ਸਮਾਣਾ : ਸ਼ਰਾਬ ਦੀਆਂ 500 ਤੋਂ ਵੱਧ ਪਰਚੀਆਂ ਫੜੀਆਂ

0
407

sharab-parchi
ਕੈਪਸ਼ਨ-ਠੇਕੇ ਅੱਗੇ ਪਰਚੀ ਰਾਹੀਂ ਸ਼ਰਾਬ ਲੈਣ ਲਈ ਖੜ੍ਹੇ ਲੋਕ।
ਸਮਾਣਾ/ਬਿਊਰੋ ਨਿਊਜ਼ :
ਚੋਣ ਕਮਿਸ਼ਨ ਨੇ ਇੱਥੇ ਸ਼ਰਾਬ ਦੀਆਂ ਪੰਜ ਸੌ ਤੋਂ ਵੱਧ ਪਰਚੀਆਂ ਫੜੀਆਂ ਹਨ। ਚੋਣ ਕਮਿਸ਼ਨ ਦੇ ਆਦੇਸ਼ਾਂ ‘ਤੇ ਪੁਲੀਸ ਨੇ ਸ਼ਰਾਬ ਦੇ ਠੇਕੇਦਾਰਾਂ ਅਤੇ ਮੁਨੀਮ ਸਣੇ ਇੱਕ ਦਰਜਨ ਵਿਅਕਤੀਆਂ ਨੂੰ ਪਰਚੀਆਂ ਸਣੇ ਕਾਬੂ ਕਰਕੇ ਠੇਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਪਰ ਪੁਲੀਸ ਜਾਂ ਚੋਣ ਕਮਿਸ਼ਨ ਦੇ ਕਿਸੇ ਅਧਿਕਾਰੀ ਨੇ ਇਹ ਖ਼ੁਲਾਸਾ ਨਹੀਂ ਕੀਤਾ ਕਿ ਇਹ ਪਰਚੀਆਂ ਕਿਹੜੀ ਸਿਆਸੀ ਪਾਰਟੀ ਨੇ ਵੰਡੀਆਂ ਸਨ। ਪੁਲੀਸ ਨੇ ਪਰਚੀਆਂ ਸਣੇ ਫੜੇ ਵਿਅਕਤੀਆਂ ਅਤੇ ਸ਼ਰਾਬ ਦੇ ਠੇਕੇਦਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ ਸਮਾਣਾ-ਪਟਿਆਲਾ ਰੋਡ ‘ਤੇ ਸ਼ਰਾਬ ਦੇ ਠੇਕੇ ‘ਤੇ ਪਰਚੀਆਂ ਅਤੇ ਸ਼ਰਾਬ ਲੈਣ ਲਈ ਸੈਂਕੜੇ ਲੋਕਾਂ ਦੀ ਲਾਈਨ ਲੱਗੀ ਹੋਈ ਸੀ। ਜਦੋਂ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਵੀ ਕੇ ਸਿੰਘ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਇਸ ਦਾ ਨੋਟਿਸ ਲੈਂਦਿਆਂ ਡੀਸੀ ਪਟਿਆਲਾ ਨੂੰ ਕਾਰਵਾਈ ਦੇ ਆਦੇਸ਼ ਦਿੱਤੇ। ਇਸ ਮਗਰੋਂ ਨਾਇਬ ਤਹਿਸੀਲਦਾਰ ਰਾਜਬਰਿੰਦਰ ਸਿੰਘ ਧਨੋਆ (ਸਮਾਣਾ) ਨੇ ਮੌਕੇ ‘ਤੇ ਪੁੱਜ ਕੇ ਦੇਖਿਆ ਕਿ ਪਰਚੀ ‘ਤੇ ਸ਼ਰਾਬ ਲੈਣ ਵਾਲਿਆਂ ਦੀ ਵੱਡੀ ਲਾਈਨ ਲੱਗੀ ਹੋਈ ਸੀ। ਪੁਲੀਸ ਜਦੋਂ ਮੌਕੇ ‘ਤੇ ਪੁੱਜੀ ਤਾਂ ਵੱਡੀ ਗਿਣਤੀ ਲੋਕ ਭੱਜ ਗਏ, ਜਦੋਂਕਿ ਇੱਕ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਪਰਚੀਆਂ ਸਮੇਤ ਕਾਬੂ ਕਰ ਲਿਆ ਗਿਆ। ਪੁਲੀਸ ਨੇ ਸ਼ਰਾਬ ਦੇ ਠੇਕੇਦਾਰ ਅਨੀਲ ਕੁਮਾਰ, ਨਰੇਸ਼ ਕੁਮਾਰ ਅਤੇ ਉਨ੍ਹਾਂ ਦੇ ਮੁਨੀਮ ਅਮਰਜੀਤ ਸਿੰਘ ਕੋਲੋਂ ਬੈਗ ਵਿੱਚੋਂ 500 ਦੇ ਕਰੀਬ ਪਰਚੀਆਂ ਬਰਾਮਦ ਕਰਕੇ ਠੇਕੇ ਨੂੰ ਸੀਲ ਕਰ ਦਿੱਤਾ। ਪੁਲੀਸ ਵੱਲੋਂ ਫੜੇ ਵਿਅਕਤੀਆਂ ਦੀ ਪਛਾਣ ਠੇਕੇਦਾਰ ਅਨਿਲ ਕੁਮਾਰ, ਠੇਕੇਦਾਰ ਨਰੇਸ਼ ਕੁਮਾਰ, ਮੁਨੀਮ ਅਮਰਜੀਤ ਸਿੰਘ, ਛਿੰਦਾ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਦੁਗਾਲ, ਮਹਿੰਦਰ ਸਿੰਘ ਪੁੱਤਰ ਰਾਮ ਲਾਲ ਵਾਸੀ ਮਲਕਾਣਾ ਪੱਤੀ ਸਮਾਣਾ, ਜਸਬੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਅਸਰਪੁਰ, ਵਿਕਰਮਜੀਤ ਸਿੰਘ ਪੁੱਤਰ ਜਨਕਰਾਜ ਵਾਸੀ ਪਿੰਡ ਬਿਸ਼ਨਪੁਰਾ, ਕਾਲੂ ਸਿੰਘ, ਸੱਤਾ ਪੁੱਤਰ ਹਰੀ ਸਿੰਘ, ਰੂਪ ਖਾਨ ਪੁੱਤਰ ਨਸੀਰ ਖਾਨ, ਅਨਿਲ ਕੁਮਾਰ ਪੁੱਤਰ ਸ਼ਾਮ ਲਾਲ ਸਮਾਣਾ, ਸੁਖਵਿੰਦਰ ਸਿੰਘ ਪੁੱਤਰ ਮੇਹਰ ਸਿੰਘ, ਰੂਪ ਚੰਦ ਪੁੱਤਰ ਇੰਦਰਪਾਲ ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਦੋਂ ਸਿਟੀ ਪੁਲੀਸ ਮੁਖੀ ਦਲਜੀਤ ਸਿੰਘ ਵਿਰਕ ਤੋਂ ਪਰਚੀਆਂ ਵੰਡਣ ਵਾਲੀ ਪਾਰਟੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ। ਇਸ ਦੌਰਾਨ ਡੀਐਸਪੀ ਸਮਾਣਾ ਕ੍ਰਿਸ਼ਨ ਕੁਮਾਰ ਪੈਂਥੇ, ਐਸਡੀਐਮ ਕੰਮ ਚੋਣ ਅਧਿਕਾਰੀ ਅਮਰੇਸ਼ਵਰ ਸਿੰਘ ਤੇ ਡੀਸੀ ਪਟਿਆਲਾ ਰਾਮਬੀਰ ਸਿੰਘ ਨੇ ਵੀ ਕਿਸੇ ਰਾਜਨੀਤਕ ਪਾਰਟੀ ਦਾ ਨਾਂਅ ਲੈਣ ਦੀ ਥਾਂ ਇੱਕ-ਦੂਜੇ ਤੋਂ ਜਾਣਕਾਰੀ ਲੈਣ ਦੀ ਗੱਲ ਆਖ ਕੇ ਪੱਲਾ ਝਾੜ ਲਿਆ।