ਪੱਤਰਕਾਰ ਖ਼ੁਦਕੁਸ਼ੀ ਮਾਮਲੇ ‘ਚ ਹਰਿਆਣਾ ਦੇ ਸਾਬਕਾ ਵਿਧਾਇਕ ਗੁੱਜਰ ਸਮੇਤ ਤਿੰਨ ਜਣਿਆਂ ਨੂੰ 4-4 ਸਾਲ ਦੀ ਕੈਦ

0
667

10-10 ਹਜ਼ਾਰ ਰੁਪਏ ਜੁਰਮਾਨਾ ਤੇ ਪੀੜਤ ਪਰਿਵਾਰ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ

patarkar-khudkushi-mamla

ਕੈਪਸ਼ਨ-ਰਾਮ ਕਿਸ਼ਨ ਗੁੱਜਰ ਨੂੰ ਅਦਾਲਤ ਵਿੱਚ ਲਿਜਾਂਦੀ ਹੋਈ ਪੁਲੀਸ।

ਅੰਬਾਲਾ/ਬਿਊਰੋ ਨਿਊਜ਼ :
ਨਰਾਇਣਗੜ੍ਹ ਦੇ ਪੱਤਰਕਾਰ ਪੰਕਜ ਖੰਨਾ ਉਰਫ਼ ਸੰਨੀ ਦੇ ਖੁਦਕੁਸ਼ੀ ਮਾਮਲੇ ਵਿਚ ਅਦਾਲਤ ਵੱਲੋਂ 28 ਫਰਵਰੀ ਨੂੰ ਦੋਸ਼ੀ ਠਹਿਰਾਏ ਗਏ ਨਰਾਇਣਗੜ੍ਹ ਦੇ ਸਾਬਕਾ ਵਿਧਾਇਕ ਅਤੇ ਹੁੱਡਾ ਸਰਕਾਰ ਵਿਚ ਮੁੱਖ ਪਾਰਲੀਮਾਨੀ ਸਕੱਤਰ ਰਹੇ ਰਾਮ ਕਿਸ਼ਨ ਗੁੱਜਰ ਅਤੇ ਉਸ ਦੇ ਦੋ ਸਾਥੀਆਂ ਅਜੀਤ ਅਗਰਵਾਲ ਤੇ ਵਿਜੈ ਅਗਰਵਾਲ ਉਰਫ਼ ਮਿਕੀ ਲਾਲਾ ਨੂੰ ਵਧੀਕ ਸੈਸ਼ਨ ਜੱਜ ਡਾ. ਸੰਜੀਵ ਆਰੀਆ ਦੀ ਅਦਾਲਤ ਨੇ 4-4 ਸਾਲ ਦੀ ਕੈਦ ਅਤੇ 10-10 ਹਜ਼ਾਰ ਰੁਪਏ ਜੁਰਮਾਨੇ ਤੋਂ ਬਿਨਾਂ ਪੀੜਤ ਪਰਿਵਾਰ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦੀ ਸਜ਼ਾ ਸੁਣਾਈ ਗਈ। ਦੋਸ਼ੀਆਂ ਨੇ 10-10 ਹਜ਼ਾਰ ਰੁਪਏ ਮੌਕੇ ‘ਤੇ ਹੀ ਜਮ੍ਹਾਂ ਕਰਵਾ ਦਿੱਤੇ, ਜਦਕਿ ਮੁਆਵਜ਼ਾ ਦੇਣ ਲਈ ਹਾਈ ਕੋਰਟ ਦੇ ਹੁਕਮਾਂ ਦਾ ਇੰਤਜ਼ਾਰ ਕੀਤਾ ਜਾਵੇਗਾ ਕਿਉਂਕਿ ਬਚਾਅ ਪੱਖ ਦੇ ਵਕੀਲ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਸਜ਼ਾ ਸੁਣਾਏ ਜਾਣ ਤੋਂ ਬਾਅਦ ਪੁਲੀਸ ਤਿੰਨਾਂ ਨੂੰ ਮੀਡੀਆ ਤੋਂ ਬਚਾ ਕੇ ਅਦਾਲਤ ਦੇ ਪਿਛਲੇ ਦਰਵਾਜ਼ੇ ਰਾਹੀਂ ਕੇਂਦਰੀ ਜੇਲ੍ਹ ਲੈ ਗਈ। ਇਸ ਤੋਂ ਪਹਿਲਾਂ ਰਾਮ ਕਿਸ਼ਨ ਗੁੱਜਰ ਨੂੰ ਪੂਰੀ ਸੁਰੱਖਿਆ ਅਧੀਨ ਕੇਂਦਰੀ ਜੇਲ੍ਹ ਵਿਚੋਂ ਅਦਾਲਤ ਲਿਆਂਦਾ ਗਿਆ। ਇਸ ਦੌਰਾਨ ਤਿੰਨਾਂ ਦੋਸ਼ੀਆਂ ਦੇ ਰਿਸ਼ਤੇਦਾਰ ਅਤੇ ਗੁੱਜਰ ਦੇ ਸਮਰਥਕ ਅਦਾਲਤ ਵਿੱਚ ਮੌਜੂਦ ਸਨ। ਗੁੱਜਰ ਦਾ ਪਰਿਵਾਰ ਤਾਂ ਸ਼ਾਂਤ ਰਿਹਾ, ਪਰ ਦੂਜੇ ਦੋਹਾਂ ਦੋਸ਼ੀਆਂ ਦੇ ਪਰਿਵਾਰਾਂ ਨੇ ਤਕੜਾ ਹੰਗਾਮਾ ਕਰਦਿਆਂ ਅਦਾਲਤ ਅੰਦਰ ਜਾਣ ਦੀ ਜ਼ਿੱਦ ਕੀਤੀ। ਇਸ ਦੌਰਾਨ ਅਜੀਤ ਅਗਰਵਾਲ ਦੀ ਪਤਨੀ ਬੇਹੋਸ਼ ਵੀ ਹੋ ਗਈ।
ਮ੍ਰਿਤਕ ਪੱਤਰਕਾਰ ਦੀ ਭੈਣ ਪ੍ਰੀਤੀ ਖੰਨਾ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਬਚਾਅ ਪੱਖ ਅਦਾਲਤ ਦੇ ਵਕੀਲ ਜੇਐਸ ਕੋਹਲੀ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਹਾਈ ਕੋਰਟ ਲੈ ਕੇ ਜਾਣਗੇ ਜਿਸ ਲਈ ਅਪੀਲ ਦੀ ਤਿਆਰੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ 10 ਜੂਨ 2009 ਨੂੰ ਪੱਤਰਕਾਰ ਪੰਕਜ ਖੰਨਾ ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਖੁਦਕੁਸ਼ੀ ਨੋਟ ਵਿਚ ਉਸ ਨੇ ਵਿਧਾਇਕ ਰਾਮ ਕਿਸ਼ਨ ਗੁੱਜਰ, ਅਜੀਤ ਅਗਰਵਾਲ ਅਤੇ ਵਿਜੈ ਅਗਰਵਾਲ ਉਰਫ਼ ਮਿਕੀ ਲਾਲਾ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਦੱਸਿਆ ਸੀ। ਪੁਲੀਸ ਨੇ ਮ੍ਰਿਤਕ ਦੇ ਪਿਤਾ ਯਸ਼ਪਾਲ ਖੰਨਾ ਦੀ ਸ਼ਿਕਾਇਤ ‘ਤੇ ਤਿੰਨਾਂ ਦੇ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਸੀ।