ਬਾਦਲਾਂ ਦੀ ਔਰਬਿਟ ਦੇ ‘ਬੁਰੇ ਦਿਨ’- ਨਾਕੇ ਤੋਂ ਭੱਜ ਰਹੀ ਦਾ ਕੱਟਿਆ ਚਾਲਾਨ

0
454

orbit-da-chalan
ਕੈਪਸ਼ਨ- ਸੰਗਰੂਰ ਦੇ ਭਗਵਾਨ ਮਹਾਂਵੀਰ ਚੌਕ ਵਿੱਚ ਔਰਬਿਟ ਬੱਸ ਦਾ ਚਲਾਨ ਕੱਟਦੀ ਹੋਈ ਟਰੈਫ਼ਿਕ ਪੁਲੀਸ।
ਸੰਗਰੂਰ/ਬਿਊਰੋ ਨਿਊਜ਼ :
ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੇ ਆਖ਼ਰੀ ਦਿਨਾਂ ਦੌਰਾਨ ਟਰੈਫ਼ਿਕ ਪੁਲੀਸ ਨੇ ਆਪਣਾ ਰੁਖ਼ ਸਖ਼ਤ ਕਰਦਿਆਂ ਔਰਬਿਟ ਕੰਪਨੀ ਦੀ ਨਾਕੇ ਤੋਂ ਭਜਾਈ ਬੱਸ ਨੂੰ ਚੌਕ ਵਿੱਚ ਰੋਕ ਕੇ ਚਲਾਨ ਕੱਟ ਦਿੱਤਾ। ਸਿਟੀ ਟਰੈਫ਼ਿਕ ਪੁਲੀਸ ਵੱਲੋਂ ਸ਼ਹਿਰ ਵਿੱਚ ਨਾਕੇ ਲਾ ਕੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਸਨ।
ਜਾਣਕਾਰੀ ਅਨੁਸਾਰ ਸਿਟੀ ਟਰੈਫ਼ਿਕ ਪੁਲੀਸ ਨੇ ਇੱਥੇ ਲਾਲ ਬੱਤੀ ਚੌਕ ਤੋਂ ਥੋੜਾ ਅੱਗੇ ਨਾਕਾ ਲਾਇਆ ਹੋਇਆ ਸੀ। ਟਰੈਫ਼ਿਕ ਪੁਲੀਸ ਨੇ ਬੱਸ ਸਟੈਂਡ ਤੋਂ ਆ ਰਹੀ ਔਰਬਿਟ ਕੰਪਨੀ ਦੀ ਬੱਸ ਨੂੰ ਨਾਕੇ ‘ਤੇ ਰੁਕਣ ਦਾ ਇਸ਼ਾਰਾ ਕੀਤਾ ਪਰ ਚਾਲਕ ਨੇ ਬੱਸ ਭਜਾ ਲਈ। ਟਰੈਫ਼ਿਕ ਪੁਲੀਸ ਨੇ ਬੱਸ ਦਾ ਪਿੱਛਾ ਕਰਦਿਆਂ ਭਗਵਾਨ ਮਹਾਂਵੀਰ ਚੌਕ ਵਿੱਚ ਬੱਸ ਨੂੰ ਰੋਕ ਲਿਆ। ਪੁਲੀਸ ਨੇ ਔਰਬਿਟ ਦੇ ਪ੍ਰੈਸ਼ਰ ਹਾਰਨ ਦਾ ਚਲਾਨ ਕੱਟ ਦਿੱਤਾ। ਟਰੈਫ਼ਿਕ ਪੁਲੀਸ ਨੇ ਵੱਡੇ ਘਰਾਣੇ ਦੀਆਂ ਦੋ ਬੱਸਾਂ ਦੇ ਚਲਾਨ ਕੀਤੇ ਹਨ। ਸਿਟੀ ਟਰੈਫ਼ਿਕ ਪੁਲੀਸ ਦੇ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਦੇ ਵੱਖ-ਵੱਖ ਦੋਸ਼ਾਂ ਤਹਿਤ 10 ਬੱਸਾਂ ਦੇ ਚਲਾਨ ਕੱਟੇ ਗਏ ਹਨ। ਇਸ ਤੋਂ ਇਲਾਵਾ 10 ਦੋ ਪਹੀਆ ਵਾਹਨਾਂ ਦੇ ਚਲਾਨ ਕੱਟੇ ਹਨ, ਜਿਨ੍ਹਾਂ ਵਿੱਚ ਸੈਲੰਸਰਾਂ ਰਾਹੀਂ ਪਟਾਕੇ ਪਾ ਕੇ ਸ਼ੋਰ ਮਚਾਉਣ ਵਾਲੇ ਮੋਟਰਸਾਈਕਲ ਵੀ ਸ਼ਾਮਲ ਹਨ।
ਗ਼ੌਰਤਲਬ ਹੈ ਕਿ ਸੜਕੀ ਹਾਦਸਿਆਂ ਦੇ ਮਾਮਲਿਆਂ ਕਾਰਨ ਔਰਬਿਟ ਬੱਸਾਂ ਪਿਛਲੇ ਕੁਝ ਸਮੇਂ ਤੋਂ ਚਰਚਾ ਵਿੱਚ ਹਨ। ਪਿਛਲੇ ਸਮੇਂ ਵਿੱਚ ਇਨ੍ਹਾਂ ਬੱਸਾਂ ਕਾਰਨ ਕਈ ਹਾਦਸੇ ਹੋਏ ਹਨ। ਇਸ ਦੌਰਾਨ ਅਕਾਲੀ-ਭਾਜਪਾ ਸਰਕਾਰ ਦੇ ਮੌਜੂਦਾ ਕਾਰਜਕਾਲ ਦੇ ਆਖ਼ਰੀ ਦਿਨਾਂ ਵਿੱਚ ਅਫ਼ਸਰਸ਼ਾਹੀ ਦਾ ਰੁਖ਼ ਵੀ ਕਰਵਟ ਲੈਣ ਲੱਗਿਆ ਹੈ। ਪੁਲੀਸ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਇਸੇ ਤਹਿਤ ਟਰੈਫ਼ਿਕ ਪੁਲੀਸ ਨੇ ਵੀ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਟਰੈਫ਼ਿਕ ਪੁਲੀਸ ਦਾ ਕਹਿਣਾ ਹੈ ਕਿ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ। ਇਸੇ ਲਈ ਨਾਕੇ ਲਗਾ ਕੇ ਨੇਮਾਂ-ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ।