ਮੁੰਡੇ-ਕੁੜੀ ਦੇ ਭੇਦਭਾਵ ਖ਼ਿਲਾਫ਼ ਲੜਾਈ ਵਿੱਢਣ ਵਾਲੀ ਬੱਚੀ ਮੁਸਕਾਨ ਦਾ ਸਨਮਾਨ

0
418

2
ਨਿਊਯਾਰਕ/ਬਿਊਰੋ ਨਿਊਜ਼ :
ਵੈਨਕੁਵਰ (ਕੇਨੈਡਾ) ਦੀ 10 ਸਾਲਾ ਬੱਚੀ ਮੁਸਕਾਨ ਨੇ ਆਪਣੀ ਛੋਟੀ ਉਮਰ ਵਿਚ ਕਈ ਅਚੰਭੇ ਵਾਲੇ ਕੰਮ ਕਰਕੇ ਇਤਿਹਾਸ ਸਿਰਜਿਆ ਹੈ। ਉਸ ਨੂੰ ਛੇ ਸਾਲ ਦੀ ਉਮਰ ਵਿਚ ਪਤਾ ਲਗਾ ਕਿ ਸਾਡੇ ਸਮਾਜ ਵਿਚ ਮੁੰਡਿਆਂ ਅਤੇ ਕੁੜੀਆਂ ਵਿਚ ਏਨਾ ਭੇਦ-ਭਾਵ ਹੈ ਕਿ ਕੁੜੀਆਂ ਨੂੰ ਪੇਟ ਵਿਚ ਮਾਰ ਦਿੱਤਾ ਜਾਂਦਾ ਹੈ। ਇਸ ਗੱਲ ਨੇ ਉਸ ਨੂੰ ਐਨਾ ਬੇਚੈਨ ਕੀਤਾ ਕਿ ਉਸ ਨੇ ਇਸ ਵਿਰੁੱਧ ਲੜਾਈ ਲੜਨ ਵਿੱਢਣ ਦਾ ਫੈਸਲਾ ਕੀਤਾ। ਉਸ ਨੇ ਪਾਕਿਸਤਾਨੀ ਲੜਕੀ ਮਲਾਲਾ ਦੀ ਕਿਤਾਬ ਪੜ੍ਹੀ। ਜਿੱਥੋਂ ਉਸ ਦੀ ਭਾਵੁਕਤਾ ਹੋਰ ਵੀ ਸੰਜੀਦਗੀ ਨਾਲ ਪ੍ਰਫੁੱਲਤ ਹੋਈ। ਉਸ ਨੇ ਆਪਣਾ ਜੇਬ ਖਰਚ ਘਟਾ ਕੇ ਮਲਾਲਾ ਦੀ ਫਾਊਂਡੇਸ਼ਨ ਲਈ ਫੰਡ ਜੁਟਾਇਆ। ਉਸ ਨੇ ਸਕੂਲ ਦੇ ਬੱਚਿਆਂ ਕੋਲੋਂ 1200 ਡਾਲਰ ਇਕੱਠੇ ਕਰਕੇ ਮਲਾਲਾ ਦੀ ਫਾਊਂਡੇਸ਼ਨ ਲਈ ਪੈਸੇ ਭੇਜੇ। ਫਿਰ ਉਸ ਨੇ ਡੇਢ ਸਾਲ ਦੀ ਮਿਹਨਤ ਨਾਲ 365 ਸਫਿਆਂ ਦੀ ਆਪਣੀਆਂ ਭਾਵਨਾਵਾਂ ਜ਼ਾਹਰ ਕਰਦੀ ਕਿਤਾਬ ਲਿਖੀ। ਉਸ ਨੇ Helping Hand ਨਾਮੀ ਆਪਣੀ ਫਾਊਂਡੇਸ਼ਨ ਬਣਾਈ। ਇਸ ਰਾਹੀਂ ਉਹ ਫੰਡ ਇਕੱਠਾ ਕਰਕੇ ਲੋੜਵੰਦ ਬੱਚਿਆਂ ਨੂੰ ਭੇਜਦੀ ਹੈ। ਆਸ ਹੈ ਕਿ ਇਹ ਬੱਚੀ ਜਿੱਥੇ ਆਪਣਾ ਨਾਮ ਰੌਸ਼ਨ ਕਰੇਗੀ, ਉਥੇ ਆਪਣੀ ਕੌਮ ਅਤੇ ਦੇਸ਼ ਦਾ ਨਾਮ ਵੀ ਦੁਨੀਆ ਭਰ ਵਿਚ ਚਮਕਾਏਗੀ। ਉਸ ਨੇ ਇਸ ਤਰ੍ਹਾਂ ਦੀਆਂ ਤਿੰਨ ਹੋਰ ਕਿਤਾਬਾਂ ‘ਤੇ ਕੰਮ ਕਰਨਾ ਸ਼ੁਰੂ ਕੀਤਾ ਹੈ। ਭਾਈ ਗੁਰਮੇਲ ਸਿੰਘ ਸਾਬਕਾ ਹਜ਼ੂਰੀ ਰਾਗੀ ਨੇ ਨਿਊਯਾਰਕ ਵਿਚ ਉਨ੍ਹਾਂ ਦੀ ਜਾਣ-ਪਹਿਚਾਣ ਕਰਵਾਈ, ਜਿੱਥੇ ਸੰਗਤਾਂ ਨੇ ਉਸ ਦਾ ਸਨਮਾਨ ਕੀਤਾ। ਅਮਰੀਕ ਸਿੰਘ ਟਾਹਲੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬੱਚੀ ਤੋਂ ਬੜੀਆਂ ਆਸਾਂ ਹਨ। ਪ੍ਰਧਾਨ ਰਘਬੀਰ ਸਿੰਘ ਬੱਬੀ ਅਤੇ ਸਕੱਤਰ ਦਲੇਰ ਸਿੰਘ ਨੇ ਬੱਚੀ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਸਮੁੱਚੀ ਕਮੇਟੀ ਨੇ ਮਿਲ ਕੇ ਮੁਸਕਾਨ ਨੂੰ ਸਨਮਾਨ ਵਜੋਂ ਪਲੈਕ ਭੇਟ ਕੀਤੀ ਅਤੇ ਸਿਰੋਪਉ ਦੀ ਬਖਸ਼ਿਸ਼ ਕੀਤੀ। ਕਮੇਟੀ ਨੇ ਵਾਅਦਾ ਕੀਤਾ ਕਿ ਮੁਸਕਾਨ ਦੀ ਅਗਲੀ ਕਿਤਾਬ ‘ਤੇ ਉਸ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।