ਲੰਡਨ : ਦਾਦੇ ਦੇ ਕਤਲ ਦੇ ਦੋਸ਼ ‘ਚ ਮਤਰੇਏ ਪੋਤੇ ਨੂੰ ਉਮਰ ਕੈਦ

0
1129

london-ch-dade-da-katal
ਲੰਡਨ/ਬਿਊਰੋ ਨਿਊਜ਼ :
ਨੌਟਿੰਘਮ ਕਰਾਊਨ ਕੋਰਟ ਵਿੱਚ ਡਰਬੀ ਵਾਸੀ ਸਤਨਾਮ ਸਿੰਘ ਦੇ ਕਤਲ ਮਾਮਲੇ ਵਿੱਚ 30 ਸਾਲਾ ਸੁਖਰਾਜ ਸਿੰਘ ਅਟਵਾਲ ਨੂੰ ਜੱਜ ਡਿਕਿੰਨਸਨ ਨੇ ਉਮਰ ਕੈਦ ਦੀ ਸਜ਼ਾ ਸੁਣਾਈ। ਅਦਾਲਤ ਵਿਚ ਦੱਸਿਆ ਗਿਆ ਕਿ ਸੁਖਰਾਜ ਮ੍ਰਿਤਕ ਸਤਨਾਮ ਸਿੰਘ ਦਾ ਮਤਰੇਆ ਪੋਤਰਾ ਸੀ, ਜਿਸ ਨੇ ਪਰਿਵਾਰਕ ਝਗੜੇ ਦੇ ਚੱਲਦਿਆਂ ਸਤਨਾਮ ਸਿੰਘ ‘ਤੇ ਬੇਰਹਿਮੀ ਨਾਲ ਹਮਲਾ ਕੀਤਾ ਸੀ। ਇਹ ਹਮਲਾ 23 ਜੁਲਾਈ 2015 ਦੀ ਸਵੇਰ ਨੂੰ ਉਸ ਵੇਲੇ ਕੀਤਾ, ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਡਰਬੀ ਜਾ ਰਿਹਾ ਸੀ। ਹਮਲੇ ਨਾਲ ਪੀੜਤ ਦੀਆਂ ਪੱਸਲੀਆਂ 41 ਥਾਵਾਂ ਤੋਂ ਟੁੱਟ ਗਈਆਂ ਅਤੇ ਦਿਮਾਗ ਨੂੰ ਭਾਰੀ ਨੁਕਸਾਨ ਹੋਇਆ ਸੀ। ਖ਼ੂਨ ਨਾਲ ਲੱਥ ਪੱਥ ਸਤਨਾਮ ਸਿੰਘ ਦੀ ਮਦਦ ਲਈ ਗੋਵਿੰਦਰ ਸਿੰਘ ਜੌਹਲ ਨਾਮ ਦੇ ਵਿਅਕਤੀ ਨੇ ਪੁਲੀਸ ਅਤੇ ਐਂਬੂਲੈਂਸ ਨੂੰ ਸੱਦਿਆ ਪਰ ਕੁਝ ਸਮੇਂ ਬਾਅਦ ਰੋਇਲ ਹਸਪਤਾਲ ਵਿੱਚ ਸਤਨਾਮ ਸਿੰਘ ਦੀ ਮੌਤ ਹੋ ਗਈ। ਇਹ ਹਮਲਾ ਕਿਸੇ ਵੀ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਨਹੀਂ ਹੋਇਆ, ਪਰ ਹਮਲੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਸੁਖਰਾਜ ਨੂੰ ਉੱਥੇ ਵੇਖਿਆ ਗਿਆ ਸੀ। ਸੀ.ਸੀ.ਟੀ.ਵੀ. ਕੈਮਰੇ ਵਿੱਚ ਉਹ ਆਪਣੇ ਕੁੱਤੇ ਨਾਲ ਘਟਨਾ ਤੋਂ ਕੁਝ ਸਮਾਂ ਬਾਅਦ ਜਾਂਦਾ ਵੀ ਵੇਖਿਆ ਗਿਆ ਸੀ। ਜਿਊਰੀ ਵੱਲੋਂ ਦੋਸ਼ੀ ਐਲਾਨੇ ਜਾਣ ਬਾਅਦ ਉਸ ਨੂੰ ਦੱਸਿਆ ਗਿਆ ਕਿ ਉਹ 20 ਸਾਲ ਜੇਲ੍ਹ ਭੁਗਤਣ ਤੋਂ ਬਾਅਦ ਹੀ ਪੈਰੋਲ ਲਈ ਅਪੀਲ ਕਰ ਸਕਦਾ ਹੈ। ਸਰਕਾਰੀ ਵਕੀਲ ਨੇ ਤਿੰਨ ਹਫ਼ਤੇ ਪਹਿਲਾਂ ਕੇਸ ਦੀ ਸ਼ੁਰੂਆਤ ਕਰਦਿਆਂ ਅਦਾਲਤ ਨੂੰ ਦੱਸਿਆ ਸੀ ਕਿ ਮੈਡੀਕਲ ਰਿਪੋਰਟਾਂ ਅਨੁਸਾਰ ਸਤਨਾਮ ਸਿੰਘ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਉਸ ਦਾ ਸਭ ਕੁਝ ਲੁੱਟਿਆ ਗਿਆ ਹੈ। ਉਸ ਨੇ ਕਿਹਾ, ‘ਮੇਰੀ ਨੀਂਦ ਨਹੀਂ ਰਹੀ ਅਤੇ ਮੈਨੂੰ ਦਵਾਈਆਂ ਖਾਣੀਆਂ ਪੈ ਰਹੀਆਂ ਹਨ।’