ਇੰਦੌਰ ‘ਚ ਸ਼ਹੀਦ ਭਗਤ ਸਿੰਘ ਦੇ ਪਿਸਤੌਲ ਨੂੰ ਮਿਲਿਆ ਬਣਦਾ ਸਤਿਕਾਰ

0
620

The pistol of Shaheed Bhagat Singh at the Central School of Weapons and Tactics of the BSF, Indore. photo: Jupinderjit Singh

ਇੰਦੌਰ/ਬਿਊਰੋ ਨਿਊਜ਼ :
ਮੱਧ ਪ੍ਰਦੇਸ਼ ਦੇ ਇਸ ਸ਼ਹਿਰ ਵਿੱਚ ਬਾਰਡਰ ਸਿਕਿਉਰਿਟੀ ਫੋਰਸ ਦੇ ‘ਸੈਂਟਰਲ ਸਕੂਲ ਆਫ ਵੈਪਨਜ਼ ਐਂਡ ਟੈਕਟਿਕਸ’ ਵਿੱਚ 294 ਹੋਰ ਨਿਸ਼ਾਨੀਆਂ ਨਾਲ ਤਕਰੀਬਨ ਅੱਧੀ ਸਦੀ ਤੱਕ ਗੁੰਮਨਾਮੀ ਦੀ ਹਾਲਤ ਵਿੱਚ ਪਏ ਸ਼ਹੀਦ ਭਗਤ ਸਿੰਘ ਦੇ ਪਿਸਤੌਲ ਨੂੰ ਆਖਰਕਾਰ ਆਪਣਾ ਬਣਦਾ ਸਤਿਕਾਰ ਮਿਲ ਗਿਆ ਹੈ।
ਸਿਖਿਆਰਥੀਆਂ ਨੂੰ ਹਥਿਆਰਾਂ ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਵਾਲੇ ਸਹਾਇਕ ਕਮਾਂਡੈਂਟ ਵਿਜੇਂਦਰ ਸਿੰਘ ਹੁਣ ਤੱਕ ਅਮਰੀਕਾ ਦੀ ਬਣੀ .32 ਕੌਲਟ ਰਿਮ ਰਹਿਤ ਤੇ ਧੂੰਆਂ ਰਹਿਤ ਪਿਸਤੌਲ ਬਾਰੇ ਗੱਲ ਕਰਦਿਆਂ ਇਸ ਨੂੰ 1531 ਤੋਂ ਸ਼ੁਰੂ ਹੋਏ ਹਥਿਆਰਾਂ ਦੇ ਵਿਕਾਸ ਦਾ ਇਕ ਛੋਟਾ ਜਿਹਾ ਅਧਿਆਇ ਦੱਸਦੇ ਸਨ ਪਰ ਇਕ ਭਾਰਤੀ ਇਤਿਹਾਸਕਾਰ ਦੀ ਲਾਹੌਰ ਵਿੱਚ ਕੀਤੀ ਖੋਜ ਦੇ ਆਧਾਰ ‘ਤੇ ਚਾਰ ਭਾਗਾਂ ਵਿੱਚ ‘ਟ੍ਰਿਬਿਊਨ ਸਮੂਹ’ ਵਿਚ ਛਾਪੀ ਲੜੀ ਨੇ ਸਭ ਕੁੱਝ ਬਦਲ ਦਿੱਤਾ। ਇਸ ਮਗਰੋਂ ਸ਼ਹੀਦ ਭਗਤ ਸਿੰਘ ਦੀ ਪਿਸਤੌਲ ਦੀ ਮੌਜੂਦਗੀ ਵਾਲੀਆਂ ਸੰਭਾਵੀ ਥਾਵਾਂ ਬਾਰੇ ਰਿਪੋਰਟਾਂ ਪ੍ਰਕਾਸ਼ਤ ਹੋਈਆਂ। ਇਹ ਪਿਸਤੌਲ ਲਾਹੌਰ ਵਿੱਚ 17 ਦਸੰਬਰ 1928 ਨੂੰ ਬਰਤਾਨਵੀ ਪੁਲੀਸ ਅਧਿਕਾਰੀ ਜੇ.ਪੀ. ਸਾਂਡਰਸ ਨੂੰ ਮਾਰਨ ਲਈ ਵਰਤੀ ਗਈ। ਲਾਹੌਰ ਸਾਜ਼ਿਸ਼ ਕੇਸ ਵਿੱਚ ਇਹ ਪਿਸਤੌਲ ਅਹਿਮ ਸਬੂਤ ਸੀ।
ਸਹਾਇਕ ਕਮਾਂਡੈਂਟ ਵਿਜੇਂਦਰ ਹੁਣ ਇਸ ਪਿਸਤੌਲ ਬਾਰੇ ਗੱਲ ਕਰਨ ਲਈ ਕਾਫ਼ੀ ਸਮਾਂ ਲਾਉਂਦਾ ਹੈ ਕਿਉਂਕਿ ਇਹ ਇਤਿਹਾਸ ਦੇ ਇਕ ਅਨਮੋਲ ਅਧਿਆਇ ਨਾਲ ਸਬੰਧਤ ਹੈ। ਬੀਐਸਐਫ ਦੇ ਇਸ ਅਦਾਰੇ ਦੇ ਡਾਇਰੈਕਟਰ ਆਈਜੀ ਪੰਕਜ ਨੇ ਕਿਹਾ ਕਿ ਜਦੋਂ ਵੀ ਉਹ ਮਹਾਨ ਸ਼ਹੀਦ ਦੀ ਪਿਸਤੌਲ ਨੂੰ ਆਪਣੇ ਹੱਥ ਵਿਚ ਲੈਂਦੇ ਹਨ ਤਾਂ ਉਹ ਭਾਵੁਕ ਹੋ ਜਾਂਦੇ ਹਨ। ਉਨ੍ਹਾਂ ਕਿਹਾ ”ਮੈਂ ਆਪਣੇ ਲੰਮੇ ਕਰੀਅਰ ਦੌਰਾਨ ਕਈ ਹਥਿਆਰ ਚੁੱਕੇ ਹਨ ਪਰ ਕੋਈ ਵੀ ਇਸ ਵਰਗਾ ਨਹੀਂ।” ਉਨ੍ਹਾਂ ਸਾਫ਼ਗੋਈ ਨਾਲ ਮੰਨਿਆ ਕਿ ਇੱਥੇ ਮੌਜੂਦ ਕਿਸੇ ਨੂੰ ਵੀ ਇਹ ਪਤਾ ਨਹੀਂ ਸੀ ਕਿ ਇਹ ਪਿਸਤੌਲ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਹੈ।
ਆਈਜੀ ਨੇ ਕਿਹਾ ਕਿ ਪਿਸਤੌਲਾਂ ਤੋਂ ਪੇਂਟ ਉਤਰਨ ਤੋਂ ਬਾਅਦ ਉਦੋਂ ਸਾਰੇ ਖ਼ੁਸ਼ੀ ਨਾਲ ਝੂਮ ਉੱਠੇ ਜਦੋਂ ਇਕ ਪਿਸਤੌਲ ਦੀ ਬੈਰਲ ਉਤੇ ਉਸ ਦਾ ਨੰਬਰ 168896 ਸਪਸ਼ਟ ਹੋ ਗਿਆ, ਜੋ ਰਿਕਾਰਡ ਨਾਲ ਮੇਲ ਖਾ ਗਿਆ। ਹੁਣ ਇਸ ਪਿਸਤੌਲ ਨੂੰ ਵੱਖਰਾ ਇਕ ਥੜ੍ਹੇ ਉਤੇ ਸ਼ੀਸ਼ੇ ਵਿੱਚ ਰੱਖਿਆ ਗਿਆ ਹੈ ਪਰ ਹਾਲੇ ਵੀ ਇਸ ਦਾ ਵੇਰਵਾ ਨਾਲ ਨਹੀਂ ਦਰਸਾਇਆ ਗਿਆ। ਆਈਜੀ ਨੇ ਕਿਹਾ ਕਿ ਉਹ ਇਸ ਪਿਸਤੌਲ ਨੂੰ ਸ਼ਹੀਦ ਭਗਤ ਸਿੰਘ ਦੀ ਤਸਵੀਰ ਨਾਲ ਦਰਸਾਉਣ ਲਈ ਵਿਸ਼ੇਸ਼ ਥਾਂ ਤਿਆਰ ਕਰ ਰਹੇ ਹਨ।
ਇਤਿਹਾਸਕਾਰ ਮਲਵਿੰਦਰਜੀਤ ਸਿੰਘ ਵੜੈਚ ਨੇ ਕਿਹਾ ਕਿ ਇਸ ਪਿਸਤੌਲ ਨੂੰ ਦੇਖਣਾ ਸੁਪਨਾ ਸੱਚ ਹੋਣ ਬਰਾਬਰ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸ਼ਹੀਦ ਦੀਆਂ ਹੋਰ ਨਿਸ਼ਾਨੀਆਂ ਹਾਲੇ ਲੱਭੀਆਂ ਜਾਣੀਆਂ ਬਾਕੀ ਹਨ।

ਸੋਹਣੀ ਦਿੱਖ ਲਈ ਕਰ ਦਿੱਤਾ ਸੀ ਪੇਂਟ :
ਬੀਐਸਐਫ ਰਿਕਾਰਡ ਦੀ ਘੋਖ ਲਈ ਆਈਜੀ ਨੂੰ ਇਸ ਪਿਸਤੌਲ ਦਾ ਨੰਬਰ ਤੇ ਹੋਰ ਬਿਓਰਾ ਦਿੱਤਾ ਗਿਆ। ਇਸ ਪਿੱਛੋਂ ਇਕ ਟੀਮ ਨੂੰ ਇਸ ਦਾ ਇਕ ਪੁਰਾਣੇ ਰਜਿਸਟਰ ਵਿੱਚ ਇੰਦਰਾਜ ਮਿਲ ਗਿਆ ਪਰ ਅਸਲ ਹਥਿਆਰ ਦਾ ਪਤਾ ਲਾਉਣ ਲਈ ਅੜਿੱਕਾ ਹੋਰ ਖੜ੍ਹਾ ਹੋ ਗਿਆ ਕਿਉਂਕਿ  ਸੰਭਾਲ ਤੇ ਵਧੀਆ ਦਿੱਖ ਲਈ ਇਸ ਅਜਾਇਬਘਰ ਦੇ ਸਾਰੇ ਹਥਿਆਰਾਂ ਨੂੰ ਪੇਂਟ ਕਰ ਦਿੱਤਾ ਗਿਆ ਸੀ। ਇਸ ਲਈ ਸਟਾਫ ਨੂੰ ਅਸਲ ਪਿਸਤੌਲ ਦੀ ਪਛਾਣ ਲਈ ਸਾਰੀਆਂ .32 ਕੌਲਟ ਪਿਸਤੌਲਾਂ ਦਾ ਪੇਂਟ ਉਤਾਰਨਾ ਪਿਆ। ਪੇਂਟ ਨਾਲ ਪਿਸਤੌਲ ਦਾ ਨੰਬਰ ਤੇ ਵੇਰਵਾ ਲੁਕ ਗਿਆ ਸੀ।

ਪਾਕਿ ‘ਚ ਭਗਤ ਸਿੰਘ ਦੇ ਜੱਦੀ ਪਿੰਡ ਦੇ ਨਵੇਂ ਨਾਂ ਨੂੰ ਨਹੀਂ ਮਿਲੀ ਮਾਨਤਾ :
ਪਾਕਿਸਤਾਨ ਦੇ ਜ਼ਿਲ੍ਹਾ ਫ਼ੈਸਲਾਬਾਦ ਦੇ ਪਿੰਡ ਬੰਗਾ ਦੇ ਬਦਲੇ ਨਾਂ ਭਗਤਪੁਰ ਨੂੰ ਅਜੇ ਤਕ ਸਰਕਾਰੀ ਮਾਨਤਾ ਨਹੀਂ ਦਿੱਤੀ ਗਈ ਹੈ। ਇਸੇ ਪਿੰਡ ਦੇ ਚੱਕ ਨੰਬਰ 105 