੰਡਤ ਜਵਾਹਰ ਲਾਲ ਨਹਿਰੂ ਨੇ ਸੰਮੇਲਨ ਨੂੰ ਸੰਬੋਧਨ ਕੀਤਾ। ਦਾਮਨ ਤੋਂ ਪੁੱਛਿਆ ਗਿਆ, ”ਪਿਆਰਿਓ ਓਧਰ ਤੁਹਾਡਾ ਕੀ ਹਾਲ ਹੈ? ਪੰਡਤ ਨਹਿਰੂ ਨੇ ਦਾਮਨ ਨੂੰ ਘੁੱਟ ਕੇ ਗਲਵਕੜੀ ਪਾ ਲਈ। ਦੋਹਾਂ ਦੀਆਂ ਅੱਖਾਂ ਵਿਚੋਂ ਅੱਥਰੂ ਵਹਿ ਤੁਰੇ। ਦਾਮਨ ਤੋਂ ਰਿਹਾ ਨਾ ਗਿਆ, ਉਸ ਨੇ ਰੋਂਦਿਆਂ ਰੋਂਦਿਆਂ ਹੀ ਇਹ ਸ਼ੇਅਰ ਪੜ੍ਹ ਸਾਰੀ ਮਜਲਸ ਰੁਆ ਦਿੱਤੀ। ਕੋਈ ਅਜਿਹੀ ਅੱਖ ਨਹੀਂ ਜੋ ਗਿੱਲੀ ਨਾ ਹੋਈ ਹੋਵੇ।
ਦਾਮਨ ਦਾ ਸ਼ੇਅਰ ਸੀ –
”ਭਾਵੇਂ ਮੂੰਹੋਂ ਕਹੀਏ ਨਾ ਕਹੀਏ, ਪਰ ਵਿਚੋਂ ਵਿੱਚੀ
ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ।
ਇਸ ਆਜ਼ਾਦੀ ਦੇ ਹੱਥੋਂ, ਬਰਬਾਦ ਯਾਰੋ,
ਹੋਏ ਤੁਸੀਂ ਵੀ ਹੋ, ਹੋਏ ਅਸੀਂ ਵੀ ਹਾਂ।
ਜਾਗਣ ਵਾਲਿਆਂ, ਰੱਜ ਕੇ ਲੁਟਿਆ ਹੈ,
ਸੋਏ ਤੁਸੀਂ ਵੀ ਹੋ, ਸੋਏ ਅਸੀਂ ਵੀ ਹਾਂ।
ਲਾਲੀ ਅੱਖੀਆਂ ਦੀ ਪਈ ਦੱਸਦੀ ਏ,
ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ।
ਉਮਰ ਭਰ ਉਸ ਮਜ਼੍ਹਬੀ ਜਨੂੰਨੀਆਂ ਦੇ ਵਿਰੁੱਧ ਬੇਬਾਕ ਆਪਣੀ ਕਲਮ ਨਾਲ ਲਿਖਣਾ ਜਾਰੀ ਰੱਖਿਆ।
”ਬੰਦਾ ਉੱਠਦਾ ਡਿੱਗਦਾ, ਫੇਰ ਢਹਿੰਦਾ,
ਡਿਗਦੇ ਢਹਿੰਦਿਆਂ ਤੁਰਨ ਦਾ ਢੰਗ ਆਉਂਦਾ।
Îਜ਼ਾ ਉਦੋਂ ਹੀ ਆਉਂਦਾ ਹੈ, ਜ਼ਿੰਦਗੀ ਦਾ,
ਫਾਕਾ ਮਸਤੀਆਂ ਤੇ ਜਦੋਂ ਰੰਗ ਆਉਂਦਾ।”
1957 ਵਿਚ ਇਕ ਵਾਰ ਫਿਰ ਦਾਮਨ ਵਿਸਾਖੀ ਮੌਕੇ ਭਾਰਤ ਆਇਆ। ਉਸ ਵੇਲੇ ਉਹ ਬੰਬਈ ਵਿਖੇ ਹੀ ਪੰਜਾਬੀ ਭਰਾਵਾਂ ਕੋਲ ਰਿਹਾ। ਉੱਥੇ ਵੀ ਉਸ ਆਪਣੇ ਸ਼ੇਅਰਾਂ ਰਾਹੀਂ ਰੰਗ ਬੰਨ੍ਹਿਆ-
ਮੇਰਾ ਦਿਲ ਓਧਰ, ਮੇਰਾ ਦਿਲ ਏਧਰ,
ਮੈਂ ਇਕ ਸਿਰ ‘ਤੇ ਅਜ਼ਾਬ ਨੂੰ ਵੇਖਦਾ ਆਂ।
ਬਿਖਰੇ ਵਰਕਿਆਂ ਦੀ ਹੋ ਗਈ ਜਿਲਦਬੰਦੀ,
ਮੈਂ ਇਕ ਖੁੱਲ੍ਹੀ ਕਿਤਾਬ ਨੂੰ ਵੇਖਦਾ ਆਂ।
ਇਕ ਵਿਸਾਖੀ ਦੀਆਂ ਮੇਹਰਬਾਨੀਆਂ ਏ,
ਬੰਬੇ ਵਿਚ ਪੰਜਾਬ ਨੂੰ ਵੇਖਦਾ ਆਂ,
ਕੁੜੀਆਂ ਰੰਗ ਬਿਰੰਗੀਆਂ ਦਿਸਦੀਆਂ ਏ,
ਮੈਂ ਇਕ ਚਲਦੀ ਸ਼ਰਾਬ ਨੂੰ ਵੇਖਦਾ ਆਂ।
ਪੰਜਾਬੀ ਮਾਂ ਬੋਲੀ ਦੀ ਤੜਪ ਲਈ ਵੀ ਉਹ ਸ਼ਿੱਦਤ ਨਾਲ ਆਖਦਾ ਹੈ-
ਮੇਰੇ ਹੰਝੂਆਂ ਦਾ ਪਾਣੀ ਪੀ ਪੀ ਕੇ
ਹਰੀ ਭਰੀ ਇਹ ਬੰਜਰ ਜ਼ਮੀਨ ਹੋ ਜਾਏ।
ਇਹਦੇ ਚਿਹਰੇ ‘ਤੇ ਸੁਰਖੀ ਚਾਹੀਦੀ ਏ,
ਮੇਰੇ ਖੂਨ ਨਾਲ ਭਾਵੇਂ ਰੰਗੀਨ ਹੋ ਜਾਏ।
ਮੇਰੇ ਖੂਨ ਨਾਲ ਭਾਵੇਂ ਰੰਗੀਨ ਹੋ ਜਾਏ।
ਮਾਨਵਤਾ ਨੂੰ ਆਪਣਾ ਇਸ਼ਟ ਮੰਨਣ ਵਾਲੇ, ਕਥਨੀ ਤੇ ਕਰਨੀ ਦੇ ਸੂਰੇ, ਇਹ ਮਾਹਨ ਸ਼ਾਇਰ ਚਿਰਾਗੁਦੀਨ ਦਾਮਨ ਨਵੰਬਰ 1984 ਵਿਚ ਇਕ ਲੰਮੀ ਬਿਮਾਰੀ ਤੋਂ ਬਾਅਦ ਅੱਲਾ ਨੂੰ ਪਿਆਰੇ ਹੋ ਗਏ। ਉਸ ਨੂੰ ਆਪਣੀ ਕਲਮ ਦੀ ਅਜ਼ਮਤ ਬਰਕਰਾਰ ਰੱਖਣ ਲਈ ਆਪਣੇ ਪੁੱਤਰਾਂ ਦੀ ਕੁਰਬਾਨੀ ਦੇਣੀ ਪਈ। ਇਹ ਗੱਲ ਪਹਿਲਾਂ ਵਾਂਗ ਸੱਚ ਹੋ ਗਈ ਕਿ ਸੱਚ ਤੇ ਪਹਿਰਾ ਦੇਵ ਵਾਲਿਆਂ ਨੂੰ ਸੁਕਰਾਤ ਵਾਂਗ ਜ਼ਹਿਰ ਦਾ ਪਿਆਲਾ ਪੀਣਾ ਹੀ ਪੈਂਦਾ ਹੈ। ਤੇ ਸ਼ਾਇਦ ਇਸੇ ਪ੍ਰਭਾਵ ਥੱਲੇ ਉਸ ਨੇ ਚੌਂ ਬਰਗਾ ਕਲਮ ਬੰਦ ਕੀਤਾ, ਜਿਸ ਵਿਚੋਂ ਉਸ ਦੇ ਮਨ ਦੀ ਪੀੜਾ ਸਾਫ਼ ਨਜ਼ਰ ਆਉਂਦੀ ਹੈ।
ਪਿੰਜਰੇ ਵਿਚ ਮੈਂ ਚਮਨ ਨੂੰ ਸਹਿਕਾਦਾ ਸਾਂ,
ਵਿਚ ਚਮਨ ਦੇ ਪਿੰਜਰਾ ਯਾਦ ਆਉਦੈ।
ਝੋਕਾ ਹਵਾ ਦਾ ਜਿਹੜਾ ਵੀ ਆਂਵਦਾ ਏ,
ਕਰਨ ਆਲਣਾ ਮੇਰਾ ਬਰਬਾਦ ਆਉਦੈਂ,
ਜਾਂ ਕੁਰਬਾਨ ਤੇਰੀ ਇਸ ਅਦਾ ਉੱਤੋਂ,
ਮੇਰੇ ਤੜਪਿਆਂ, ਤੈਨੂੰ ਸੁਆਦ ਆਉਂਦੈਂ।
ਜਾਂਦੇ ਜਾਂਦੇ ਮੇਰੀ ਸਭ ਤੋਂ ਵੱਧ ਮਨਪਸੰਦ ਦਾਮਨ ਦੀ ਕਵਿਤਾ, ਆਪਣੇ ਪਾਠਕਾਂ ਨਾਲ ਸਾਂਝੀ ਕਰ ਦੇਵਾਂ
ਜਿੱਥੇ ਗੂਹੜ ਬਹੁਤੀ ਉਥੇ ਫਿੱਕ ਪੈਂਦੀ,
ਮਿੱਠੇ ਗੰਨੇ ਤੋਂ ਕੌੜੀ ਸ਼ਰਾਬ ਬਣਦੀ।
ਅਲਫ਼ ਬੇ ਮੈਂ ਵੇਖੀ ਯਾਰਾਨਿਆਂ ਦੀ,
ਜਿੱਥੋਂ ਤਾਅਨਿਆਂ ਵਾਲੀ ਕਿਤਾਬ ਬਣਦੀ।
ਜਿਹੜੀ ਗਲ ਸੀ ਘਰ ਆਬਾਦ ਕਰਦੀ,
ਓਹੀ ਵੇਖੀ ਏ ਖ਼ਾਨਾ ਖ਼ਰਾਬ ਕਰਦੀ।
ਓਦੋਂ ਦਿਲ ਦੀਆਂ ਬੋਟੀਆਂ ਹੁੰਦੀਆਂ ਨੇ,
ਖੁੱਸੇ ਬੱਕਰੀ ਸੀਖ ਕਬਾਬ ਬਣਦੀ।