ਚੋਣਾਂ ਮਗਰੋਂ ਵੀ ਰੁੱਝੇ ਹੋਏ ਹਨ ਸਿਆਸੀ ਆਗੂ ਬਾਦਲ ਇਲਾਜ ਲਈ ਜਾਣਗੇ ਅਮਰੀਕਾ

0
499

parkash-badal
ਕੈਪਸ਼ਨ-ਪਿੰਡ ਬਾਦਲ ਰਿਹਾਇਸ਼ ‘ਤੇ ਵਰਕਰਾਂ ਨੂੰ ਮਿਲਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ।
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਚੋਣਾਂ ਬਾਅਦ ਵੀ ਅਹਿਮ ਆਗੂਆਂ ਦੀਆਂ ਸਰਗਰਮੀਆਂ ਮੱਠੀਆਂ ਨਹੀਂ ਪਈਆਂ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਸਿਹਤ ਦਾ ਨਿਰੀਖਣ ਕਰਾਉਣ ਆਉਂਦੇ ਦਿਨੀਂ ਅਮਰੀਕਾ ਜਾਣਗੇ ਜਦੋਂ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਚ ਡੇਰੇ ਲਾ ਕੇ ਕਾਂਗਰਸੀ ਆਗੂਆਂ ਨਾਲ ਮੁਲਾਕਾਤਾਂ ਦਾ ਦੌਰ ਸ਼ੁਰੂ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੁੱਝ ਦਿਨ ਆਰਾਮ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਦੇ ਕੰਮ ਵਿੱਚ ਰੁੱਝ ਜਾਣਗੇ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਸਦ ਦੇ ਸੈਸ਼ਨ ਵਿਚ ਹਾਜ਼ਰੀ ਭਰਨ ਦਾ ਫੈਸਲਾ ਕੀਤਾ ਹੈ। ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦਾ ਗਲਾ ਖ਼ਰਾਬ ਹੋ ਗਿਆ ਹੈ ਤੇ ਉਹ ਇਲਾਜ ਕਰਾਉਣਗੇ।
ਮੁੱਖ ਮੰਤਰੀ ਵੋਟਾਂ ਪੈਣ ਤੋਂ ਅਗਲੇ ਹੀ ਦਿਨ ਐਤਵਾਰ ਨੂੰ ਚੰਡੀਗੜ੍ਹ ਪਹੁੰਚ ਗਏ। ਇਥੇ ਉਨ੍ਹਾਂ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਰਕਾਰੀ ਕੰਮਾਂ ਦੀ ਸਮੀਖਿਆ ਕੀਤੀ ਅਤੇ ਅਗਲੇ ਪ੍ਰੋਗਰਾਮ ਉਲੀਕੇ। ਸੂਤਰਾਂ ਮੁਤਾਬਕ ਸ੍ਰੀ ਬਾਦਲ ਨਾਲ ਤਾਇਨਾਤ ਡਾਕਟਰਾਂ ਤੇ ਪੀਜੀਆਈ ਦੇ ਮਾਹਰਾਂ ਨੇ ਮੁੱਖ ਮੰਤਰੀ ਨੂੰ ਅਮਰੀਕਾ ਤੋਂ ਸਿਹਤ ਦਾ ਨਿਰੀਖਣ ਕਰਾਉਣ ਦਾ ਸੁਝਾਅ ਦਿੱਤਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦਾ ਨਤੀਜਾ 11 ਮਾਰਚ ਨੂੰ ਆਉਣਾ ਹੈ, ਜਿਸ ਕਾਰਨ ਰਾਜਸੀ ਪਾਰਟੀਆਂ ਦੀ ਉਡੀਕ ਲੰਬੀ ਹੋ ਗਈ ਹੈ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਮੁਤਾਬਕ ਸ੍ਰੀ ਬਾਦਲ ਇੱਕ-ਦੋ ਦਿਨਾਂ ਵਿੱਚ ਅਮਰੀਕਾ ਰਵਾਨਾ ਹੋਣਗੇ ਅਤੇ ਉਥੇ ਇੱਕ ਹਫ਼ਤਾ ਬਿਤਾਉਣਗੇ। ਵਿਧਾਨ ਸਭਾ ਚੋਣਾਂ ਦੇ ਅਮਲ ਸਦਕਾ 11 ਮਾਰਚ ਤਕ ਚੋਣ ਜ਼ਾਬਤਾ ਲੱਗਾ ਹੋਣ ਕਾਰਨ ਸਰਕਾਰ ਵੱਲੋਂ ਕੋਈ ਵੱਡਾ ਫੈਸਲਾ ਨਹੀਂ ਲਿਆ ਜਾ ਸਕਦਾ। ਇਸ ਲਈ ਮੁੱਖ ਮੰਤਰੀ ਕੋਈ ਵੱਡੀਆਂ ਮੀਟਿੰਗਾਂ ਵੀ ਨਹੀਂ ਕਰਨਗੇ ਸਿਰਫ਼ ਆਪਣੇ ਨਾਲ ਤਾਇਨਾਤ ਅਧਿਕਾਰੀਆਂ ਤੋਂ ਹੀ ਰਿਪੋਰਟਾਂ ਲੈ ਰਹੇ ਹਨ।
ਕੈਪਟਨ ਨੇ ਤਕਨੀਕੀ ਮਾਹਰਾਂ ਨੂੰ ਦਿੱਤੀ ਦਾਅਵਤ:
ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀਆਂ ਮੁਤਾਬਕ ਪੰਜਾਬ ਕਾਂਗਰਸ ਪ੍ਰਧਾਨ ਨੇ ਤਕਨੀਕੀ ਮਾਹਰਾਂ ਦੀ ਟੀਮ ਨੂੰ ਦੁਪਹਿਰ ਦੇ ਖਾਣੇ ਦੀ ਦਾਅਵਤ ਦਿੱਤੀ। ਆਉਣ ਵਾਲੇ ਦਿਨਾਂ ਦੌਰਾਨ ਵੀ ਕਾਂਗਰਸ ਪ੍ਰਧਾਨ ਚੰਡੀਗੜ੍ਹ ਵਿੱਚ ਰਹਿ ਕੇ ਵਿਧਾਨ ਸਭਾ ਦੇ ਉਮੀਦਵਾਰਾਂ ਨਾਲ ਮੀਟਿੰਗਾਂ ਕਰਕੇ ਭਵਿੱਖੀ ਰਣਨੀਤੀ ਉਲੀਕਣਗੇ।
ਸੁਖਬੀਰ ਸੰਭਾਲਣਗੇ ਦਿੱਲੀ ਕਮੇਟੀ ਚੋਣਾਂ ਦੀ ਕਮਾਂਡ :
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਰੀਬੀਆਂ ਨੇ ਦੱਸਿਆ ਕਿ ਛੋਟਾ ਬਾਦਲ ਕੁੱਝ ਦਿਨ ਨਵੀਂ ਦਿੱਲੀ ਵਿਚ ਆਪਣੇ ਬੱਚਿਆਂ ਨਾਲ ਗੁਜ਼ਾਰੇਗਾ ਅਤੇ ਉਸ ਬਾਅਦ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੀ ਰਣਨੀਤੀ ਉਲੀਕੇਗਾ। ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ 26 ਫਰਵਰੀ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ‘ਤੇ ਪੰਜਾਬ ਦੇ ਰਾਜਸੀ ਹਾਲਾਤ ਦਾ ਪ੍ਰਭਾਵ ਪੈਣਾ ਲਾਜ਼ਮੀ ਹੈ। ਇਸ ਲਈ ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਲਈ ਵੱਕਾਰ ਦਾ ਸਵਾਲ ਬਣ ਗਈਆਂ ਹਨ।
ਸੁਖਬੀਰ ਨੇ ‘ਰਈਸ’ ਦੇਖ ਕੇ ਲਾਹੀ ਥਕਾਵਟ :
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬਠਿੰਡਾ ਦੇ ਮਿੱਤਲ ਮਾਲ ਵਿੱਚ ‘ਰਈਸ’ ਫਿਲਮ ਦੇਖ ਕੇ ਚੋਣ ਦੰਗਲ ਦੀ ਥਕਾਵਟ ਲਾਹੀ। ‘ਰਈਸ’ ਦਾ ਚਾਰ ਵਜੇ ਵਾਲਾ ਸ਼ੋਅ ਵੇਖਣ ਲਈ ਪੁੱਜੇ। ਉਨ੍ਹਾਂ ਨਾਲ ਸਿਕੰਦਰ ਸਿੰਘ ਮਲੂਕਾ, ਜਗਦੀਪ ਸਿੰਘ ਨਕਈ ਅਤੇ ਮਿੱਤਲ ਮਾਲ ਦੇ ਮਾਲਕ ਰਜਿੰਦਰ ਗੁਪਤਾ ਸਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਿੱਲੀ ਚਲੇ ਗਏ ਹਨ। ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਆਮ ਦਿਨਾਂ ਨਾਲੋਂ ਬਠਿੰਡਾ ਵਿਚ ਤਿੰਨ ਘੰਟੇ ਲੇਟ ਪੁੱਜੇ। ਉਨ੍ਹਾਂ ਸਟਰਾਂਗ ਰੂਮ ਵੀ ਵੇਖਿਆ ਅਤੇ ਮੌੜ ਬੰਬ ਧਮਾਕੇ ਵਿਚ ਜਾਨ ਗੁਆ ਬੈਠੇ ਵਿਅਕਤੀ ਨਮਿੱਤ ਬਠਿੰਡਾ ਵਿੱਚ ਭੋਗ ‘ਤੇ ਗਏ। ਉਨ੍ਹਾਂ ਕਈ ਵਿਆਹਾਂ ਵਿੱਚ ਹਾਜ਼ਰੀ ਵੀ ਭਰੀ।
ਮਾਨ ਸੰਸਦ ਸੈਸ਼ਨ ‘ਚ ਭਰਨਗੇ ਹਾਜ਼ਰੀ :
‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਉਹ 5 ਫਰਵਰੀ ਤੋਂ ਸ਼ੁਰੂ ਹੋਏ ਸੰਸਦ ਦੇ ਬਜਟ ਸੈਸ਼ਨ ਵਿਚ ਹਿੱਸਾ ਲੈਣ ਜਾ ਰਹੇ ਹਨ। ਦੱਸਣਯੋਗ ਹੈ ਕਿ ਸ੍ਰੀ ਮਾਨ ਸਰਦ ਰੁੱਤ ਸੈਸ਼ਨ ਵਿਚ ਸ਼ਮੂਲੀਅਤ ਨਹੀਂ ਕਰ ਸਕੇ ਸਨ ਕਿਉਂਕਿ ਮੌਨਸੂਨ ਸੈਸ਼ਨ ਦੌਰਾਨ ਉਨ੍ਹਾਂ ਵੱਲੋਂ ਸੰਸਦ ਦੀ ਵੀਡੀਓ ਬਣਾ ਕੇ ਜਨਤਕ ਕੀਤੇ ਜਾਣ ਕਾਰਨ ਲੋਕ ਸਭਾ ਸਪੀਕਰ ਨੇ ਉਨ੍ਹਾਂ ਨੂੰ ਸੈਸ਼ਨ ਵਿਚੋਂ ਬਾਹਰ ਕਰ ਦਿੱਤਾ ਸੀ। ਇਸ ਤਰ੍ਹਾਂ ਨਾਲ ‘ਆਪ’ ਦਾ ਇਹ ਸੰਸਦ ਮੈਂਬਰ ਦੋ ਸੈਸ਼ਨਾਂ ਬਾਅਦ ਸੰਸਦ ਦੇ ਸੈਸ਼ਨ ਵਿੱਚ ਸ਼ਮੂਲੀਅਤ ਕਰਨ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਸ ਦਾ ਗਲਾ ਖ਼ਰਾਬ ਹੋ ਗਿਆ ਹੈ ਅਤੇ ਹੁਣ ਉਹ ਆਪਣੇ ਗਲੇ ਦਾ ਇਲਾਜ ਕਰਾਉਣ ਬਾਅਦ ਹੀ ਅਗਲਾ ਕੰਮ ਆਰੰਭਣਗੇ।
ਕੇਜਰੀਵਾਲ ਹੋਏ ਢਿੱਲੇ, ਇਲਾਜ ਲਈ ਜਾਣਗੇ ਬੰਗਲੌਰ :
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 7 ਫਰਵਰੀ ਨੂੰ ਇਲਾਜ ਲਈ ਬੰਗਲੌਰ ਜਾਣਗੇ, ਜਿੱਥੇ ਉਹ ਆਪਣੀ ਵਧੀ ਹੋਈ ਸ਼ੂਗਰ ਦਾ ਇਲਾਜ ਕਰਵਾਉਣਗੇ। ਸ੍ਰੀ ਕੇਜਰੀਵਾਲ ਕੁਦਰਤੀ ਤਰੀਕੇ ਨਾਲ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਵਾਉਣ ਲਈ ਪਹਿਲਾਂ ਵੀ ਬੰਗਲੌਰ ਜਾ ਚੁੱਕੇ ਹਨ। ਉਨ੍ਹਾਂ ਨੇ ਖੰਘ ਦਾ ਇਲਾਜ ਵੀ ਪਿਛਲੇ ਸਾਲ ਜਨਵਰੀ ਵਿੱਚ ਉੱਥੋਂ ਹੀ ਕਰਵਾਇਆ ਸੀ।
ਉਹ ਪੰਜਾਬ ਵਿਧਾਨ ਸਭਾ ਚੋਣਾਂ ਦੇ ਦੌਰ ਨੂੰ ਪੂਰਾ ਕਰ ਕੇ ਦਿੱਲੀ ਪੁੱਜ ਗਏ ਹਨ। ਉਨ੍ਹਾਂ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਲਈ ਦਿਨ-ਰਾਤ ਕੰਮ ਕੀਤਾ। ਦਿੱਲੀ ਦੇ ਇੱਕ ਅਧਿਕਾਰੀ ਮੁਤਾਬਕ ਹੁਣ ਉਨ੍ਹਾਂ ਦੀ ਸ਼ੂਗਰ ਵਧੀ ਹੋਈ ਹੈ ਤੇ ਇਸ ਨੂੰ ਕਾਬੂ ਵਿੱਚ ਰੱਖਣ ਲਈ ਉਹ ਦਿਨ ਵਿੱਚ ਤਿੰਨ ਵਾਰ ਇਲਾਜ ਕਰਵਾਉਂਦੇ ਹਨ ਤੇ 7 ਫਰਵਰੀ ਨੂੰ ਕੁਦਰਤੀ ਢੰਗ ਨਾਲ ਇਲਾਜ ਕਰਵਾਉਣ ਲਈ ਬੰਗਲੌਰ ਜਾਣਗੇ। ਉਨ੍ਹਾਂ ਨੂੰ ਹਲਕਾ ਬੁਖ਼ਾਰ ਵੀ ਹੈ।ਸ੍ਰੀ ਕੇਜਰੀਵਾਲ 12-14 ਦਿਨ ਬੰਗਲੌਰ ਰੁੱਕ ਕੇ ਆਪਣਾ ਇਲਾਜ ਦੇਸੀ ਤਰੀਕੇ ਨਾਲ ਕਰਵਾਉਣਗੇ।