ਵਿੱਚ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ ਸੀ ਅਤੇ ਪਿੰਡ ਦੀ ਮੁੱਖ ਸੜਕ ‘ਤੇ ਭਗਤ ਸਿੰਘ ਦੀ ਫੋਟੋ ਵਾਲੇ ਬੋਰਡ ਉੱਤੇ ‘ਭਗਤ ਸਿੰਘ ਜ਼ਿੰਦਾਬਾਦ-ਪਿੰਡ ਬੰਗਾ’ ਲਿਖਿਆ ਹੋਇਆ ਹੈ। ਪਿੰਡ ਵਾਸੀ ਸਾਕਿਬ ਵਿਰਕ ਅਤੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਬਾਬਰ ਜਲੰਧਰੀ ਨੇ ਦੱਸਿਆ ਕਿ ਸਰਬਸੰਮਤੀ ਨਾਲ ਪਿੰਡ ਬੰਗਾ ਦਾ ਨਾਂ ਬਦਲ ਕੇ ਭਗਤਪੁਰ ਅਤੇ ਪਿੰਡ ਦੇ ਚੌਕ ਦਾ ਨਾਂ ਚੌਕ ਭਗਤ ਸਿੰਘ ਵਾਲਾ ਰੱਖਿਆ ਗਿਆ ਹੈ, ਪਰ ਇਨ੍ਹਾਂ ਨਾਵਾਂ ਨੂੰ ਅਜੇ ਤੱਕ ਸਰਕਾਰ ਵੱਲੋਂ ਮਾਨਤਾ ਨਹੀਂ ਦਿੱਤੀ ਗਈ।
ਉਨ੍ਹਾਂ ਆਸ ਜਤਾਈ ਕਿ ਪਾਕਿ ਸਰਕਾਰ ਵੱਲੋਂ ਜਲਦੀ ਹੀ ਇਨ੍ਹਾਂ ਨਾਵਾਂ ਨੂੰ ਮਾਨਤਾ ਦੇ ਦਿੱਤੀ ਜਾਵੇਗੀ। ਮੌਜੂਦਾ ਸਮੇਂ ਭਗਤ ਸਿੰਘ ਦੇ ਜ਼ਦੀ ਘਰ ਵਿੱਚ ਰਹਿ ਰਹੇ ਇਕਬਾਲ ਵਿਰਕ ਨੇ ਉਪਰੋਕਤ ਘਰ ਨੂੰ ‘ਹਵੇਲੀ ਭਗਤ ਸਿੰਘ ਸੰਧੂ’ ਦਾ ਨਾਂ ਦਿੰਦਿਆਂ ਇਸ ਦਾ ਵੱਡਾ ਹਿੱਸਾ ਅਜਾਇਬ-ਘਰ ਵਿਚ ਤਬਦੀਲ ਕਰ ਦਿੱਤਾ ਹੈ। ਸਾਕਿਬ ਵਿਰਕ ਤੇ ਬਾਬਰ ਜਲੰਧਰੀ ਨੇ ਲਾਹੌਰ ਦੀ ਸੈਂਟਰਲ ਜੇਲ੍ਹ ਦੇ ਫਾਂਸੀ ਦੇ ਤਖ਼ਤੇ ਵਾਲੇ ਸਥਾਨ ਜਿੱਥੇ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ‘ਤੇ ਲਟਕਾਇਆ ਗਿਆ ਸੀ, ‘ਤੇ ਬਣੇ ਹੁਰਮਤ-ਏ-ਰਸੂਲ ਚੌਕ ਦਾ ਨਾਂ ਵੀ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਣ ਦੀ ਮੰਗ ਕੀਤੀ ਹੈ।