ਮਨਪ੍ਰੀਤ ਬਾਦਲ ਨੇ ਰਿਸ਼ਵਤ ਮੰਗ ਰਹੇ ਟਰੈਫਿਕ ਪੁਲੀਸ ਮੁਲਾਜ਼ਮਾਂ ਦੀ ਚੁੱਪ-ਚਪੀਤੇ ਬਣਾਈ ਵੀਡੀਓ

0
304

manpreet-badal-vedio
ਦੋਵੇਂ ਪੁਲੀਸ ਮੁਲਾਜ਼ਮ ਮੁਅੱਤਲ
ਲੁਧਿਆਣਾ/ਬਿਊਰੋ ਨਿਊਜ਼ :
ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲੁਧਿਆਣਾ-ਦੋਰਾਹਾ ਦੱਖਣੀ ਬਾਈਪਾਸ ‘ਤੇ ਲੰਘਦਿਆਂ ਇੱਕ ਟਰੈਫ਼ਿਕ ਪੁਲੀਸ ਮੁਲਾਜ਼ਮ ਵੱਲੋਂ ਰਿਸ਼ਵਤ ਲਏ ਜਾਣ ਦੀ ਵੀਡੀਓ ਬਣਾ ਲਈ। ਉਨ੍ਹਾਂ ਜਾਂਦੇ ਸਮੇਂ ਗੱਡੀ ਦੁਬਾਰਾ ਘੁੰਮਾ ਕੇ ਟਰੈਫ਼ਿਕ ਕਰਮੀ ਦੀ ਕਲਾਸ ਲਾਈ ਅਤੇ ਸਾਰੇ ਘਟਨਾਕ੍ਰਮ ਦੀ ਵੀਡੀਓ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਭੇਜ ਦਿੱਤੀ। ਇਸ ਮਗਰੋਂ ਪੁਲੀਸ ਕਮਿਸ਼ਨਰ ਨੇ ਏਡੀਸੀਪੀ (ਕ੍ਰਾਈਮ)  ਬਲਕਾਰ ਸਿੰਘ ਤੇ ਏਡੀਸੀਪੀ (ਟਰੈਫ਼ਿਕ) ਧਰੁਵ ਦਹੀਆ ਨਾਲ ਜਾਂਚ ਕੀਤੀ। ਜਿਵੇਂ ਹੀ ਟਰੈਫਿਕ ਮੁਲਾਜ਼ਮ ਨੂੰ ਪਤਾ ਚੱਲਿਆ ਕਿ ਕੋਈ ਉਸ ਦੀ ਵੀਡੀਓ ਬਣਾ ਰਿਹਾ ਹੈ ਤਾਂ ਪਹਿਲਾਂ ਮੁਲਾਜ਼ਮ ਨੇ ਉਨ੍ਹਾਂ ‘ਤੇ ਰੋਅਬ ਪਾਉਣਾ ਸ਼ੁਰੂ ਕੀਤਾ ਪਰ ਜਿਵੇਂ ਹੀ ਮੁਲਾਜ਼ਮ ਨੇ ਵਿਤ ਮੰਤਰੀ ਨੂੰ ਪਛਾਣ ਲਿਆ ਤਾਂ ਮਿੰਨਤਾਂ ਕਰਨ ਲੱਗਾ। ਉਸ ਨੇ ਕਿਹਾ, ”ਸਰ, ਮੈਨੂੰ ਪਤਾ ਨਹੀਂ ਸੀ ਤੁਸੀਂ ਓਂ। ਸਰ ਮੈਂ ਮੰਨਦਾ ਮੈਂ ਗਲਤੀ ਕੀਤੀ ਹੈ। ਮੈਨੂੰ ਗੋਲੀ ਮਾਰ ਦਿਓ ਪਰ ਪੁਲੀਸ ਕਮਿਸ਼ਨਰ ਨੂੰ ਨਾ ਦੱਸੋ।” ਮੌਕੇ ‘ਤੇ ਲੋਕ ਇਕੱਠੇ ਹੋਏ ਤਾਂ ਵਿੱਤ ਮੰਤਰੀ ਉਥੋਂ ਚਲੇ ਗਏ। ਪੁਲੀਸ ਕਮਿਸ਼ਨਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਜਾਂਚ ਮਗਰੋਂ ਟਰੈਫ਼ਿਕ ਮੁਲਾਜ਼ਮਾਂ ਦੀ ਪਛਾਣ ਕਰਵਾਈ ਤੇ ਕਾਰਵਾਈ ਲਈ ਐਸ.ਐਸ.ਪੀ. ਖੰਨਾ ਨੂੰ ਲਿੱਖ ਦਿੱਤਾ, ਜਿਨ੍ਹਾਂ ਨੇ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ।
ਜਾਣਕਾਰੀ ਅਨੁਸਾਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਫਿਰੋਜ਼ਪੁਰ ਵਿੱਚ ਸਮਾਗਮ ‘ਚ ਹਾਜ਼ਰੀ ਭਰ ਕੇ ਖ਼ੁਦ ਗੱਡੀ ਚਲਾ ਕੇ ਚੰਡੀਗੜ੍ਹ ਜਾ ਰਹੇ ਸਨ। ਉਹ ਲੁਧਿਆਣਾ ਦੱਖਣੀ ਬਾਈਪਾਸ ਵਾਲੀ ਸੜਕ ਤੋਂ ਵਾਇਆ ਦੋਰਾਹਾ ਹੁੰਦੇ ਹੋਏ ਚੰਡੀਗੜ੍ਹ ਜਾ ਰਹੇ ਸਨ। ਇਸੇ ਦੌਰਾਨ ਜਦੋਂ ਉਹ ਦੋਰਾਹਾ ਦੇ ਗੁਰਥਲੀ ਪੁਲ ‘ਤੇ ਪੁੱਜੇ ਤਾਂ ਇੱਕ ਟਰੈਫ਼ਿਕ ਮੁਲਾਜ਼ਮ ਕਿਸੇ ਵਿਅਕਤੀ ਤੋਂ ਰਿਸ਼ਵਤ ਲੈ ਰਿਹਾ ਸੀ। ਇਸ ਨੂੰ ਮਨਪ੍ਰੀਤ ਸਿੰਘ ਬਾਦਲ ਨੇ ਤੁਰੰਤ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ। ਉਨ੍ਹਾਂ ਵੀਡੀਓ ਬਣਾ ਕੇ ਗੱਡੀ ਘੁੰਮਾ ਕੇ ਉਸ ਮੁਲਾਜ਼ਮ ਕੋਲ ਰੋਕ ਲਈ ਤੇ ਟਰੈਫ਼ਿਕ ਮੁਲਾਜ਼ਮ ਦੀ ਕਲਾਸ ਲਾਈ।
ਪੁਲੀਸ ਕਮਿਸ਼ਨਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਵੀਡੀਓ ਮਿਲਣ ਤੋਂ ਬਾਅਦ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਸਬੰਧਤ ਮੁਲਾਜ਼ਮ ਖੰਨਾ ਪੁਲੀਸ ਦਾ ਹੈ ਅਤੇ ਦੋਰਾਹਾ ਪੁਲ ‘ਤੇ ਡਿਊਟੀ ਕਰਦਾ ਹੈ। ਇਸ ਕਰਮੀ ਦੀ ਪਛਾਣ ਹੈੱਡ ਕਾਂਸਟੇਬਲ ਜਗਜੀਤ ਸਿੰਘ ਵਜੋਂ ਹੋਈ ਹੈ।
ਕਾਂਸਟੇਬਲ ਜਗਜੀਤ ਸਿੰਘ ਨਾਲ ਮੌਕੇ ‘ਤੇ ਡਿਊਟੀ ਦੇ ਰਹੇ ਉਸ ਦੇ ਸਾਥੀ ਮਨਜੀਤ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਹੈ।