ਲਹਿੰਦੇ ਪੰਜਾਬ ਵਿੱਚ ਮੌਲਵੀ ਨੇ ਤਸੀਹੇ ਦੇ ਦੇ ਕੇ 20 ਵਿਅਕਤੀ ਕਤਲ ਕੀਤੇ

0
1186

ਮੌਲਵੀ ਸਮੇਤ ਪੰਜ ਵਿਅਕਤੀ ਪੁਲੀਸ ਹਿਰਾਸਤ ਵਿੱਚ

Injured Pakistani men rest in hospital after an attack on a Sufi shrine by three suspects including the shrine's custodian killed at least 20 people on the outskirts of Sargodha District in Punjab province on April 2, 2017. Twenty people were murdered and four others wounded at a Pakistani Sufi shrine early April 2, by men wielding batons and knives, police said. / AFP PHOTO / FATIQ BUKHARI
ਕੈਪਸ਼ਨ-ਲਹਿੰਦੇ ਪੰਜਾਬ ਵਿੱਚ ਇਕ ਦਰਗਾਹ ਦੇ ਮੌਲਵੀ ਤੇ ਸਾਥੀਆਂ ਵੱਲੋਂ ਜ਼ਖ਼ਮੀ ਕੀਤੇ

ਲਾਹੌਰ/ਬਿਊਰੋ ਨਿਊਜ਼ :
ਪਾਕਿਸਤਾਨੀ ਪੰਜਾਬ ਦੇ ਇਕ ਪਿੰਡ ਵਿੱਚ ਦਰਗਾਹ ਦੇ ‘ਮਾਨਸਿਕ ਤੌਰ ‘ਤੇ ਬਿਮਾਰ’ ਮੌਲਵੀ ਤੇ ਉਸ ਦੇ ਸਾਥੀਆਂ ਨੇ ਘੱਟੋ ਘੱਟ 20 ਵਿਅਕਤੀਆਂ, ਜਿਨ੍ਹਾਂ ਵਿੱਚ ਇਕ ਪਰਿਵਾਰ ਦੇ ਛੇ ਜੀਅ ਵੀ ਸ਼ਾਮਲ ਹਨ, ਦੀ ਤਸੀਹੇ ਦੇ ਕੇ ਹੱਤਿਆ ਕੀਤੀ ਹੈ।
ਸਰਗੋਧਾ ਦੇ ਡਿਪਟੀ ਕਮਿਸ਼ਨਰ ਲਿਆਕਤ ਅਲੀ ਚੱਠਾ ਨੇ ਦੱਸਿਆ ਕਿ ਲਾਹੌਰ ਤੋਂ ਤਕਰੀਬਨ 200 ਕਿਲੋਮੀਟਰ ਦੂਰ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਸਥਿਤ ਮੁਹੰਮਦ ਅਲੀ ਗੁੱਜਰ ਦੀ ਦਰਗਾਹ ਉਤੇ ਇਹ ਘਟਨਾ ਅੱਧੀ ਰਾਤ ਨੂੰ ਹੋਈ। ਦਰਗਾਹ ਦੇ ਮੌਲਵੀ ਅਬਦੁਲ ਵਹੀਦ (50), ਜੋ ‘ਮਾਨਸਿਕ ਤੌਰ ‘ਤੇ ਗੰਭੀਰ ਬਿਮਾਰ’ ਹੈ, ਨੇ ਡਾਂਗਾਂ ਅਤੇ ਛੁਰੇ ਨਾਲ ਇਨ੍ਹਾਂ ਲੋਕਾਂ ਦੀ ਹੱਤਿਆ ਕੀਤੀ ਹੈ। ਵਹੀਦ ਨੇ ਫੋਨ ਕਰਕੇ ਇਨ੍ਹਾਂ ਨੂੰ ਦਰਗਾਹ ਉਤੇ ਬੁਲਾਇਆ ਸੀ। ਪੀੜਤਾਂ ਵਿਚੋਂ ਦੋ ਔਰਤਾਂ ਅਤੇ ਕੁੱਝ ਪੁਰਸ਼ ਜ਼ਖ਼ਮੀ ਹਾਲਤ ਵਿੱਚ ਦਰਗਾਹ ਵਿਚੋਂ ਭੱਜਣ ਵਿੱਚ ਕਾਮਯਾਬ ਹੋ ਗਏ ਅਤੇ ਇਨ੍ਹਾਂ ਵਿਚੋਂ ਇਕ ਨੇ ਸਥਾਨਕ ਲੋਕਾਂ ਨੂੰ ਇਸ ਵਾਰਦਾਤ ਬਾਰੇ ਦੱਸਿਆ ਅਤੇ ਲੋਕਾਂ ਨੇ ਪੁਲੀਸ ਨੂੰ ਸੂਚਿਤ ਕੀਤਾ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁਢਲੀ ਜਾਣਕਾਰੀ ਮੁਤਾਬਕ ਦਰਗਾਹ ਦੀ ਦੇਖ-ਭਾਲ ਕਰਨ ਵਾਲਿਆਂ ਨੇ ਪਹਿਲਾਂ ਤਿੰਨ ਔਰਤਾਂ ਸਮੇਤ 20 ਵਿਅਕਤੀਆਂ ਨੂੰ ਨਸ਼ੀਲਾ ਪਦਾਰਥ ਦਿੱਤਾ ਅਤੇ ਉਨ੍ਹਾਂ ਨੂੰ ਨਿਰਵਸਤਰ ਕਰਕੇ ਉਨ੍ਹਾਂ ‘ਤੇ ਛੁਰੇ ਅਤੇ ਡਾਂਗਾਂ ਨਾਲ ਹੱਲਾ ਬੋਲ ਕੇ ਹਲਾਕ ਕਰ ਦਿੱਤਾ। ਜੀਓ ਟੀਵੀ ਨੇ ਸਰਗੋਧਾ ਹਸਪਤਾਲ ਦੇ ਇਕ ਡਾਕਟਰ ਦੇ ਹਵਾਲੇ ਨਾਲ ਦੱਸਿਆ ਕਿ ਪੀੜਤ ਨਿਰਵਸਤਰ ਸਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਉਤੇ ਤੇਜ਼ਧਾਰ ਤੇ ਖੁੰਢੇ ਹਥਿਆਰਾਂ ਨਾਲ ਕਈ ਵਾਰ ਕੀਤੇ ਗਏ ਹਨ। ਪੁਲੀਸ ਅਧਿਕਾਰੀ ਮਜ਼ਹਾਰ ਸ਼ਾਹ ਨੇ ਦੱਸਿਆ ਕਿ ਇਸ ਅਪਰਾਧ ਪਿਛਲੇ ਕਾਰਨ ਬਾਰੇ ਹਾਲੇ ਪਤਾ ਨਹੀਂ ਲੱਗਾ ਹੈ ਪਰ ਸਥਾਨਕ ਲੋਕਾਂ ਮੁਤਾਬਕ ਪਿਛਲੇ ਦੋ ਸਾਲਾਂ ਤੋਂ ਸ਼ੱਕੀ ਆਪਣੇ ਚੇਲਿਆਂ ਨਾਲ ਇਸ ਇਲਾਕੇ ਵਿੱਚ ਆਉਂਦਾ ਰਹਿੰਦਾ ਸੀ। ਇਹ ਦਰਗਾਹ ਤਕਰੀਬਨ ਦੋ ਸਾਲ ਪਹਿਲਾਂ ਧਾਰਮਿਕ ਆਗੂ ਅਲੀ ਮੁਹੰਮਦ ਗੁੱਜਰ ਦੀ ਕਬਰ ਉਤੇ ਉਸਾਰੀ ਗਈ ਸੀ। ਲੋਕ ਇਸ ਦਰਗਾਹ ਉਤੇ ਆਪਣੇ ‘ਪਾਪ’ ਬਖ਼ਸ਼ਾਉਣ ਆਉਂਦੇ ਸਨ ਅਤੇ ਦਰਗਾਹ ਦੇ ਪ੍ਰਬੰਧਕਾਂ ਵੱਲੋਂ ਲੋਕਾਂ ਨੂੰ ਕੁੱਟ ਕੇ ਪਾਕ ਕੀਤਾ ਜਾਂਦਾ ਸੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਸ਼ੱਕੀ ਲਾਹੌਰ ਦਾ ਵਸਨੀਕ ਹੈ ਅਤੇ ਉਹ ਪਾਕਿਸਤਾਨ ਦੇ ਚੋਣ ਕਮਿਸ਼ਨ ਦਾ ਮੁਲਾਜ਼ਮ ਹੈ। ਉਨ੍ਹਾਂ ਦੱਸਿਆ ਕਿ ਵਹੀਦ ਕਹਿੰਦਾ ਹੈ ਕਿ ਉਸ ਨੇ ਆਪਣੇ ਸ਼ਰਧਾਲੂਆਂ ਨੂੰ ਇਸ ਲਈ ਕਤਲ ਕੀਤਾ ਹੈ ਕਿਉਂਕਿ ਉਨ੍ਹਾਂ ਨੇ ਦੋ ਸਾਲ ਪਹਿਲਾਂ ਉਸ ਦੇ ਅਧਿਆਤਮਕ ਆਗੂ ਅਲੀ ਮੁਹੰਮਦ ਨੂੰ ਜ਼ਹਿਰ ਦੇ ਕੇ ਮਾਰਿਆ ਸੀ। ਵਹੀਦ ਦੇ ਕਹਿਰ ਦਾ ਸ਼ਿਕਾਰ ਹੋਏ ਲੋਕਾਂ ਵਿੱਚ ਉਸ ਦੇ ਅਧਿਆਤਮਕ ਆਗੂ ਦਾ ਪੁੱਤਰ ਆਸਿਫ਼ ਪੀਰ ਅਲੀ ਵੀ ਸ਼ਾਮਲ ਹੈ। ਸ੍ਰੀ ਚੱਠਾ ਨੇ ਦੱਸਿਆ ਕਿ ਉਨ੍ਹਾਂ ਨੇ ਦਰਗਾਹ ਦੇ ਪ੍ਰਬੰਧਕਾਂ ਵਹੀਦ ਤੇ ਯੂਸਫ ਸਮੇਤ ਪੰਜ ਵਿਅਕਤੀਆਂ ਨੂੰ ਪੁੱਛ ਪੜਤਾਲ ਲਈ ਹਿਰਾਸਤ ਵਿੱਚ ਲਿਆ ਹੈ।