ਨਾਜਾਇਜ਼ ਹਥਿਆਰ ਮਾਮਲੇ ਵਿਚੋਂ ਸਲਮਾਨ ਖ਼ਾਨ ਬਰੀ

0
942

Jodhpur: Bollywood actor Salman Khan, walks through a crowd outside the court, has been acquitted in 1998 Arms Act case by Jodhpur court, in Jodhpur on Wednesday. PTI Photo (PTI1_18_2017_000029B)

ਜੋਧਪੁਰ/ਬਿਊਰੋ ਨਿਊਜ਼ :
ਹਿੰਦੀ ਫਿਲਮ ਅਦਾਕਾਰ ਸਲਮਾਨ ਖ਼ਾਨ ਨੂੰ 18 ਸਾਲ ਪੁਰਾਣੇ ਅਸਲਾ ਐਕਟ ਦੇ ਕੇਸ ਵਿੱਚ ਇੱਥੋਂ ਦੀ ਇਕ ਅਦਾਲਤ ਨੇ ਬਰੀ ਕਰ ਦਿੱਤਾ। ਫੈਸਲੇ ਵੇਲੇ 51 ਸਾਲਾ ਸਲਮਾਨ ਆਪਣੀ ਭੈਣ ਅਲਵੀਰਾ ਨਾਲ ਚੀਫ ਜੁਡੀਸ਼ਲ ਮੈਜਿਸਟਰੇਟ ਦਲਪਤ ਸਿੰਘ ਦੀ ਅਦਾਲਤ ਵਿੱਚ ਹਾਜ਼ਰ ਸੀ। ਸਲਮਾਨ ਖ਼ਾਨ ਖ਼ਿਲਾਫ਼ ਜੰਗਲੀ ਜੀਵ (ਸੰਭਾਲ) ਐਕਟ ਅਧੀਨ ਲੋਪ ਹੋ ਰਹੇ ਜਾਨਵਰਾਂ ਦਾ ਸ਼ਿਕਾਰ ਕਰਨ ਤੋਂ ਇਲਾਵਾ ਅਸਲਾ ਐਕਟ ਦੀ ਧਾਰਾ 3/25 ਤੇ 3/27 ਤਹਿਤ ਜੋਧਪੁਰ ਨੇੜੇ ਕਨਕਨੀ ਵਿੱਚ ਕਾਲੇ ਹਿਰਨਾਂ ਦੇ ਸ਼ਿਕਾਰ ਲਈ ਮਿਆਦ ਖ਼ਤਮ ਹੋ ਚੁੱਕੇ ਲਾਇਸੈਂਸੀ ਹਥਿਆਰ ਰੱਖਣ ਤੇ ਵਰਤਣ ਦੇ ਦੋਸ਼ ਹੇਠ ਅਕਤੂਬਰ 1998 ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ  ਵਿੱਚ ਦੋਵਾਂ ਧਿਰਾਂ ਦੀ ਜਿਰ੍ਹਾ 9 ਜਨਵਰੀ ਨੂੰ ਮੁਕੰਮਲ ਹੋਈ ਸੀ। ਸਲਮਾਨ ਦੇ ਵਕੀਲ ਐਚ.ਐਮ. ਸਰਸਵਤ ਨੇ ਪਹਿਲਾਂ ਕਿਹਾ ਸੀ ਕਿ ”ਅਸੀਂ ਅਦਾਲਤ ਵਿੱਚ ਦਲੀਲ ਦਿੱਤੀ ਕਿ ਉਸ ਦੇ ਮੁਵੱਕਿਲ ਦੀ ਇੱਥੇ ਠਹਿਰ ਜਾਂ ਕਥਿਤ ਸ਼ਿਕਾਰ ਦੌਰਾਨ ਹਥਿਆਰ ਆਪਣੇ ਕੋਲ ਰੱਖਣ ਦਾ ਕੋਈ ਸਬੂਤ ਨਹੀਂ। ਉਸ ਕੋਲੋਂ ਅਸਲ ਵਿੱਚ ਏਅਰ ਗੰਨ ਮਿਲੀ ਸੀ।”
ਇਹ ਕੇਸ 25 ਫਰਵਰੀ 2014 ਦੇ ਸ਼ੁਰੂ ਵਿੱਚ ਫੈਸਲੇ ਕੰਢੇ ਪੁੱਜ ਗਿਆ ਸੀ ਪਰ ਮੁੱਦਈ ਧਿਰ ਵੱਲੋਂ ਹੇਠਲੀ ਅਦਾਲਤ ਸਾਹਮਣੇ 2006 ਵਿੱਚ ਦਾਇਰ ਫੈਸਲੇ ਤੋਂ ਰਹਿੰਦੀ ਅਰਜ਼ੀ ਸਾਹਮਣੇ ਆਉਣ ਕਾਰਨ ਕੇਸ ਦਾ ਫੈਸਲਾ ਦੋ ਸਾਲਾਂ ਤੱਕ ਲਟਕਿਆ। ਅਸਲਾ ਐਕਟ ਤੋਂ ਇਲਾਵਾ ਸਲਮਾਨ ਖ਼ਾਨ ਵਿਰੁੱਧ ਚਾਰ ਕੇਸ ਦਰਜ ਹਨ। ਰਾਜਸਥਾਨ ਹਾਈ ਕੋਰਟ ਨੇ ਉਸ ਨੂੰ ਚਿੰਕਾਰਾ ਹਿਰਨ ਦੇ ਸ਼ਿਕਾਰ ਦੇ ਦੋ ਕੇਸਾਂ ਵਿੱਚ ਬਰੀ ਕੀਤਾ ਹੋਇਆ ਹੈ, ਜਦੋਂ ਕਿ ਦੋ ਕਾਲੇ ਹਿਰਨਾਂ ਦੇ ਸ਼ਿਕਾਰ ਦੇ ਤੀਜੇ ਕੇਸ ਵਿੱਚ ਸੁਣਵਾਈ ਚੱਲ ਰਹੀ ਹੈ। ਫੈਸਲੇ ਸਮੇਂ ਅਦਾਲਤ ਵਿੱਚ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ 150 ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ ਸਨ।
ਬਰੀ ਹੋਣ ਤੋਂ ਬਾਅਦ ਸੁਪਰ ਸਟਾਰ ਸਲਮਾਨ ਖ਼ਾਨ ਨੇ ਆਪਣੇ ਪ੍ਰਸੰਸਕਾਂ ਦਾ ਦੁਆਵਾਂ ਤੇ ਸ਼ੁਭ ਕਾਮਨਾਵਾਂ ਲਈ ਧੰਨਵਾਦ ਕੀਤਾ।  ਉਨ੍ਹਾਂ ਟਵਿੱਟਰ ਉਤੇ ਕਿਹਾ ਕਿ ਪੂਰੀ ਸੁਣਵਾਈ ਦੌਰਾਨ ਨਾਲ ਖੜ੍ਹੇ ਪ੍ਰਸੰਸਕਾਂ ਦੇ ਉਹ ਤਹਿ ਦਿਲੋਂ ਧੰਨਵਾਦੀ ਹਨ।