ਤੇਜਿੰਦਰ ਪਾਲ ਸਿੰਘ ਬਣਿਆ ‘ਆਸਟਰੇਲੀਅਨ ਆਫ਼ ਦਿ ਯੀਅਰ’ ਐਵਾਰਡ ਦਾ ਹੱਕਦਾਰ

0
591

tejinder-singh
ਮੈਲਬਰਨ/ਬਿਊਰੋ ਨਿਊਜ਼ :
ਆਸਟਰੇਲੀਆ ਵਿਚ ਪਹਿਲੀ ਵਾਰ ਵੱਕਾਰੀ ਕੌਮੀ ਪੁਰਸਕਾਰ ਆਸਟਰੇਲੀਅਨ ਆਫ਼ ਦਾ ਈਯਰ-2017 (ਲੋਕਲ ਹੀਰੋ ਸ਼੍ਰੇਣੀ ਨਦਰਨ ਟੈਰਿਟਰੀ) ਇਸ ਵਾਰ ਇੱਕ ਸਿੱਖ ਨੌਜਵਾਨ ਨੂੰ ਦਿੱਤਾ ਗਿਆ ਹੈ। ਮੂਲਵਾਸੀਆਂ ਦੀ ਬਹੁਗਿਣਤੀ ਵਾਲੀ ਨਦਰਨ ਟੈਰਿਟਰੀ ਖੇਤਰ ਵਿਚ ਪਰਿਵਾਰ ਸਮੇਤ ਰਹਿੰਦੇ ਤੇਜਿੰਦਰ ਪਾਲ ਸਿੰਘ ਦੇ ਨਾਂ ਦਾ ਐਲਾਨ ਸਰਕਾਰ ਦੀ ਸਬੰਧਤ ਬਾਡੀ ਵੱਲੋਂ ਕੀਤਾ ਗਿਆ। ਟੈਰਿਟਰੀ ਦੀ ਰਾਜਧਾਨੀ ਡਾਰਵਿਨ ਵਿਚ 2006 ਵਿਚ ਪੰਜਾਬ ਤੋਂ ਪਰਵਾਸ ਕਰਕੇ ਆਏ ਤੇਜਿੰਦਰ ਨੂੰ ਇਹ ਐਵਾਰਡ ਨਿੱਜੀ ਤੌਰ ਉੱਤੇ ਲੋੜਵੰਦ ਲੋਕਾਂ ਨੂੰ ਖਾਣਾ ਖੁਆਉਣ ਅਤੇ ਬਣਦੀ ਮਦਦ ਕਰਨ ਲਈ ਦਿੱਤਾ ਗਿਆ ਹੈ।
ਟੈਕਸੀ ਚਾਲਕ ਵਜੋਂ ਕੰਮ ਕਰਦੇ ਤੇਜਿੰਦਰ ਨੇ ਇਹ ਕਾਰਜ ਕਰੀਬ ਪਿਛਲੇ 4 ਸਾਲ ਤੋਂ ਸ਼ੁਰੂ ਕੀਤੇ ਹੋਏ ਹਨ। ਉਸ ਦਾ ਕਹਿਣਾ ਹੈ ਕਿ ਸ਼ੁਰੂਆਤ ਵਿੱਚ ਇੱਥੇ ਆ ਕੇ ਵਸਣ ਮੌਕੇ ਉਸ ਨੂੰ ਆਪਣੀ ਵੱਖਰੀ ਪਛਾਣ ਕਾਰਨ ਨਸਲੀ ਟਿੱਪਣੀਆਂ ਦਾ ਸਾਹਮਣਾ ਵੀ ਕਰਨਾ ਪਿਆ। ਉਸ ਸਮੇਂ ਉਸ ਨੇ ਇਹ ਸੋਚਿਆ ਕਿ ਸਿੱਖਾਂ ਦੀ ਪਛਾਣ ਸਿਧਾਂਤ ਅਤੇ ਮਨੁੱਖਤਾ ਲਈ ਚਲਾਏ ਗਏ ਕਾਰਜਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਲੋਕ ਸਿੱਖਾਂ ਦੇ ਮੁੱਢ ਤੋਂ ਜਾਣੂ ਹੋ ਸਕਣ। ਇਸ ਮਗਰੋਂ ਉਸ ਨੇ ਨਿੱਜੀ ਤੌਰ ਉੱਤੇ ਆਪਣੀ ਵੈਨ ਵਿਚ ਖਾਣਾ ਰੱਖ ਕੇ ਲੋੜਵੰਦਾਂ ਦੀ ਭੁੱਖ ਮਿਟਾਉਣ ਲਈ ਮਿਸ਼ਨ ਆਰੰਭ ਦਿੱਤਾ।
ਗੁਰੂ ਨਾਨਕ ਦੇਵ ਨੂੰ ਆਪਣਾ ਪ੍ਰੇਰਣਾ ਸ੍ਰੋਤ ਦੱਸਦਿਆਂ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪਰਿਵਾਰ ਆਪਣੀ ਕਿਰਤ ਵਿਚੋਂ ਦਸਵੰਧ ਕੱਢ ਕੇ ਇਸ ਖਾਣੇ ਦਾ ਪ੍ਰਬੰਧ ਕਰਦਾ ਹੈ, ਜਿਸ ਵਿਚ 85 ਕਿਲੋ ਦਾਲ ਅਤੇ ਚੌਲ ਸਮੇਤ ਮਿੱਠਾ ਜਲ ਸ਼ਾਮਲ ਹੁੰਦੇ ਹਨ। ਮਹੀਨੇ ਦੇ ਹਰ ਆਖਰੀ ਐਤਵਾਰ ਉਹ ਆਪਣੀ ਵੈਨ ਲੋੜਵੰਦ ਖੇਤਰਾਂ ਵਿਚ ਖੜ੍ਹੀ ਕਰਦਾ ਹੈ। ਇਸ ਮੌਕੇ ਕਰੀਬ ਡੇਢ ਸੌ ਵਿਅਕਤੀ ਖਾਣਾ ਖਾਂਦੇ ਹਨ। ਨਦਰਨ ਟੈਰਿਟਰੀ ਦੇ ਮੁੱਖ ਮੰਤਰੀ ਮਾਈਕਲ ਗਨਰ ਨੇ ਤੇਜਿੰਦਰ ਪਾਲ ਸਿੰਘ ਨੂੰ ਇਸ ਕੌਮੀ ਪੁਰਸਕਾਰ ਲਈ ਮੁਬਾਰਕਾਂ ਦਿੱਤੀਆਂ ਹਨ। ਆਸਟਰੇਲੀਅਨ ਆਫ਼ ਦਿ ਯੀਅਰ ਐਵਾਰਡ ਪ੍ਰਧਾਨ ਮੰਤਰੀ ਵੱਲੋਂ ਚੜ੍ਹਦੇ ਸਾਲ ਜਨਵਰੀ ਮਹੀਨੇ ਮੁਲਕ ਦੀ ਰਾਜਧਾਨੀ ਕੈਨਬਰਾ ਵਿੱਚ ਦਿੱਤਾ ਜਾਵੇਗਾ।