ਮੀਰੀ ਪੀਰੀ ਅਕੈਡਮੀ ਵਲੋਂ ਕਰਵਾਈ ਥੈਂਕਸਗਿਵਿੰਗ ਡੇਅ ਪਰੇਡ ਨੇ ਦਿੱਤਾ ਪਿਆਰ ਦਾ ਸੁਨੇਹਾ

0
460

15
ਗੱਤਕੇ ਦੇ ਜੌਹਰਾਂ ਨੇ ਅਮਰੀਕੀਆਂ ਨੂੰ ਕੀਤਾ ਦੰਗ
ਛੋਟੇ ਛੋਟੇ ਭੁਝੰਗੀ ਸਿੰਘਾਂ ਦੇ ਕੜਾਕੇ ਦੀ ਠੰਢ ‘ਚ ਹੌਸਲੇ ਰਹੇ ਬੁਲੰਦ
ਹਿਊਸਟਨ/ਹਰਜੀਤ ਸਿੰਘ ਢੇਸੀ:
ਟੈਕਸਾਸ ਦੀ ਸਿੱਖ ਸੰਗਤ ਅਤੇ ਮੀਰੀ ਪੀਰੀ ਅਕੈਡਮੀ ਹਿਊਸਟਨ ਵਲੋਂ ਸਿੱਖੀ ਦੇ ਪਿਆਰ ਭਰੇ ਸੁਨੇਹੇ ਅਤੇ ਸਿੱਖੀ ਦੀ ਪਹਿਚਾਣ ਨੂੰ ਅਮਰੀਕਾ ਦੇ ਵਸਨੀਕਾਂ ਤਕ ਪਹੁੰਚਾਉਣ ਲਈ ਹਿਊਸਟਨ ਵਿਖੇ ਹੋਈ 67ਵੀਂ ਐਚ.ਈ.ਬੀ. ਥੈਂਕਸਗਿਵਿੰਗ ਡੇਅ ਦੀ ਪਰੇਡ ਬਹੁਤ ਵਧੀਆ ਉਪਰਾਲਾ ਸਾਬਿਤ ਹੋਈ। ਇਸ ਪਰੇਡ ਦੀ ਸ਼ੁਰੂਆਤ 1949 ਵਿਚ ਹੋਈ ਸੀ। ਮੀਰੀ ਪੀਰੀ ਅਕੈਡਮੀ, ਹਿਊਸਟਨ ਦੇ ਮੁੱਖ ਸੇਵਾਦਾਰ ਸਰਦਾਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਸਿੱਖ ਭਾਈਚਾਰੇ ਦਾ ਇਨ੍ਹਾਂ ਅਮਰੀਕਨ ਪਰੇਡਾ ਜਾਂ ਇਥੋਂ ਦੇ ਦਿਨ ਤਿਉਹਾਰਾਂ ਅੰਦਰ ਸ਼ਮੂਲੀਅਤ ਕਰਨੀ ਸਮੇਂ ਦੀ ਮੁੱਖ ਮੰਗ ਹੈ, ਜਿਸ ਸਦਕਾ ਆਪਸੀ ਪ੍ਰੇਮ ਪਿਆਰ ਵਿਚ ਤਾਂ ਵਾਧਾ ਹੁੰਦਾ ਹੀ ਹੈ, ਉਥੇ ਸਿੱਖੀ ਪ੍ਰਤੀ ਪਏ ਭਰਮ ਭੁਲੇਖੇ ਵੀ ਦੂਰ ਹੁੰਦੇ ਹਨ। ਹਿਊਸਟਨ ਦੀਆਂ ਸਮੂਹ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸੰਗਤ ਵਲੋਂ ਇਸ ਪਰੇਡ ਨੂੰ ਕਾਮਯਾਬ ਕਰਨ ਲਈ ਅਣਥਕ ਮਿਹਨਤ ਕੀਤੀ ਗਈ। ਗੁਰਦੁਆਰਾ ਸਾਹਿਬ ਸਿੱਖ ਨੈਸ਼ਨਲ ਸੈਂਟਰ ਦੇ ਮੁੱਖ ਗ੍ਰੰਥੀ ਸਿੰਘ ਸਰਦਾਰ ਨਤਿੰਦਰਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਰਦਾਰ ਸੋਹਨ ਸਿੰਘ ਅਮੀਰਕਾ ਅਤੇ ਟੈਕਸਾਸ ਸੂਬੇ ਦੇ ਝੰਡੇ ਲੈ ਕੇ ਅੱਗੇ ਚੱਲ ਰਹੇ ਸਨ। ਵੱਡ ਆਕਾਰੀ ਤੇ ਸੋਹਣੇ ਢੰਗ ਨਾਲ ਤਿਆਰ ਕੀਤਾ ਗਿਆ ਸਿੱਖ ਫਲੋਟ ਇਸ ਪਰੇਡ ਨੂੰ ਚਾਰ ਚੰਨ ਲਗਾ ਰਿਹਾ ਸੀ। ਲਗਭਗ 150 ਦੇ ਕਰੀਬ ਵੱਖੋ-ਵੱਖ ਗੁਰਦੁਆਰਿਆਂ ਤੋਂ ਆਏ ਸੰਗਤ ਦੇ ਮੈਂਬਰ ਸਿੱਖ ਫਲੋਟ ਨਾਲ ਮਾਰਚ ਕਰ ਰਹੇ ਸਨ। ਸਿੱਖ ਫਲੋਟ ਉਪਰ ਲੱਗਾ ਸਿੱਖਸ ਆਫ ਅਮੀਰਕਾ ਦਾ ਵੱਡੇ ਆਕਾਰ ਦਾ ਚਮਕਦਾ-ਦਮਕਦਾ ਸ਼ਾਈਨ ਸਿੱਖੀ ਦੀ ਪਹਿਚਾਣ ਕਰਵਾ ਰਿਹਾ ਸੀ। ਫਲੋਟ ਦੇ ਅੱਗੇ ਵੱਡੇ ਆਕਾਰ ਦਾ ਘੁੰਮਦਾ ਹੋਇਆ ਸਿੱਖ ਨਿਸ਼ਾਨ ਖੰਡਾ ਆਪਣਾ ਸੋਹਣਾ ਪ੍ਰਭਾਵ ਪਾ ਰਿਹਾ ਸੀ। ਘੁੰਮਦੇ ਹੋਏ ਖੰਡੇ ਦੇ ਖੱਬੇ ਅਤੇ ਸੱਜੇ ਪਾਸੇ ਭਾਈ ਹਰਿੰਦਰ ਸਿੰਘ ਅਤੇ ਭਾਈ ਸਰਵਨ ਸਿੰਘ ਮੀਰੀ ਪੀਰੀ ਨੂੰ ਦਰਸਾਉਂਦੇ ਨੀਲੇ ਅਤੇ ਬਸੰਤੀ ਰੰਗ ਦੇ ਨਿਸ਼ਾਨ ਸਾਹਿਬਾਂ ਨੂੰ ਲੈ ਕੇ ਖੜ੍ਹੇ ਹੋਏ ਸਨ। ਸਿੱਖ ਫਲੋਟ ਦੇ ਚਾਰੇ ਪਾਸੇ ਲੱਗੇ ਸਾਈਨ ਪਿਆਰ ਭਰੇ ਸੁਨੇਹਿਆਂ ਨਾਲ ਮਹਿਕਾਂ ਵੰਡ ਰਹੇ ਸਨ। ਗੂੰਜਦੀ ਆਵਾਜ਼ ਵਿਚ ਧਾਰਮਿਕ ਸੰਗੀਤਕ ਮਾਹੌਲ ਨੂੰ ਹੋਰ ਵੀ ਖੂਬਸੂਰਤ ਬਣਾ ਰਿਹਾ ਸੀ। ਹਿਊਸਟਨ ਸਿੱਖ ਕਮਿਉਨਿਟੀ ਦਾ ਵੱਡੇ ਆਕਾਰ ਦਾ ਬੈਨਰ ਸਿੱਖ ਗਰੁੱਪ ਦੇ ਅੱਗੇ ਚੱਲਦਾ ਹੋਇਆ, ਇਸ ਗੱਰੁਪ ਦੀ ਅਗਵਾਈ ਕਰ ਰਿਹਾ ਸੀ, ਇਸ ਦੇ ਪਿਛੇ ਮੀਰੀ ਪੀਰੀ ਅਕੈਡਮੀ ਦੇ ਬੈਨਰ ਹੇਠ ਗੱਤਕੇ ਦੇ ਜੌਹਰ ਚੱਲ ਰਹੇ ਸਨ। ਸਰਦਾਰ ਗੁਰਸ਼ਰਨ ਸਿੰਘ ਮੁੱਖ ਨੇ ਦੱਸਿਆ ਕਿ ਆਪਣੇ ਜੌਹਰ ਦਿਖਾਉਣ ਲਈ ਖਿਡਾਰੀਆਂ ਨੇ ਜੀ ਜਾਨ ਨਾਲ ਸਖ਼ਤ ਮਿਹਨਤ ਕੀਤੀ ਸੀ। ਅਮਰੀਕਨ ਲੋਕ ਬਹੁਤ ਪਿਆਰ ਅਤੇ ਹੈਰਨੀ ਨਾਲ ਗੱਤਕੇ ਦੇ ਜੌਹਰ ਦੇਖ ਰਹੇ ਸਨ। ਸਭ ਲੋਕ ਕਿਲਕਾਰੀਆਂ, ਤਾੜੀਆਂ ਅਤੇ ਸੀਟੀਆਂ ਨਾਲ ਸਿੱਖ ਗਰੁੱਪ ਦਾ ਸਵਾਗਤ ਕਰ ਰਹੇ ਸਨ। ਮੀਰੀ ਪੀਰੀ ਗੱਤਕਾ ਅਕੈਡਮੀ ਦੇ ਸਿੰਘਾਂ ਦੇ ਗੱਤਕੇ ਦੇ ਜੌਹਰ ਦੇਖ ਕੇ ਅਮਰੀਕੀ ਦੰਗ ਰਹਿ ਗਏ। ਅਮਰੀਕਨ ਭਾਈਚਾਰੇ ਦੇ ਲੋਕ ਸਿੱਖ ਭਾਈਚਾਰੇ ਦੇ ਇਸ ਗਰੁੱਪ ਨਾਲ ਵਾਰ ਵਾਰ ਹੱਥ ਮਿਲਾ, ਗੱਲਵਕੜੀ ਪਾ ਮਾਣ ਮਹਿਸੂਸ ਕਰ ਰਹੇ ਸਨ। ਅਮਰੀਕੀਆਂ ਦਾ ਪਿਆਰ ਅਤੇ ਉਤਸ਼ਾਹ ਵੀ ਦੇਖਿਆਂ ਹੀ ਬਣਦਾ ਸੀ। ਸਿੱਖ ਧਰਮ ਅਤੇ ਸਿੱਖਾਂ ਦੀ ਪਛਾਣ ਬਾਰੇ ਅਮਰੀਕੀਆਂ ਨੂੰ ਜਾਣੂ ਕਰਵਾਉਣ ਲਈ ਸਿੱਖ ਧਰਮ ਸੰਬਧੀ ਸਾਹਿਤ ਵੰਡਿਆ ਗਿਆ। ਸਿੱਖਾਂ ਦੀ ਪਹਿਚਾਣ ਦਰਸਾਉਂਦੇ ਪੈੱਨ ਵੀ ਅਮਰੀਕੀਆਂ ਨੂੰ ਉਪਹਾਰ ਵਜੋਂ ਵੰਡੇ ਗਏ।
