ਸਮ੍ਰਿਤੀ ਨੇ ਡੀ.ਯੂ. ਨੂੰ ਕਿਹਾ-ਕਿਸੇ ਨੂੰ ਮੇਰੀ ਵਿਦਿਅਕ ਯੋਗਤਾ ਨਾ ਦੱਸੀ ਜਾਵੇ

0
363

smriti-irani
ਨਵੀਂ ਦਿੱਲੀ/ਬਿਊਰੋ ਨਿਊਜ਼ :
ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਇਰਾਨੀ ਦਾ ਡਿਗਰੀ ਵਿਵਾਦ ਇਕ ਵਾਰ ਫੇਰ ਗਰਮਾ ਗਿਆ ਹੈ। ਆਪਣੀ ਵਿੱਦਿਅਕ ਯੋਗਤਾ ਬਾਰੇ ਪੈਦਾ ਹੋਏ ਵਿਵਾਦ ਵਿਚਕਾਰ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਦਿੱਲੀ ਯੂਨੀਵਰਸਿਟੀ ਨੂੰ ਕਿਹਾ ਕਿ ਸੂਚਨਾ ਦੇ ਅਧਿਕਾਰ ਤਹਿਤ ਦਾਇਰ ਅਰਜ਼ੀ ਉਤੇ ਉਸ ਦੀ ਯੋਗਤਾ ਨਾ ਦੱਸੀ ਜਾਵੇ। ਇਹ ਜਾਣਕਾਰੀ ‘ਸਕੂਲ ਆਫ ਓਪਨ ਲਰਨਿੰਗ’ (ਐਸਓਐਲ) ਨੇ ਕੇਂਦਰੀ ਸੂਚਨਾ ਕਮਿਸ਼ਨ ਨੂੰ ਦਿੱਤੀ। ਕਮਿਸ਼ਨ ਨੇ ਐਸਓਐਲ ਨੂੰ ਆਦੇਸ਼ ਦਿੱਤਾ ਕਿ ਕੇਂਦਰੀ ਕੱਪੜਾ ਮੰਤਰੀ ਇਰਾਨੀ ਦੀ ਵਿੱਦਿਅਕ ਯੋਗਤਾ ਨਾਲ ਸਬੰਧਤ ਸਾਰਾ ਰਿਕਾਰਡ ਉਸ ਕੋਲ ਪੇਸ਼ ਕੀਤਾ ਜਾਵੇ। ਇਸ ਸਬੰਧੀ ਦਿੱਲੀ ਯੂਨੀਵਰਸਿਟੀ ਦੇ ਕੇਂਦਰੀ ਜਨ ਸੰਪਰਕ ਅਧਿਕਾਰੀ ਨੂੰ ਤਾਜ਼ਾ ਨੋਟਿਸ ਜਾਰੀ ਕੀਤਾ ਗਿਆ ਹੈ। ਪਟੀਸ਼ਨਰ ਨੇ ਇੱਥੋਂ ਦੀ ਇਕ ਅਦਾਲਤ ਵਿੱਚ ਕੇਸ ਕਰ ਕੇ ਦੋਸ਼ ਲਾਇਆ ਸੀ ਕਿ ਸਮ੍ਰਿਤੀ ਇਰਾਨੀ ਨੇ 2004 ਦੀ ਲੋਕ ਸਭਾ ਚੋਣ ਵੇਲੇ ਹਲਫ਼ਨਾਮੇ ਵਿੱਚ ਆਪਣੀ ਯੋਗਤਾ ਦਿੱਲੀ ਯੂਨੀਵਰਸਿਟੀ ਤੋਂ (ਕੋਰਸਪੌਂਡੈਂਸ ਰਾਹੀਂ, ਜਿਸ ਨੂੰ ਬਾਅਦ ਵਿੱਚ ਸਕੂਲ ਆਫ ਓਪਨ ਲਰਨਿੰਗ ਸੱਦਿਆ ਜਾਣ ਲੱਗਿਆ) ਬੀ.ਏ. ਦੱਸੀ, ਜਦੋਂ ਕਿ ਗੁਜਰਾਤ ਤੋਂ ਰਾਜ ਸਭਾ ਦੀ ਚੋਣ ਵੇਲੇ ਉਨ੍ਹਾਂ ਹਲਫਨਾਮੇ ਵਿੱਚ ਆਪਣੀ ਯੋਗਤਾ ਬੀਕਾਮ ਭਾਗ ਪਹਿਲਾ ਦਰਸਾਈ। ਅਦਾਲਤ ਵਿੱਚ ਇਹ ਮਾਮਲਾ ਖ਼ਾਰਜ ਕਰ ਦਿੱਤਾ ਗਿਆ ਕਿਉਂਕਿ ਸ਼ਿਕਾਇਤ ਦਾਇਰ ਕਰਨ ਲਈ ਤੈਅ ਸਮਾਂ ਨਿਕਲ ਚੁੱਕਾ ਸੀ। ਫਿਰ ਵੀ ਕੇਂਦਰੀ ਸੂਚਨਾ ਕਮਿਸ਼ਨ ਕੋਲ ਮਾਮਲਾ ਚੱਲ ਰਿਹਾ ਹੈ। ਸੁਣਵਾਈ ਦੌਰਾਨ ਐਸਓਐਲ ਦੇ ਕੇਂਦਰੀ ਜਨ ਸੰਪਰਕ ਅਧਿਕਾਰੀ ਓ.ਪੀ. ਤੰਵਰ ਨੇ ਕਿਹਾ ਕਿ ਇਸ ਵਿੱਚ ਤੀਜੀ ਧਿਰ ਵੱਲੋਂ ਜਾਣਕਾਰੀ ਮੰਗਣ ਕਾਰਨ ਉਨ੍ਹਾਂ ਸਮ੍ਰਿਤੀ ਇਰਾਨੀ ਨਾਲ ਸੰਪਰਕ ਕੀਤਾ। ਇਸ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਨੇ ਆਪਣੀ ਯੋਗਤਾ ਦਾ ਖੁਲਾਸਾ ਨਾ ਕਰਨ ਲਈ ਕਿਹਾ।