ਧਾਹਾਂ ਮਾਰਦਿਆਂ ਲਾੜੇ ਲੈਣ ਫੇਰੇ…….

0
57

pakdua-shadi
ਬਿਹਾਰ ਦੇ ‘ਪਕੜੂਆ ਵਿਆਹਾਂ’ ਦਾ ਅਜੀਬ ਦਸਤੂਰ
ਪਟਨਾ/ਬਿਊਰੋ ਨਿਊਜ਼:
ਸੁਣਨ-ਪੜ੍ਹਨ ਨੂੰ ਭਾਵੇਂ ਇਹ ਗੱਲ ਅਜੀਬ ਲੱਗੇ ਪਰ ਬੀਤੇ ਵਰ੍ਹੇ ਬਿਹਾਰ ਅੰਦਰ 3400 ਨੌਜਵਾਨਾਂ ਨੂੰ ਜਬਰੀ ਵਿਆਹ ਲਈ ਅਗਵਾ ਕੀਤਾ ਗਿਆ ਹੈ। ਬਿਹਾਰ ਦੀ ਸਥਾਨਕ ਬੋਲੀ ‘ਚ ਅਜਿਹੇ ਵਿਆਹਾਂ ਨੂੰ ‘ਪਕੜੂਆ ਵਿਆਹ’ ਕਿਹਾ ਜਾਂਦਾ ਹੈ।
ਪੁਲੀਸ ਦੇ ਅਧਿਕਾਰੀਆਂ ਨੇ ਦੱਸਿਆ, ‘ਪਕੜੂਆ ਵਿਆਹ ਦਾ ਰੁਝਾਨ ਬਿਹਾਰ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ। ਸੂਬੇ ‘ਚ ਅਜਿਹੇ ਜਬਰੀ ਵਿਆਹਾਂ ਲਈ ਤਕਰੀਬਨ 3405 ਨੌਜਵਾਨਾਂ ਨੂੰ ਅਗਵਾ ਕੀਤਾ ਗਿਆ ਹੈ। ਪਕੜੂਆ ਵਿਆਹਾਂ ਦੇ ਨੌਜਵਾਨਾਂ ਨੂੰ ਬੰਦੂਕ ਦਿਖਾ ਕੇ ਜਾਂ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਦੇ ਕੇ ਅਜਿਹੇ ਵਿਆਹ ਕਰਾਏ ਜਾਂਦੇ ਹਨ।’ ਪਿਛਲੇ ਮਹੀਨੇ ਪਟਨਾ ਦੇ ਪਿੰਡ ਵਿੱਚ ਇੱਕ ਇੰਜਨੀਅਰ ਨੌਜਵਾਨ ਦਾ ਕੀਤਾ ਗਿਆ ਪਕੜੂਆ ਵਿਆਹ ਕੌਮੀ ਪੱਧਰ ‘ਤੇ  ਖ਼ਬਰਾਂ ਦੀਆਂ ਸੁਰਖੀਆਂ ਬਣਿਆ ਰਿਹਾ ਸੀ, ਜਦੋਂ ਉਸ ਨੇ ਆਪਣੇ ਨਾਲ ਜਬਰੀ ਵਿਆਹੀ ਲੜਕੀ ਨੂੰ ਨਾਲ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ।
ਸਰਕਾਰੀ ਅੰਕੜਿਆਂ ਅਨੁਸਾਰ ਸੂਬੇ ‘ਚ ਸਾਲ 2016 ਅੰਦਰ 3070, 2015 ‘ਚ 3000 ਅਤੇ 2014 ‘ਚ 2526 ਪਕੜੂਆ ਵਿਆਹ ਕੀਤੇ ਗਏ ਹਨ। ਪੁਲੀਸ ਅਨੁਸਾਰ ਸੂਬੇ ਅੰਦਰ ਰੋਜ਼ਾਨਾ ਔਸਤਨ ਨੌਂ ਪਕੜੂਆ ਵਿਆਹ ਹੁੰਦੇ ਹਨ। ਪਕੜੂਆਂ ਵਿਆਹਾਂ ਦੇ ਵੱਧ ਰਹੇ ਰੁਝਾਨ ਨੂੰ ਧਿਆਨ ‘ਚ ਰੱਖਦਿਆਂ ਸੂਬਾ ਪੁਲੀਸ ਨੇ ਸਭ ਜ਼ਿਲ੍ਹਿਆਂ ਦੇ ਐੱਸਪੀਜ਼ ਨੂੰ ਹਦਾਇਤ ਕੀਤੀ ਹੈ ਕਿ ਉਹ ਹੁਣ ਸ਼ੁਰੂ ਹੋਣ ਵਾਲੇ ਵਿਆਹਾਂ ਦੇ ਸੀਜ਼ਨ ‘ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਚੌਕਸ ਰਹਿਣ।
ਸਮਾਜ ਸੇਵੀ ਮਹਿੰਦਰ ਯਾਦਵ ਨੇ ਕਿਹਾ ਕਿ ਪਕੜੂਆ ਵਿਆਹਾਂ ਲਈ ਅਗਵਾ ਕਰਨਾ ਬਿਹਾਰ ‘ਚ ਆਮ ਗੱਲ ਹੈ। ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ। ਚਿੰਤਾ ਦੀ ਗੱਲ ਅਜਿਹੇ ਵਿਆਹਾਂ ਦੇ ਰੁਝਾਨ ‘ਚ ਲਗਾਤਾਰ ਵਾਧਾ ਹੋਣਾ ਹੈ। ਉਸ ਨੇ ਦੱਸਿਆ ਇਸ ਸਮਾਜਕ ਸਮੱਸਿਆ ਦਾਜ ਦੀ ਮੰਗ ਕਾਰਨ ਹੋਂਦ ‘ਚ ਆਈ ਹੈ। ਲੜਕੀਆਂ ਦੇ ਪਰਿਵਾਰਾਂ ਵਾਲੇ ਯੋਗ ਨੌਜਵਾਨਾਂ ਨੂੰ ਜਬਰੀ ਵਿਆਹਾਂ ਲਈ ਅਗਵਾ ਕਰ ਲੈਂਦੇ ਹਨ। ਇੱਥੋਂ ਤੱਕ ਕੌਮੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਬਿਹਾਰ ਅੰਦਰ 18 ਸਾਲ ਤੱਕ ਦੇ ਲੜਕਿਆਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਦੇਸ਼ ‘ਚ ਸਭ ਤੋਂ ਵੱਧ ਹਨ।