ਹੁਣ ਪਲਾਸਟਿਕ ਕਰੰਸੀ ਛਾਪੇਗੀ ਮੋਦੀ ਸਰਕਾਰ

0
582

new-indian-currencyਨਵੀਂ ਦਿੱਲੀ/ਬਿਊਰੋ ਨਿਊਜ਼ :
ਕੇਂਦਰ ਸਰਕਾਰ ਨੇ ਪਲਾਸਟਿਕ ਕਰੰਸੀ ਛਾਪਣ ਦਾ ਫ਼ੈਸਲਾ ਕਰ ਲਿਆ ਹੈ ਤੇ ਇਸ ਲਈ ਲੋੜੀਂਦੀ ਸਮੱਗਰੀ ਦੀ ਖ਼ਰੀਦ ਵੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਨੋਟਬੰਦੀ ਕਰਕੇ ਸਭ ਤੋਂ ਵੱਧ ਪ੍ਰਭਾਵਤ ਹੋਏ ਪੇਂਡੂ ਖੇਤਰਾਂ ਵਿੱਚ ਨਗ਼ਦੀ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਢੁੱਕਵੇਂ ਪ੍ਰਬੰਧ ਕਰਨ ਦਾ ਦਾਅਵਾ ਵੀ ਕੀਤਾ ਹੈ।
ਵਿੱਤ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਲੋਕ ਸਭਾ ਵਿੱਚ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ(ਆਰਬੀਆਈ) ਦੀ ਤਜਵੀਜ਼ ‘ਤੇ ਸਰਕਾਰ ਨੇ ਪਲਾਸਟਿਕ ਦੇ ਨੋਟ ਛਾਪਣ ਦਾ ਫ਼ੈਸਲਾ ਕੀਤਾ ਹੈ। ਯਾਦ ਰਹੇ ਕਿ ਆਰਬੀਆਈ ਫੀਲਡ ਟਰਾਇਲਾਂ ਮਗਰੋਂ ਲੰਮੇ ਸਮੇਂ ਤੋਂ ਪਲਾਸਟਿਕ ਦੇ ਨੋਟ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਫ਼ਰਵਰੀ 2010 ਵਿੱਚ ਸਰਕਾਰ ਨੇ ਸੰਸਦ ਵਿੱਚ ਦੱਸਿਆ ਸੀ ਕਿ 10 ਰੁਪਏ ਮੁੱਲ ਦੇ ਇਕ ਅਰਬ ਪਲਾਸਟਿਕ ਦੇ ਨੋਟ ਟਰਾਇਲ ਵਜੋਂ ਭੂਗੋਲਿਕ ਤੇ ਮੌਸਮੀ ਸਥਿਤੀਆਂ ਦੇ ਆਧਾਰ ‘ਤੇ ਚੁਣੇ ਪੰਜ ਸ਼ਹਿਰਾਂ ਵਿੱਚ ਜਾਰੀ ਕੀਤੇ ਗਏ ਸਨ। ਇਨ੍ਹਾਂ ਪੰਜ ਸ਼ਹਿਰਾਂ ਵਿੱਚ ਕੋਚੀ, ਮੈਸੂਰ, ਜੈਪੁਰ, ਸ਼ਿਮਲਾ ਤੇ ਭੁਬਨੇਸ਼ਵਰ ਸ਼ਾਮਲ ਹਨ। ਸ੍ਰੀ ਮੇਘਵਾਲ ਨੇ ਦੱਸਿਆ ਕਿ ਪਲਾਸਟਿਕ ਦੇ ਨੋਟਾਂ ਦੀ ਔਸਤ ਉਮਰ ਪੰਜ ਸਾਲ ਹੁੰਦੀ ਹੈ ਤੇ ਇਨ੍ਹਾਂ ਦੀ ਨਕਲ ਕਰਨਾ ਵੀ ਔਖਾ ਹੁੰਦਾ ਹੈ ਅਤੇ ਇਹ ਕਾਗਜ਼ੀ ਨੋਟਾਂ ਨਾਲੋਂ ਵੱਧ ਸਾਫ਼ ਸੁਥਰੇ ਹੁੰਦੇ ਹਨ। ਜਾਅਲੀ ਕਰੰਸੀ ਨੂੰ ਨੱਥ ਪਾਉਣ ਲਈ ਪਲਾਸਟਿਕ ਦੇ ਨੋਟ ਸਭ ਤੋਂ ਪਹਿਲਾਂ ਆਸਟਰੇਲੀਆ ਵਿੱਚ ਜਾਰੀ ਕੀਤੇ ਗਏ ਸਨ। ਇਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਆਰਬੀਆਈ ਨੇ ਦਸੰਬਰ 2015 ਵਿੱਚ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਨੂੰ ਨਾਸਿਕ ਦੀ ਕਰੰਸੀ ਨੋਟ ਪ੍ਰੈੱਸ (ਸੀਐਨਪੀ) ਵਿੱਚ ਛਪੇ 1000 ਰੁਪਏ ਦੇ ਅਜਿਹੇ ਕੁਝ ਨੋਟ ਮਿਲੇ ਹਨ, ਜਿਨ੍ਹਾਂ ਵਿੱਚ ਸੁਰੱਖਿਆ ਧਾਗਾ ਨਹੀਂ ਸੀ। ਇਨ੍ਹਾਂ ਨੋਟਾਂ ਲਈ ਕਾਗਜ਼ ਹੋਸ਼ੰਗਾਬਾਦ ਦੀ ਸਕਿਉਰਿਟੀ ਪੇਪਰ ਮਿੱਲ (ਐਸਪੀਐਮ) ਵੱਲੋਂ ਸਪਲਾਈ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਨੂੰ ਚਾਰਜਸ਼ੀਟ ਜਾਰੀ ਕੀਤੀ ਜਾ ਚੁੱਕੀ ਹੈ ਤੇ ਵਿਭਾਗੀ ਨੇਮਾਂ ਮੁਤਾਬਕ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਵਿੱਤ ਮੰਤਰੀ ਅਰੁਣ ਜੇਤਲੀ ਨੇ ਲੋਕ ਸਭਾ ਵਿੱਚ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਲੋਕਾਂ ਨੂੰ ਨਗ਼ਦੀ ਲੈਣ ਵਿੱਚ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਸਰਕਾਰ ਨੇ ਢੁੱਕਵੇਂ ਪ੍ਰਬੰਧ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਬੈਂਕਾਂ ਦੀਆਂ ਪੇਂਡੂ ਸ਼ਾਖਾਵਾਂ ਅਤੇ 1.55 ਲੱਖ ਡਾਕਖਾਨਿਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਨਗ਼ਦੀ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ 1.2 ਲੱਖ ਬੈਂਕ ਮਿੱਤਰਾਂ ਦੇ ਨੈੱਟਵਰਕ ਦੀ ਕੈਸ਼ ਰੱਖਣ ਦੀ ਲਿਮਟ ਵਧਾਉਂਦਿਆਂ ਉਨ੍ਹਾਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ।