ਪੰਜਾਬ ਵਿੱਚ ਇਕ ਲੱਖ ਤੋਂ ਵੱਧ ਵੋਟਰਾਂ ਨੇ ‘ਨੋਟਾ’ ਦੀ ਕੀਤੀ ਵਰਤੋਂ

0
372

nota-punjab
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ‘ਨੋਟਾ’ ਕਈ ਛੋਟੀਆਂ ਪਾਰਟੀਆਂ ਨੂੰ ਪਛਾੜ ਗਿਆ ਹੈ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਉੱਤੇ ਸਭ ਤੋਂ ਅਖ਼ੀਰ ਵਿੱਚ ਲੱਗਿਆ ਸਾਰੀਆਂ ਪਾਰਟੀਆਂ ਨੂੰ ਨਕਾਰਨ ਕਰਨ ਵਾਲਾ ਬਟਨ 1,08,471 ਵੋਟਾਂ ਲਿਜਾਣ ਵਿੱਚ ਕਾਮਯਾਬ ਰਿਹਾ।
ਸੁੱਚਾ ਸਿੰਘ ਛੋਟੇਪੁਰ ਦੀ ਆਪਣਾ ਪੰਜਾਬ ਪਾਰਟੀ 37476, ਅਕਾਲੀ ਦਲ (ਅੰਮ੍ਰਿਤਸਰ) 49260, ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ 37243 ਤੇ ਸੀਪੀਆਈ 34074 ਵੋਟਾਂ ਲੈ ਕੇ ਵੀ ਨੋਟਾ ਤੋਂ ਮਾਤ ਖਾ ਗਈਆਂ। ਸੁਪਰੀਮ ਕੋਰਟ ਦੇ ਹੁਕਮਾਂ ‘ਤੇ 2013 ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਉੱਤੇ ਨੋਟਾ ਦਾ ਬਟਨ ਲਾਇਆ ਗਿਆ ਸੀ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਦੇਸ਼ ਵਿੱਚ 59 ਲੱਖ ਤੋਂ ਵੱਧ ਲੋਕਾਂ ਨੇ ਨੋਟਾ ਦਾ ਬਟਨ ਦਬਾਇਆ ਸੀ ਅਤੇ ਪੰਜਾਬ ਵਿੱਚ ਉਸ ਵਕਤ 58,754 ਵੋਟਰਾਂ ਨੇ ਹੀ ਇਸ ਹੱਕ ਦਾ ਇਸਤੇਮਾਲ ਕੀਤਾ ਸੀ। ਵਿਧਾਨ ਸਭਾ ਚੋਣਾਂ ਦੌਰਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਨੌਜਵਾਨ ਭਾਰਤ ਸਭਾ ਨੇ ਸੰਗਰੂਰ ਵਿੱਚ ਨੋਟਾ ਵਾਸਤੇ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਸੀ। ਸੁਨਾਮ ਵਿਧਾਨ ਸਭਾ ਹਲਕੇ ਵਿੱਚ 1718 ਵੋਟਰਾਂ ਨੇ ਇਸ ਅਧਿਕਾਰ ਦੀ ਵਰਤੋਂ ਕਰਕੇ ਮੋਹਰੀ ਭੂਮਿਕਾ ਨਿਭਾਈ ਪਰ ਸੰਗਰੂਰ ਹਲਕੇ ਵਿੱਚ ਸਿਰਫ਼ 768 ਅਤੇ ਧੂਰੀ ਵਿੱਚ 662 ਵੋਟਰਾਂ ਨੇ ਹੀ ਨੋਟਾ ਦਾ ਬਟਨ ਦਬਾਇਆ। ਲਗਾਤਾਰ ਚਰਚਾ ਵਿੱਚ ਚਲੇ ਆ ਰਹੇ ਜਲੂਰ ਕਾਂਡ ਦੇ ਬਾਵਜੂਦ ਲਹਿਰਾ ਹਲਕੇ ਵਿੱਚ ਨੋਟਾ ਲਈ 962 ਵੋਟਰ ਹੀ ਸਾਹਮਣੇ ਆਏ। ਇਸ ਤੋਂ ਇਲਾਵਾ ਲੁਧਿਆਣਾ ਦੇ ਗਿੱਲ ਵਿਧਾਨ ਸਭਾ ਹਲਕੇ ਵਿੱਚ 1647 ਅਤੇ ਸਾਹਨੇਵਾਲ ਵਿੱਚ 1510 ਵੋਟਰਾਂ ਨੇ ਨੋਟਾ ਦੇ ਹੱਕ ਦਾ ਇਸਤੇਮਾਲ ਕੀਤਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਵਿੱਚ 1101, ਸੁਖਬੀਰ ਸਿੰਘ ਬਾਦਲ ਅਤੇ ਭਗਵੰਤ ਮਾਨ ਦੇ ਹਲਕੇ ਜਲਾਲਾਬਾਦ ਵਿੱਚ 1112 ਤੇ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ (ਸ਼ਹਿਰੀ) ਹਲਕੇ ਵਿੱਚ 1090 ਵੋਟਰਾਂ ਨੇ ਨੋਟਾ ਦੇ ਹੱਕ ਦੀ ਵਰਤੋਂ ਕੀਤੀ। ਜਲੰਧਰ (ਕੇਂਦਰੀ) ਵਿੱਚ 253 ਵੋਟਰਾਂ ਨੇ ਭਾਵ ਸਭ ਤੋਂ ਘੱਟ ਲੋਕਾਂ ਨੇ ਨੋਟਾ ਦੀ ਵਰਤੋਂ ਕੀਤੀ।