ਮਹਾਰਾਜਾ ਰਣਜੀਤ ਸਿੰਘ ਦਾ ਜਨਮ ਗੁਜਰਾਂਵਾਲਾ ਵਿਚ ਹੋਇਆ

0
508

lahor-ch-maharaja-ranjit-singh-di-janam-patri
ਲਾਹੌਰ/ਬਿਊਰੋ ਨਿਊਜ਼ :
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜਨਮ ਪੱਤਰੀ ਲਾਹੌਰ ਦੇ ਫ਼ਕੀਰ ਖ਼ਾਨਾ ਅਜਾਇਬ ਘਰ ਵਿਚ ਅੱਜ ਵੀ ਸੁਰੱਖਿਅਤ ਹੈ। ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਭਾਟੀ ਦਰਵਾਜ਼ੇ ਅੰਦਰ ਬਾਜ਼ਾਰ ਹਕੀਮਾਂ ਵਿਚ ਮਹਾਰਾਜਾ ਦੇ ਵਿਦੇਸ਼ ਮੰਤਰੀ ਫ਼ਕੀਰ ਅਜ਼ੀਜ਼ੂਦੀਨ ਦੀ ਅਜਾਇਬ ਘਰ ਵਿਚ ਤਬਦੀਲ ਹੋ ਚੁੱਕੀ ਉਪਰੋਕਤ ਪਰਿਵਾਰਕ ਹਵੇਲੀ ਵਿਚ ਮਹਾਰਾਜਾ ਦੀ ਜਨਮ ਪੱਤਰੀ ਤੋਂ ਇਲਾਵਾ ਉਨ੍ਹਾਂ ਨਾਲ ਸਬੰਧਤ ਸੈਂਕੜੇ ਇਤਿਹਾਸਕ ਵਸਤੂਆਂ ਅਤੇ ਤਸਵੀਰਾਂ ਵੀ ਮੌਜੂਦ ਹਨ। ਦੱਸਣਯੋਗ ਹੈ ਕਿ ਫ਼ਕੀਰ ਅਜ਼ੀਜ਼ੂਦੀਨ ਦਾ ਛੋਟਾ ਭਰਾ ਇਮਾਮੁਦੀਨ ਜੋ ਕਿ ਸਿੱਖ ਦਰਬਾਰ ਦਾ ਮੁੱਖ ਖ਼ਜ਼ਾਨਾ ਅਫ਼ਸਰ ਸੀ, ਨੇ ਉਪਰੋਕਤ ਕੀਮਤੀ ਇਤਿਹਾਸਕ ਵਸਤੂਆਂ ਪ੍ਰਾਪਤ ਕੀਤੀਆਂ। ਸੰਸਕ੍ਰਿਤ ਵਿਚ ਲਿਖੀ ਉਪਰੋਕਤ ਜਨਮ ਪੱਤਰੀ ‘ਤੇ ਸਾਫ਼ ਤੌਰ ‘ਤੇ ਦਰਜ ਹੈ ਕਿ ਗੁਜਰਾਂਵਾਲਾ ਵਿਚ ਦੂਸਰੀ ਸੰਗਰਾਂਦ ਤਾਰੀਖ਼ ਵਦੀ ਸੰਮਤ 1837 ਨੂੰ 19 ਘੜੀ ਵੇਲੇ 13 ਪਲ ਦਿਨ ਚੜ੍ਹੇ ਰਣਜੀਤ ਸਿੰਘ ਦਾ ਜਨਮ ਹੋਇਆ, ਹਾਲਾਂਕਿ ਫੂਲਵੰਸ਼ ਦੇ ਵਡੇਰਿਆਂ ਦਾ ਅਰੰਭ ਤੋਂ ਦਾਅਵਾ ਰਿਹਾ ਹੈ ਕਿ ਰਣਜੀਤ ਸਿੰਘ ਦਾ ਜਨਮ ਉਸ ਦੇ ਨਾਨਕੇ ਘਰ ਬਢਰੁਖਾ ਵਿਚ ਹੋਇਆ ਸੀ। ਦੱਸਣਯੋਗ ਹੈ ਕਿ ਗੁਜਰਾਂਵਾਲਾ ਦੀ ਪੁਰਾਣੀ ਸਬਜ਼ੀ ਮੰਡੀ ਵਿਚ ਮੌਜੂਦ ਸ਼ੇਰੇ ਪੰਜਾਬ ਦੀ ਜੱਦੀ ਹਵੇਲੀ ਜਿਥੇ ਪ੍ਰਮਾਣਿਕ ਤੱਥਾਂ ਦੇ ਆਧਾਰ ‘ਤੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਨਵੰਬਰ, 1780 ਨੂੰ ਹੋਣਾ ਸਵੀਕਾਰਿਆ ਗਿਆ ਹੈ, ਦੀ ਉਪਰਲੀ ਮੰਜ਼ਲ ਦੇ ਇਕ ਕਮਰੇ ਦੇ ਬਾਹਰ ਮਹਾਰਾਜਾ ਦੇ ਜਨਮ ਸਬੰਧੀ ਪੱਥਰ ਦੀ ਸਿਲ ਲੱਗੀ ਹੋਈ ਹੈ ਜਿਸ ਉਪਰ ਅੰਗਰੇਜ਼ੀ ਤੇ ਸ਼ਾਹਮੁਖੀ ਵਿਚ ‘ਮਹਾਰਾਜਾ ਰਣਜੀਤ ਸਿੰਘ ਜਨਮ 2 ਨਵੰਬਰ, 1780’ ਉਕਰਿਆ ਹੋਇਆ ਹੈ। ਡਿਸਟ੍ਰਿਕਟ ਗਜ਼ਟੀਅਰ ਗੁਜਰਾਂਵਾਲਾ ਅਨੁਸਾਰ ਸੰਨ 1891 ਵਿਚ ਗੁਜਰਾਂਵਾਲਾ ਦੇ ਡਿਪਟੀ ਕਮਿਸ਼ਨਰ ਮਿ. ਜੇ. ਐਬਸਟਨ ਨੇ ਇਹ ਪੱਥਰ ਦੀ ਸਿਲ ਲਗਵਾਈ ਸੀ।