ਪਤਨੀ ਦੀ ਥਾਂ ਨਵਜੋਤ ਸਿੰਘ ਸਿੱਧੂ ਲੜ ਸਕਦੇ ਹਨ ਚੋਣ

0
912

navjot-singh-sidhu_afp
ਅੰਮ੍ਰਿਤਸਰ/ਬਿਊਰੋ ਨਿਊਜ਼ :
ਡਾ. ਨਵਜੋਤ ਕੌਰ ਸਿੱਧੂ ਦੀ ਥਾਂ ਨਵਜੋਤ ਸਿੰਘ ਸਿੱਧੂ ਕਾਂਗਰਸ ਵੱਲੋਂ ਵਿਧਾਨ ਸਭਾ ਚੋਣ ਲੜ ਸਕਦੇ ਹਨ। ਇਹ ਸੰਕੇਤ ਦਿੱਲੀ ਤੋਂ ਪਰਤੇ ਕਾਂਗਰਸੀ ਆਗੂਆਂ ਨੇ ਦਿੱਤੇ। ਇਨ੍ਹਾਂ ਆਗੂਆਂ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਰਾਜ ਕੁਮਾਰ ਵੇਰਕਾ ਸ਼ਾਮਲ ਸਨ। ਅਮਰਿੰਦਰ ਸਿੰਘ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ ਕਰਨ ਲਈ ਸ਼ਾਮ ਨੂੰ ਇੱਥੋਂ ਰਵਾਨਾ ਹੋਏ।  ਹਵਾਈ ਅੱਡੇ ‘ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ ਕਿ ਕਾਂਗਰਸੀ ਉਮੀਦਵਾਰਾਂ ਦੀ ਦੂਜੀ ਸੂਚੀ ਅਗਲੇ ਹਫ਼ਤੇ ਮੰਗਲਵਾਰ ਜਾਂ ਬੁੱਧਵਾਰ ਨੂੰ ਜਾਰੀ ਹੋ ਜਾਵੇਗੀ। ਉਨ੍ਹਾਂ ਆਖਿਆ ਕਿ ਸਿੱਧੂ ਪਰਿਵਾਰ ਹੁਣ ਕਾਂਗਰਸ ਦਾ ਹਿੱਸਾ ਹੈ ਤੇ ਕਾਂਗਰਸ ਹਾਈ ਕਮਾਂਡ ਨਾਲ ਹੋਈ ਗੱਲਬਾਤ ਮੁਤਾਬਕ ਸਿੱਧੂ ਪਰਿਵਾਰ ਦੇ ਜੀਅ ਦਾ ਨਾਂ ਵੀ ਇਸ ਸੂਚੀ ਵਿੱਚ ਸ਼ਾਮਲ ਹੋਵੇਗਾ। ਟਿਕਟਾਂ ਦੀ ਵੰਡ ਮਗਰੋਂ ਨਾਰਾਜ਼ ਹੋਏ ਕਾਂਗਰਸੀ ਆਗੂਆਂ ਬਾਰੇ ਉਨ੍ਹਾਂ ਆਖਿਆ ਕਿ ਕਾਂਗਰਸ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਯਤਨ ਕਰੇਗੀ। ਕਾਂਗਰਸੀ ਆਗੂਆਂ ਨੇ ਸੰਕੇਤ ਦਿੱਤੇ ਕਿ ਅੰਮ੍ਰਿਤਸਰ ਵਿਧਾਨ ਸਭਾ ਹਲਕੇ ਤੋਂ ਹੁਣ ਨਵਜੋਤ ਕੌਰ ਸਿੱਧੂ ਦੀ ਥਾਂ ਨਵਜੋਤ ਸਿੰਘ ਸਿੱਧੂ ਉਮੀਦਵਾਰ ਹੋ ਸਕਦੇ ਹਨ। ਦੱਸਣਯੋਗ ਹੈ ਕਿ ਸ੍ਰੀ ਸਿੱਧੂ ਹਾਲੇ ਤੱਕ ਰਸਮੀ ਤੌਰ ‘ਤੇ ਕਾਂਗਰਸ ਵਿੱਚ ਸ਼ਾਮਲ ਨਹੀਂ ਹੋਏ ਹਨ। ਡਾ. ਸਿੱਧੂ ਵੱਲੋਂ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਟਿਕਟ ਦਾ ਦਾਅਵਾ ਕੀਤਾ ਗਿਆ ਹੈ, ਜਿਥੋਂ ਉਹ ਪਹਿਲਾਂ ਹੀ ਵਿਧਾਇਕਾ ਹਨ। ਸੂਤਰਾਂ ਮੁਤਾਬਕ ਕਾਂਗਰਸ ਹਾਈ ਕਮਾਂਡ ਇਹ ਹਲਕਾ ਸਿੱਧੂ ਪਰਿਵਾਰ ਨੂੰ ਸੌਂਪਣ ਦਾ ਮਨ ਬਣਾ ਚੁੱਕੀ ਹੈ।