ਸਰਦਾਰਾਂ ਖ਼ਿਲਾਫ਼ ਚੁਟਕਲੇ : ਵਿਦਿਆਰਥੀਆਂ ਤੇ ਮੁਲਾਜ਼ਮਾਂ ਨੂੰ ਅਦਾਰਿਆਂ ਵਿਚੋਂ ਕੱਢਣ ਦਾ ਸੁਝਾਅ

0
793

ਨਵੀਂ ਦਿੱਲੀ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਨੇ ਸੁਪਰੀਮ ਕੋਰਟ ਨੂੰ ਸੁਝਾਅ ਦਿੱਤੇ ਹਨ ਕਿ ਜੇਕਰ ਸਰਦਾਰਾਂ ਖ਼ਿਲਾਫ਼ ਚੁਟਕਲੇ ਜਾਂ ਹੋਰ ਕੋਈ ਕੋਝਾ ਮਜ਼ਾਕ ਕੀਤਾ ਜਾਂਦਾ ਹੈ ਤਾਂ ਵਿਦਿਆਰਥੀਆਂ ਨੂੰ ਵਿਦਿਅਕ ਅਦਾਰਿਆਂ ਵਿਚੋਂ ਕੱਢ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਜੇਕਰ ਅਜਿਹੀ ਹਰਕਤ ਕੋਈ ਮੁਲਾਜ਼ਮ ਕਰਦਾ ਹੈ ਤਾਂ ਉਸ ਨੂੰ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਦੋਹਾਂ ਜਥੇਬੰਦੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਸਿੱਖਾਂ ਨਾਲ ਹੁੰਦੇ ਮਜ਼ਾਕ ਨਾਲ ਨਜਿੱਠਣ ਲਈ ਦਿਸ਼ਾ ਨਿਰਦੇਸ਼ਾਂ ਦਾ ਖਰੜਾ ਤਿਆਰ ਕਰ ਕੇ ਅਦਾਲਤ ਵਿਚ ਪੇਸ਼ ਕਰਨ। ਉਂਜ ਡੀਜੀਐਮਸੀ ਨੇ ਕਿਹਾ ਹੈ ਕਿ ਅੱਠਵੀਂ ਜਮਾਤ ਤਕ ਦੇ ਕਿਸੇ ਬੱਚੇ ਨੂੰ ਸਕੂਲ ਵਿਚੋਂ ਨਹੀਂ ਕੱਢਿਆ ਜਾਣਾ ਚਾਹੀਦਾ। ਜਨਹਿੱਤ ਪਟੀਸ਼ਨਾਂ ‘ਤੇ ਅਗਲੇ ਹਫ਼ਤੇ ਸੁਣਵਾਈ ਹੋਏਗੀ। ਐਸਜੀਪੀਸੀ ਨੇ ਕਿਹਾ ਕਿ ਨਸਲੀ ਜਾਂ ਫਿਰਕੂ ਆਧਾਰ ‘ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਰੈਗਿੰਗ ਦੇ ਘੇਰੇ ਵਿਚ ਲਿਆਇਆ ਜਾਣਾ ਚਾਹੀਦਾ ਹੈ। ਹੋਰ ਸੁਝਾਵਾਂ ਦੇ ਨਾਲ ਵਿਦਿਅਕ ਅਦਾਰਿਆਂ ਦੀ ਮਾਨਤਾ ਰੱਦ ਕਰਨ ਅਤੇ ਵਿੱਤੀ ਸਹਾਇਤਾ ਰੋਕਣ ਜਿਹੇ ਕਦਮ ਚੁੱਕਣ ਲਈ ਵੀ ਕਿਹਾ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਅਪੀਲ ਕੀਤੀ ਕਿ ਇਹ ਦਿਸ਼ਾ ਨਿਰਦੇਸ਼ ਸਾਰੀਆਂ ਘੱਟ ਗਿਣਤੀਆਂ ‘ਤੇ ਲਾਗੂ ਹੋਣੇ ਚਾਹੀਦੇ ਹਨ। ਐਨਸੀਈਆਰਟੀ ਅਤੇ ਸੀਬੀਐਸਈ ਨੂੰ ਨਿਰਦੇਸ਼ ਦੇਣ ਲਈ ਕਿਹਾ ਗਿਆ ਹੈ ਕਿ ਉਹ ਪਾਠਕ੍ਰਮ ਵਿਚ ਧਰਮਨਿਰਪੱਖਤਾ ਅਤੇ ਧਰਮਾਂ ਦੀ ਜਾਣਕਾਰੀ ਬਾਰੇ ਵਿਸ਼ਾ ਸ਼ਾਮਲ ਕਰਨ।