ਪਰਦੇ ‘ਤੇ ਫਿਰ ਉੱਡੇਗਾ ਪੰਜਾਬ : ਡਰੱਗ ‘ਤੇ ਬਣੀ ਫਿਲਮ ‘ਜੁਗਨੀ ਹੱਥ ਕਿਸੇ ਨਾ ਆਉਣੀ’, ਜਿਸ ‘ਚ ਹੀਰੋ ਅਕਾਲੀ ਨੇਤਾ

0
459

jugani
ਡਰੱਗਜ਼ ‘ਤੇ ਫਿਲਮ, ਖਲਨਾਇਕ ਵੀ ਖੁਦ ਭੋਲਾ
ਚੰਡੀਗੜ੍ਹ/ਬਿਊਰੋ ਨਿਊਜ਼ :
ਚੋਣਾਂ ਤੋਂ ਬਾਅਦ 10 ਫਰਵਰੀ ਨੂੰ ਇਕ ਫਿਲਮ ਰਿਲੀਜ਼ ਹੋਣ ਵਾਲੀ ਹੈ। ਨਾਮ ਹੈ ‘ਜੁਗਨੀ ਹੱਥ ਕਿਸੇ ਨਾ ਆਉਣੀ’। ਅਕਾਲੀ ਨੇਤਾ ਅਤੇ ਗਾਇਕ ਕੇ.ਐਸ. ਮੱਖਣ ਇਸ ਦੇ ਹੀਰੋ ਹਨ। ਖਲਨਾਇਕ ਹੈ ਡਰੱਗ ਰੈਕੇਟ ਦਾ ਕਿੰਗਪਿਨ ਜਗਦੀਸ਼ ਭੋਲਾ, ਜੋ ਜੇਲ੍ਹ ਵਿਚ ਬੰਦ ਹੈ। ਇਹ ਫਿਲਮ ਡਰੱਗ ਰੈਕੇਟ ‘ਤੇ ਹੀ ਬਣੀ ਹੈ। ਸ਼ੂਟਿੰਗ 2012 ਤੋਂ ਪਹਿਲਾਂ ਪੂਰੀ ਹੋ ਗਈ ਸੀ। ਉਦੋਂ ਭੋਲਾ ਫੜਿਆ ਨਹੀਂ ਗਿਆ ਸੀ ਅਤੇ ਡਰੱਗ ਨੈੱਟਵਰਕ ਚਲਾਉਂਦਾ ਸੀ। ਫਿਲਮ ਦੇ ਨਿਰਮਾਤਾ ਜਗਤੀਰ ਸਿੰਘ ਕਹਿੰਦੇ ਹਨ ਕਿ ਇਹ ਫਿਲਮ ਪੰਜਾਬ ਦੀ ਅਸਲ ਤਸਵੀਰ ਪੇਸ਼ ਕਰਦੀ ਹੈ। ਕਹਾਣੀ ਦੋ ਭਰਾਵਾਂ ਦੀ ਹੈ। ਇਸ ਵਿਚ ਨੇਤਾ ਵੀ ਹੈ ਅਤੇ ਨਸ਼ਾ ਵੀ। ਨਸ਼ੇ ਅਤੇ ਬਲੈਕ ਮਨੀ ਦਾ ਨੈੱਟਵਰਕ ਕਿਵੇਂ ਕੰਮ ਕਰਦਾ ਹੈ, ਇਹ ਦੱਸਿਆ ਗਿਆ ਹੈ। ਪੰਜਾਬ ਦੇ ਨੇਤਾ ਡਰੱਗ ‘ਤੋਂ ਕਿਵੇਂ ਪੈਸੇ ਕਮਾਉਂਦੇ ਹਨ, ਇਸ ਨੂੰ ਸਮਝਾਉਣ ਲਈ ਕੁੱਝ ਤੱਥ ਪੇਸ਼ ਕੀਤੇ ਗਏ ਹਨ।
ਸਾਬਕਾ ਡੀ.ਐਸ.ਪੀ. ਅਤੇ ਪਹਿਲਵਾਨ ਜਗਦੀਸ਼ ਭੋਲਾ ਮਾਰਚ 2013 ਵਿਚ ਗ੍ਰਿਫ਼ਤਾਰ ਹੋਇਆ ਸੀ। ਉਸ ਨੂੰ ਇੰਟਰਨੈਸ਼ਨਲ ਡਰੱਗ ਨੈੱਟਵਰਕ ਦਾ ਮੁਖੀ ਦੱਸਿਆ ਗਿਆ। ਪਰਦੇ ‘ਤੇ ਵੀ ਭੋਲਾ ਆਪਣੇ ਕੰਮ ਦੇ ਅਨੁਸਾਰ ਹੀ ਰੋਲ ਨਿਭਾ ਰਿਹਾ ਹੈ। ਜਗਤੀਰ ਸਿੰਘ ਕਹਿੰਦੇ ਹਨ ਕਿ ਭੋਲਾ ਹੀ ਇਸ ਰੋਲ ਲਈ ਸਭ ਤੋਂ ਫਿਟ ਨਜ਼ਰ ਆਇਆ, ਇਸ ਲਈ ਉਸ ਨੂੰ ਫਿਲਮ ਆਫਰ ਕੀਤੀ ਗਈ। ਕੇ.ਐਸ. ਮੱਖਣ ਅੱਜ ਕਲ੍ਹ ਦਿੜਬਾ ਹਲਕੇ ਵਿਚ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ, ”ਜਦੋਂ ਇਹ ਫਿਲਮ ਬਣ ਰਹੀ ਸੀ ਤਾਂ ਮੈਨੂੰ ਭੋਲੇ ਦਾ ਬੈਕਗ੍ਰਾਉਂਡ ਪਤਾ ਨਹੀਂ ਸੀ।” ਇਕ ਸਮਾਂ ਸੀ, ਜਦੋਂ ਉਹ ਪੰਜਾਬੀ ਗਾਇਕੀ ਵਿਚ ਉੱਚਾ ਮੁਕਾਮ ਹਾਸਲ ਕਰ ਚੁੱਕੇ ਸਨ, ਪਰ ਉਨ੍ਹਾਂ ਵਿਰੁੱਧ ਜਲੰਧਰ ‘ਚ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੋ ਗਿਆ। ਉਸ ਤੋਂ ਬਾਅਦ ਕਾਫੀ ਸਮਾਂ ਫਰਾਰ ਰਹੇ। ਬਾਅਦ ਵਿਚ ਉਨ੍ਹਾਂ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲੀ।
ਕੇ.ਐਸ. ਮੱਖਣ ਨੂੰ ਅਕਾਲੀ ਦਲ ‘ਚ ਸ਼ਾਮਲ ਕਰਵਾਉਣ ਵਾਲੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਮੱਖਣ ਤਾਂ ਕਲਾਕਾਰ ਹਨ। ਫਿਲਮ ਵਿਚ ਰੋਲ ਕਰਨਾ ਕੋਈ ਗਲਤ ਕੰਮ ਨਹੀਂ ਹੈ। ਉਂਜ ਜਗਦੀਸ਼ ਭੋਲਾ ਇਸ ਤੋਂ ਪਹਿਲਾਂ ਵੀ ਦੋ ਫਿਲਮਾਂ ਕਰ ਚੁੱਕੇ ਹਨ। ਰੁਸਤਮ-ਏ-ਹਿੰਦ ਅਤੇ ਪਹਿਲਵਾਨ। ਦੋਵੇਂ ਫਿਲਮਾਂ ਬੀ.ਬੀ. ਵਰਮਾ ਨੇ ਲਿਖੀਆਂ ਸਨ। ਭੋਲਾ ਦੀ ਤੀਜੀ ਫਿਲਮ ‘ਜੁਗਨੀ ਹੱਥ ਕਿਸੇ ਨਾ ਆਉਣੀ’ ਵੀ ਬੀ.ਬੀ. ਵਰਮਾ ਨੇ ਹੀ ਲਿਖੀ ਹੈ।