ਜਿਨ੍ਹਾਂ ਦੇ ਨੈਣੀ ਨੀਲਾ ਥੋਥਾ?

0
902

download
ਬਾਦਲਦਲੀਆਂ ਦੀ ਰਾਜਨੀਤੀ ਤੇ ਸਿੱਖਾਂ ਦਾ ਨਿਘਾਰ
ਤਰਲੋਚਨ ਸਿੰਘ ਦੁਪਾਲਪੁਰ
(ਫੋਨ : 001-408-915-1268)
ਈਮੇਲ  tudupalpuri@yohoo.com

ਅਕਾਲੀ ਕਹਾਉਂਦੇ ਇਕ ਮੰਤਰੀ ਸ੍ਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਬੀਤੇ ਦਿਨੀਂ ਪੰਜਾਬ ਦੇ ਬਠਿੰਡਾ ਜਿਲ੍ਹੇ ਦੇ ਸ਼ਹਿਰ ਰਾਮਪੁਰਾ ਫੂਲ ਵਿਚ ਹੋਏ ਸਮਾਗਮ ਮੌਕੇ ਅਠ੍ਹਰਵੀਂ ਸਦੀ ਤੋਂ ਚੱਲੀ ਆ ਰਹੀ ਸਿੱਖ ਅਰਦਾਸ ਦੀ ਇਕ ਤਰ੍ਹਾਂ ਨਾਲ ‘ਪੈਰੋਡੀ’ ਬਣਾਈ ਗਈ। ਇਹ ਮੰਤਰੀ ਸ੍ਰੀ ਮਾਨ ਭਾਵੇਂ ਉਸ ਪਾਰਟੀ ਦਾ ਹੀ ਹੈ,, ਜੋ ਹੁਣ ਪੂਰਨ ਰੂਪ ਵਿਚ ‘ਬਾਦਲ ਦਲ’ ਬਣ ਚੁੱਕੀ ਹੋਈ ਹੈ। ਪਰ ਉਸ ਇਕੱਠ ਵਿਚ ਉਸ ਸ੍ਰਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ (ਇਕ ਮੌਜੂਦਾ ਤੇ ਇਕ ਸਾਬਕਾ) ਵੀ ਖੜ੍ਹੇ ਸਨ, ਜੋ ਭਾਵੇਂ ਬਾਦਲ ਦਲ ਦੀ ਗੁਲਾਮੀ ਹੰਢਾ ਰਹੀ ਹੈ ਪਰ ਦਾਅਵਾ ਸਿੱਖ ਰਹੁ ਰੀਤਾਂ ਦੀ ਰਖਵਾਲੀ ਦਾ ਹੀ ਕਰਦੀ ਹੈ, ਉਹ ਦੋਵੇਂ ਮੈਂਬਰ ਵੀ ਗੁਰ ਕੀ ਨਿੰਦਾ ਅਰਾਮ ਨਾਲ ਖੜ੍ਹੇ ਸੁਣਦੇ ਰਹੇ।
ਸਿੱਖ ਕੌਮ ਦੇ ਨਿਘਾਰ ਪ੍ਰਤੀ ਘੋਰ ਚਿੰਤਾ ‘ਚ ਪੈਦਾ ਕਰਨ ਵਾਲੀ ਇਹ ਦੁਖਦਾਈ ਖ਼ਬਰ ਪੜ੍ਹ ਕੇ ਇਹਦੇ ਬਾਰੇ ਕੋਈ ਹੋਰ ਵਿਚਾਰ ਵਟਾਂਦਰਾ ਕਰਨ ਲਈ ਮੈਂ ਪੰਜਾਬ ਰਹਿੰਦੇ ਇਕ ਗੁਰਮੁਖ ਪਿਆਰੇ ਨਾਲ ਗੱਲਬਾਤ ਕੀਤੀ। ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਇਹ ਮਿੱਤਰ ਹਾਲੇ ਸ਼ਹਿਰੋਂ ਹੋ ਕੇ ਘਰੇ ਵਾਪਸ ਆਇਆ ਹੀ ਸੀ। ਉਹ ਵੀ ਅਨੇਕਾਂ ਸਿੱਖਾਂ ਵਾਂਗ ਇਸੇ ਖ਼ਬਰ ਦਾ ਪੱਛਿਆ ਹੋਇਆ ਲੁੱਛ ਲੁੱਛ ਕਰ ਰਿਹਾ ਸੀ।
”ਵੀਰ ਜੀ ਭਾਵੇਂ ਬਾਹਰੀ ਲਿਬਾਸ ਜਾਂ ਚਿਹਰਾ ਮੋਹਰਾ ਸਾਡਾ ਸਿੱਖਾਂ ਵਾਲਾ ਹੀ ਹੈ, ਪਰ ਅੰਦਰੋਂ ਸਾਨੂੰ ਸਿੱਖੀ ਨਹੀਂ ਜ਼ਮੀਨ ਜਾਇਦਾਦਾਂ ਤੇ ਅਹੁਦੇ ਜ਼ਿਆਦਾ ਪਿਆਰੇ ਹਨ।”
ਇੰਜ ਕਹਿ ਕੇ ਉਸਨੇ ਤਾਜ਼ੀ ਤਾਜ਼ੀ ਹੱਡ ਬੀਤੀ ਸੁਣਾਈ। ਆਪਣੇ ਪਿੰਡੋਂ ਸ਼ਹਿਰ ਕਿਸੇ ਕੰਮ ਗਏ ਹੋਏ ਨੂੰ ਉਸਦਾ ਕੋਈ ਦੋਸਤ ਮਿਲ ਪਿਆ ਜੋ ਕਿ ਹਲਕੇ ਦੇ ਸ੍ਰਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਦਾ ਸੱਜਾ-ਖੱਬਾ ਹੱਥ ਸਮਝਿਆ ਜਾਂਦਾ ਹੈ। ਸਰਦੀ ਜ਼ਿਆਦਾ ਹੋਣ ਕਾਰਨ ਦੋਵੇਂ ਜਣੇ ਇਕ ਹੋਟਲ ਵਿਚ ਚਾਹ ਪੀਣ ਲੱਗੇ। ਭਰੇ ਫਿੱਸੇ ਪਏ ਮੇਰੇ ਮਿੱਤਰ ਨੇ ਫੋਨ ਕੱਢ ਕੇ ਉਸਨੂੰ ਮਲੂਕੇ ਦੀ ਕਾਮਯਾਬੀ ਲਈ ਹੁੰਦੀ ਅਰਦਾਸ ਵਾਲੀ ਵੀਡੀਓ ਦਿਖਾਈ ਅਤੇ ਪੁਛਿਆ ਕਿ ਦੋ ਦਿਨ ਹੋ ਗਏ ਇਸ ਨੂੰ ਵਾਇਰਲ ਹੋਈ ਨੂੰ ਸਾਡੇ ਹਲਕਾ ਮੈਂਬਰ ਸਾਹਿਬ ਦਾ ਇਹਦੇ ਵਿਰੋਧ ਬਾਰੇ ਕੋਈ ਪ੍ਰਤੀਕਰਮ ਹੈ? ਨਾਲ ਹੀ ਉਸਦਾ ਅੰਦਰ ਟਟੋਲਣ ਲਈ ਮੇਰੇ ਜਾਣੂ ਨੇ ਉਸਨੂੰ ਵੀ ਪੁੱਛ ਲਿਆ ਕਿ ਤੁਹਾਨੂੰ ਆਪਣੀ ਪਾਰਟੀ ਦੇ ਆਗੂ ਦੀ ਇਸ ਕਰਤੂਤ ਉੱਤੇ ਗੁੱਸਾ ਤਾਂ ਆਇਆ ਹੀ ਹੋਊ?
ਰੋਣ ਹਾਕਾ ਹੁੰਦਿਆ ਮੇਰੇ ਮਿੱਤਰ ਨੇ ਦਸਿਆ ਕਿ ਮੇਰਾ ਸਵਾਲ ਸੁਣ ਕੇ ਉਹ ਹੀਂ ਹੀਂ ਹੀਂ ਕਰਦਾ ਉੱਠਿਆ ਤੇ ਉੱਪਰ ਦੀ ਪਹਿਨੀ ਹੋਈ ਸ੍ਰੀ ਸਾਹਿਬ ਦਾ ਗਾਤਰਾ ਸਵਾਰਦਾ ਹੋਇਆ ਬੋਲਿਆ ”ਛੱਡੋ ਭਰਾ ਇਹ ‘ਪੋਲੀਟੀਕਲ ਗੱਲਾਂ’ ਤਾਂ ਚਲਦੀਆਂ ਰਹਿਣੀਆਂ ਮੈਂ ਦਫਤਰੋਂ ਫਾਰਮ ਲੈ ਕੇ ਭਰਨਾ ਹੈ ਮੋਟਰ ਦਾ ਕੁਨੈਕਸ਼ਨ ਲੈਣ ਲਈ ਜਥੇਦਾਰ ਦੀ ਸਿਫ਼ਾਰਸ਼ ਪੁਆਈ ਹੋਈ ਐ ਫੇਰ ਚੋਣ ਜਾਬਤਾ ਲੱਗ ਜਾਣੈ, ਮੇਰਾ ਕੰਮ ਕਿਤੇ ਵਿਚਾਲੇ ਈ ਨਾ ਰਹਿ ਜਾਵੇ।
ਦੂਸਰਾ ਕਿੱਸਾ ਬੜਾ ਪੁਰਾਣਾ ਹੈ, ਸਰਦਾਰ ਕਪੂਰ ਸਿੰਘ ਦਾ. ਸਿੱਖ ਨਿਰੰਕਰੀ ਕਸ਼ੀਦਗੀ ਦਾ ਖੂਨੀ ਮੁਢ ਤਾਂ 1978 ਦੀ ਵਿਸਾਖੀ ਵਾਲੇ ਦਿਨ ਤੋਂ ਬੱਝਾ ਸੀ ਅਤੇ ਨਿਰੰਕਾਰੀਆਂ ਨਾਲ ਨਾ ਮਿਲਵਰਤਨ ਬਾਰੇ ਹੁਕਮਨਾਮਾ ਵੀ ਇਸੇ ਤਰ੍ਹਾਂ ਜਾਰੀ ਹੋਇਆ। ਪਰ ਇਹ ਗੱਲ ਸ਼ਾਇਦ 1969 ਸੰਨ ਦੀ ਹੋਵੇ ਜਦੋਂ ਸਰਦਾਰ ਕਪੂਰ ਸਿੰਘ ਨੇ ਪੰਜਾਬੀ ਅਸੈਂਬਲੀ ਦੀ ਚੋਣ ਲੜੀ ਸੀ। ਜ਼ਿਲ੍ਹਾ ਲੁਧਿਆਣਾ ਵਿਚ ਚੋਣ ਪ੍ਰਚਾਰ ਦੌਰਾਨ ਉਹ ਇਕ ਐਸੇ ਥਾਂ ਪਹੁੰਚ ਗਏ ਜਿੱਥੇ ਨਿਰੰਕਾਰੀਆਂ ਦਾ ਕੋਈ ਸਮਾਗਮ ਚੱਲ ਰਿਹਾ ਸੀ। ਨਾਂਹ ਨੁੱਕਰ ਕਰਦਿਆਂ ਉਹ ਆਪਣੇ ਨਾਲ ਦਿਆਂ ਸਾਥੀਆਂ ਦੇ ਕਹਿਣ ‘ਤੇ ਉਸ ਸਮਾਗਮ ਵਿਚ ਜਾ ਬੈਠੇ। ਹਾਲੇ ਅੱਧਾ ਕੁ ਘੰਟਾ ਬੈਠਿਆਂ ਨੂੰ ਹੋਇਆ ਹੋਵੇਗਾ ਕਿ ਨਿਰੰਕਾਰੀ ਸਟੇਜ ‘ਤੇ ਬੋਲ ਰਹੇ ਵਕਤੇ ਨੇ ਗੁਰਮਤਿ ਵਿਰੁੱਧ ਕੁਝ ਗਲ੍ਹਤ ਟਿਪਣੀਆਂ ਕੀਤੀਆਂ।
ਬਿਜਲੀ ਦੀ ਫੁਰਤੀ ਵਾਂਗ ਸਰਦਾਰ ਸਾਹਿਬ ਇਕ ਦਮ ਉੱਠ ਖਲੋਤੇ। ਵਕਤੇ ਨੂੰ ਹੱਥ ਦੇ ਇਸ਼ਾਰੇ ਨਾਲ ਚੁੱਪ ਕਰਾਉਂਦਿਆਂ ਉਹ ਆਪਣੀ ਗੱਲ ਕਹਿਣ ਲੱਗ ਪਏ। ਥੱਲੇ ਬੈਠੇ ਉਨ੍ਹਾਂ ਦੇ ਸਾਥੀ ਸੁਰਜਣ ਸਿੰਘ ਠੇਕੇਦਾਰ, ਸਰਦਾਰ ਜੀ ਦੇ ਪੈਰਾਂ ‘ਤੇ ਚੂੰਢੀਆਂ ਵੱਢਦੇ ਹੋਏ ਇਸ਼ਾਰੇ ਕਰਨ ਲੱਗੇ ਕਿ ਹਾਲੇ ਕੁਝ ਨਾ ਬੋਲੋ ਨਾਜ਼ਕ ਸਮਾਂ ਹੈ ਸਾਡੀਆਂ ਵੋਟਾਂ ਖਰਾਬ ਹੋਣਗੀਆਂ ਅਸੀਂ ਹਾਰ ਜਾਵਾਂਗੇ ਜਾਣ ਦਿਉ ਗੁੱਸੇ ਨੂੰ! ਕਹਿੰਦੇ ਸਰਦਾਰ ਕਪੂਰ ਸਿੰਘ ਨੇ ਫੁਰਤੀ ਨਾਲ ਪੈਰ ਝਟਕ ਕੇ ਆਪਣੇ ਸਾਥੀਆਂ ਨੂੰ ਉੱਚੀ ਉੱਚੀ ਕਿਹਾ
”ਹਟ ਭਾਈ ਸੁਰਜਣ ਸਿਹਾਂ, ਮੈਂ ਜਿੱਤਾਂ ਚਾਹੇ ਹਾਰਾਂ, ਮੈਨੂੰ ਨਹੀ ਪ੍ਰਵਾਹ! ਪਰ ਮੈਂ ਆਪਣੇ ਗੁਰੂ ਦੀ ਬੇਅਦਬੀ ਸੁਣ ਕੇ ਚੁੱਪ ਨਹੀਂ ਰਹਿ ਸਕਦਾ।”
ਹੁਣ ਜ਼ਰਾ ਕੌੜਾ ਘੁੱਟ ਭਰਨ ਵਾਂਗ ਸਵਰਗੀ ਜਥੇਦਾਰ ਸੁਰਜਣ ਸਿੰਘ ਠੇਕੇਦਾਰ ਮੂੰਹੋਂ ਸੁਣੀ ਹੋਈ ਇਹ ਗੱਲ ਮੈਨੂੰ ਹੁੱਬ ਹੁੱਬ ਕੇ ਸੁਣਾਉਣ ਵਾਲੇ ਸਿੱਖ ਦੇ ‘ਸਿੱਖੀ ਪ੍ਰੇਮ’ ਬਾਰੇ ਵੀ ਸੁਣ ਲਉ। ਕਈ ਸਾਲ ਪਹਿਲੋਂ ਬਾਦਲਾਂ ਵੱਲੋਂ ਸਿੱਖ ਧਰਮ ਵਿਰੋਧੀ ਕੀਤੀ ਗਈ ਕਿਸੇ ਕਾਰਵਾਈ ਪ੍ਰਤੀ ਤਕੜੇ ਗੁੱਸੇ ਦਾ ਇਜ਼ਹਾਰ ਕਰਦਿਆਂ ਬਾਦਲਸ਼ਾਹੀ ਨੂੰ ਭੰਡਣ ਵਾਲੇ ਇਹ ਸਿੰਘ ਸਾਹਿਬ ਹੁਣ ਮਲੂਕੇ ਦਾ ਪੱਖ ਪੂਰ ਰਹੇ ਹਨ। ਜਨਾਬ ਫੁਰਮਾ ਰਹੇ ਹਨ ਕਿ ਜਿਹੜੀ ਅਰਦਾਸ ਸ੍ਰੀ ਮਲੂਕੇ ਨੇ ਆਪਣੇ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਕਰਵਾਈ ਹੈ ਉਹ ਹਿੰਦੂ ਗ੍ਰੰਥਾਂ ਵਿਚ ਬਹੁਤ ਪੁਰਾਣੇ ਸਮੇਂ ਤੋਂ ਲਿਖੀ ਹੋਈ ਮਿਲਦੀ ਹੈ। ਭਾਵੇਂ ਬਹੁਤ ਸਾਰੇ ਸੁਹਿਰਦ ਹਿੰਦੂ ਭਰਾ ਇਹ ਐਲਾਨੀਆਂ ਕਹਿ ਰਹੇ ਨੇ ਕਿ ਅਜਿਹੀ ਅਰਦਾਸ ਦਾ ਕਿਸੇ ਹਿੰਦੂ ਇਤਿਹਾਸਕ ਗ੍ਰੰਥ ਵਿਚ ਕੋਈ ਹਵਾਲਾ ਨਹੀਂ ਮਿਲਦਾ। ਪ੍ਰੰਤੂ ਕੁਝ ਸਾਲ ਪਹਿਲਾਂ ਸਿਰਦਾਰ ਕਪੂਰ ਸਿੰਘ ਦੀ ਉਸਤਤਿ ਕਰਨ ਵਾਲੇ ਇਹ ਪੰਜ ਕਕਾਰੀ ਖਾਲਸਾ ਜੀ ਹੁਣ ਸਿਆਸਤ ਉਤੋਂ ਧਰਮ ਨੂੰ ਕੁਰਬਾਨ ਕਰ ਰਹੇ ਹਨ।
ਬਾਲ ਉਮਰ ਸਮੇਂ ਸਾਡੇ ਪਿੰਡਾਂ ‘ਚ ਸੰਨਿਆਸੀ ਬਾਵੇ ਹਾਥੀ ਲੈ ਕੇ ਆਉਂਦੇ ਹੁੰਦੇ ਸਨ। ਵਰ੍ਹੀ ਛਿਮਾਹੀ ਸਬੱਬੀ ਹਾਥੀ ਦੇਖ ਕੇ ਸਾਰੇ ਨਿਆਣੇ ਸਿਆਣੇ ਉਹਦੇ ਮਗਰ ਹੋ ਤੁਰਦੇ। ਸੱਚ ਕਿ ਝੂਠ, ਪੇਂਡੂ ਬੁੜ੍ਹੀਆ ਕਿਹਾ ਕਰਦੀਆਂ ਸਨ ਕਿ ਇਹ ਬਾਵੇ ਜਦ ਜੰਗਲਾਂ ‘ਚੋਂ ਹਾਥੀ ਫੜਦੇ ਨੇ ਤਾਂ ਉਦੋਂ ਈ ਇਹਦੀਆਂ ਅੱਖਾਂ ਵਿਚ ਨੀਲਾ ਥੋਥਾ ਪਾ ਦਿੰਦੇ ਨੇ। ਬੱਸ ਫਿਰ ਹਾਥੀਨੂੰ ਆਪ ਦਿਸਣਾ ਤਾਂ ਬੰਦ ਹੋ ਜਾਂਦਾ ਹੈ ਤੇ ਇਹ ਵਿਚਾਰਾ ਸਿਰ ਉੱਤੇ ਕੁੰਡਾ ਲੈ ਕੇ ਬੈਠੇ ਮਹਾਣਤ ਦੇ ਇਸ਼ਾਰਿਆਂ ਨਾਲ ਹੀ ਉੱਠਦਾ ਬਹਿੰਦਾ ਅਤੇ ਤੁਰਿਆ ਫਿਰਦਾ ਹੈ।
ਕਿਸੇ ਲਾਲਚ ਜਾਂ ਲਾਲਸਾ ਅਧੀਨ ਸਿਆਸੀ ਮਹਾਣਤਾਂ ਦੇ ਅਧੀਨ ਹੋ ਚੁੱਕੇ ਬੰਦਿਆਂ ਉੱਤੇ ਵੀ ਨੈਣੀ ਥੋਥਾ ਪੁਆ ਕੇ ਗੁਲਾਮ ਬਣੀ ਫਿਰਦੇ ਹਾਥੀ ਵਾਲੀ ਮਿਸ਼ਾਲ ਹੀ ਢੁਕਦੀ ਹੈ।