ਸਿੱਖ ਸੰਗਤ ਅਤੇ ਮੀਰੀ ਪੀਰੀ ਅਕੈਡਮੀ ਦੇ ਖਿਡਾਰੀਆਂ ਲਈ ਗੁਰਦੁਆਰਾ ਸਿੱਖ ਨੈਸ਼ਨਲ ਤੋਂ ਦੋ ਬੱਸਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਬੱਸਾਂ ਦੇ ਤੁਰਨ ਦਾ ਵਕਤ ਸਵੇਰੇ 5:੦੦ ਵਜੇ ਦਾ ਸੀ ਪਰ ਮੀਰੀ ਪੀਰੀ ਅਕੈਡਮੀ ਦੇ ਛੋਟੀ ਛੋਟੀ ਉਮਰ ਦੇ ਖਿਡਾਰੀਆਂ ਨੇ ਸਮੇਂ ਤੋਂ ਕਾਫੀ ਸਮਾਂ ਪਹਿਲਾਂ ਹੀ ਪਹੁੰਚ ਕੇ ਆਪਣੇ ਪਿਆਰ ਅਤੇ ਚਾਅ ਦਾ ਸਬੂਤ ਦਿੱਤਾ। ਇਸ ਪਰੇਡ ਵਿੱਚ ਸਾਰੇ ਮੀਰੀ ਪੀਰੀ ਗੱਤਕਾ ਅਕੈਡਮੀ ਦੇ ਛੋਟੇ ਛੋਟੇ ਭੁੰਝਗੀਂ ਸਿੰਘਾਂ ਦੀ ਮਿਹਨਤ ਲਗਨ ਅਤੇ ਅਣਥਕ ਸੇਵਾ ਆਪਣੇ ਆਪ ਅੰਦਰ ਮਿਸਾਲ ਬਣੀ। ਕੜਾਕੇ ਦੀ ਠੰਢ ਦੇ ਬਾਵਜੂਦ ਉਨ੍ਹਾਂ ਦਾ ਉਤਸ਼ਾਹ ਕਾਇਮ ਸੀ। ਸਰਦਾਰ ਵਰਿੰਦਰ ਸਿੰਘ ਗੋਲਡੀ ਅਤੇ ਹੋਰਨਾਂ ਸਿੰਘਾਂ ਨੇ ਗੱਤਕਾ ਖਿਡਾਰੀਆਂ ਦੇ ਸੋਹਣੇ ਦੁਮਾਲੇ ਦਸਤਾਰਾਂ ਸਜਾਈਆਂ।
ਇਸ ਪਰੇਡ ਦਾ ਉਦਘਾਟਨ ਹਿਊਸਟਨ ਦੇ ਮੇਅਰ ਸਿਲਵੇਸਟਰ ਟਰਨਰ ਨੇ ਕੀਤਾ। ਇਸ ਪਰੇਡ ਵਿਚ ਵੱਖ-ਵੱਖ ਧਰਮਾਂ ਅਤੇ ਦੇਸ਼ਾਂ ਦੇ ਲੋਕਾਂ ਨੇ ਭਾਗ ਲਿਆ। ਵੱਖ-ਵੱਖ ਫਲੋਟਾਂ, ਬੈਂਡ, ਡਾਨਸਿੰਗ ਗਰੁੱਪ ਅਤੇ ਮਾਰਚਿੰਗ ਗਰੁੱਪ ਇਸ ਪਰੇਡ ਵਿਚ ਸ਼ਾਮਲ ਸਨ। ਪਰੇਡ ਦੇਖਣ ਵਾਲਿਆਂ ਦੀ ਗਿਣਤੀ 3 ਲੱਖ ਤੋਂ ਉਪਰ ਦੱਸੀ ਜਾਂਦੀ ਹੈ ਅਤੇ ਲਗਭਗ 1.8 ਮਿਲੀਅਨ ਲੋਕਾਂ ਨੇ ਘਰ ਬੈਠ ਕੇ ਇਸ ਪਰੇਡ ਦਾ ਆਨੰਦ ਮਾਣਿਆ। ਸਿੱਖੀ ਦੇ ਪ੍ਰਚਾਰ ਲਈ ਇਹ ਬਹੁਤ ਵੱਡਾ ਮੰਚ ਹੈ। ਜਥੇਦਾਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਅੱਗੇ ਤੋਂ ਵੀ ਹੋਰਨਾਂ ਅਮਰੀਕਨ ਪਰੇਡਾਂ ਅਤੇ ਸਮਾਗਮਾਂ ਅੰਦਰ ਸਿੱਖੀ ਦੀ ਪਹਿਚਾਣ ਲਈ ਏਹੋ ਜਿਹੇ ਉਪਰਾਲੇ ਕਰਦੇ ਰਹਿਣਗੇ। ਇਹ ਸਾਰਾ ਉਪਰਾਲਾ ਸਰਦਾਰ ਅਮ੍ਰਿਤ ਸਿੰਘ, ਸਰਦਾਰ ਸੁਰਜੀਤ ਸਿੰਘ, ਸਰਦਾਰ ਮਨਦੀਪ ਸਿੰਘ, ਡਾਕਟਰ ਹਰਦਮ ਸਿੰਘ ਆਜ਼ਾਦ ਡਾਇਰੈਕਟਰ ਗੁਰਦੁਆਰਾ ਸਾਹਿਬ ਸਿੱਖ ਨੈਸ਼ਨਲ ਸੈਂਟਰ, ਹਰਜੀਤ ਸਿੰਘ ਬੈਂਸ, ਬੀਬੀ ਹਰਜੀਤ ਕੌਰ ਸੋਨੀਆ, ਹਰਜੀਤ ਸਿੰਘ ਗਲਹੋਤਰਾ, ਬੀਬੀ ਸੁਰਿੰਦਰ ਕੌਰ ਪਿੰਗਲੀਆ, ਪ੍ਰੋਫੈਸਰ ਸੰਪੂਰਨ ਸਿੰਘ, ਸਰਦਾਰ ਗੁਰਚਰਨ ਸਿੰਘ,  ਸਰਦਾਰ ਤੀਰਥ ਸਿੰਘ ਖਹਿਰਾ, ਸਰਦਾਰ ਬਾਬੀ ਸਿੰਘ, ਡਾਕਟਰ ਹਰਵਿੰਦਰਪਾਲ ਸਿੰਘ, ਰੁਪਿੰਦਰਪਾਲ ਸਿੰਘ (ਰੋਮਾ ਫੈਸ਼ਨ), ਮਨਮੀਤ ਕੌਰ ਲਿਖਾਰੀ, ਡਾਕਟਰ ਤੇਜਿੰਦਰ ਸਿੰਘ ਗਿੱਲ, ਸਰਦਾਰ ਹਰਭਜਨ ਸਿੰਘ, ਸਰਦਾਰ ਵਰਿੰਦਰ ਸਿੰਘ ਗੋਲਡੀ, ਮੀਰੀ ਪੀਰੀ ਅਕੈਡਮੀ ਦੇ ਸਮੂਹ ਸੇਵਾਦਾਰਾਂ ਅਤੇ ਗੁਰਦੁਆਰਾ ਸਾਹਿਬ ਸਿੱਖ ਨੈਸ਼ਨਲ ਸੈਂਟਰ ਅਤੇ ਹੋਰਨਾਂ ਗੁਰਦੁਆਰਾ ਸਾਹਿਬਾਨ ਦੇ ਸਹਿਯੋਗ ਨਾਲ ਹੀ ਸਫਲ ਹੋ ਸਕਿਆ ਹੈ। ਪਰੇਡ ਸਮੇਂ ਸਰਦਾਰ ਕਰਮਜੀਤ ਸਿੰਘ ਵਲੋਂ ਸਭ ਲਈ ਖਾਣ ਪੀਣ ਦਾ ਪ੍ਰੰਬਧ ਕੀਤਾ ਗਿਆ ਸੀ। ਜਥੇਦਾਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਲੀ ਸ਼ਮੂਲੀਅਤ 4 ਦਸੰਬਰ ਨੂੰ ਹਿਊਸਟਨ ਵਿਖੇ ਹੋ ਰਹੀ ‘ਪਰੇਡ ਆਫ ਲਾਈਟ’ ਅਤੇ 16 ਜਨਵਰੀ ਨੂੰ ਐਮ.ਐਲ.ਕੇ. ਪਰੇਡ ਵਿਚ ਹੈ।