ਨੇਵਾਡਾ ਦੀ ਰਾਜਧਾਨੀ ‘ਚ ਸਿੱਖ ਪਹਿਚਾਣ ਦਾ ਕੇਂਦਰ ਬਣਿਆ ਲਾਭ ਸਿੰਘ

0
857

1
ਕਾਰਸਨ ਸਿਟੀ (ਨੇਵਾਡਾ)/ਬਿਊਰੋ ਨਿਊਜ਼:
ਨੇਵਾਡਾ ਸਟੇਟ ਦੀ ਰਾਜਧਾਨੀ ਵਾਲੇ ਇਸ ਸ਼ਹਿਰ ਵਿੱਚ ਵਸਦੇ ਦਸਤਾਰਧਾਰੀ ਸਿੱਖ ਲਾਭ ਸਿੰਘ ਨੇ ਆਪਣੀ ਵੱਖਰੀ ਪਛਾਣ ਕਾਰਨ ਦਰਪੇਸ਼ ਮੁਸ਼ਕਲਾਂ ਅਤੇ ਕਿਸੇ ਸੰਭਾਵੀ ਨਸਲੀ ਵਿਤਕਰੇ ਦੇ ਮੱਦੇਨਜ਼ਰ ਸਮਾਜ ਸੇਵਾ ਦੇ ਸਿੱਖ ਸਿਧਾਂਤ ਨੂੰ ਅਮਲੀ ਰੂਪ ਦਿੰਦਿਆਂ ਸਿਰਫ਼ ਆਪਣੇ ਲਈ ਨਹੀਂ ਬਲਕਿ ਸਮੁੱਚੇ ਸਿੱਖ ਭਾਈਚਾਰੇ ਲਈ ਸਤਿਕਾਰਤ ਥਾਂ ਬਣਾ ਲਈ ਹੈ। ਲਾਭ ਸਿੰਘ ਗਿੱਲ ਪੰਜਾਬ ਸਰਕਾਰ ਦੀ ਇੰਜਨੀਅਰ ਦੀ ਨੌਕਰੀ ਤੋਂ ਰਿਟਾਇਰ ਹੋਣ ਤੋਂ ਬਾਅਦ 6 ਸਾਲ ਤਕ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿਚ ਘੁੰਮਦਾ ਰਿਹਾ ਅਤੇ ਉਸ ਨੂੰ ਸਿੱਖਾਂ ਦੀ ਪਛਾਣ ਦੇ ਭੁਲੇਖੇ ਪੈਣ ਦਾ ਮਸਲਾ ਹਰ ਥਾਂ ਦਰਪੇਸ਼ ਆਇਆ।
ਸਿੱਖ ਧਰਮ ਵਿਚ ਪਰਿਵਾਰ ਦੇ ਇਕੱਠੇ ਰਹਿਣ ਦੇ ਸਭਿਆਚਾਰ ਅਤੇ ਗੂੜ੍ਹੇ ਪਰਿਵਾਰਕ ਸਬੰਧਾਂ ਅਨੁਸਾਰ ਉਹ ਸੰਨ 2010 ਵਿਚ ਅਮਰੀਕਾ ਆਪਣੇ ਬੇਟੇ ਕੋਲ ਕਾਰਸਨ ਸਿਟੀ ਆ ਕੇ ਰਹਿਣ ਲੱਗਾ। ਕਾਰਸਨ ਸਿਟੀ, ਜੋ ਨੇਵਾਡਾ ਦੀ ਰਾਜਧਾਨੀ ਹੈ, ਵਿੱਚ ਸਿਰਫ 5-7 ਸਿੱਖ ਪਰਿਵਾਰ ਹੀ ਰਹਿੰਦੇ ਹਨ ਅਤੇ ਉਹ ਇਕੱਲਾ ਹੀ ਪੱਗ ਬੰਨਦਾ ਹੈ, ਜਿਸ ਕਰਕੇ ਸਥਾਨਕ ਲੋਕ ਉਸ ਨੂੰ ਅਚੰਭੇ ਨਾਲ ਦੇਖਦੇ ਸਨ। ਇੱਕ ਦਿਨ ਆਮ ਵਾਂਗ ਸੈਰ ਕਰਦਿਆਂ ਕਿਸੇ ਨੇ ਮੁਸਲਿਮ ਕਹਿ ਕੇ ਵਿਅੰਗ ਕੀਤਾ ਤਾਂ ਉਸ ਦੇ ਮਨ ਵਿਚ ਸਿੱਖਾਂ ਦੀ ਜਾਣ ਪਹਿਚਾਣ ਸਥਾਨਕ ਲੋਕਾਂ ਨੂੰ ਦਸਣ ਦਾ ਖਿਆਲ ਆਇਆ।
ਲਾਭ ਸਿੰਘ ਨੇ ਉਸ ਦਿਨ ਤੋਂ ਬਾਅਦ ਗੋਰਿਆਂ ਦੇ ਸੀਨੀਅਰ ਸੈਂਟਰ ਅਤੇ ਸਕੂਲਾਂ ਵਿਚ ਵਾਲੰਟੀਅਰ ਦੇ ਤੌਰ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਨਾਲ ਦੀ ਨਾਲ ਸਿੱਖਾਂ ਬਾਰੇ ਸਿੱਖ ਧਰਮ ਤੇ ਪੰਜਾਬੀ ਕਲਚਰ ਬਾਰੇ ਲੋਕਾਂ ਨੂੰ ਦਸਣਾ ਸ਼ੁਰੂ ਕੀਤਾ। ਉਸ ਨੇ ਗਿਰਜਾਘਰਾਂ, ਸਕੂਲਾਂ ਅਤੇ ਕਾਲਜਾਂ ਵਿਚ ਜਾ ਕੇ ਸਿੱਖਾਂ ਬਾਰੇ ਕੁਝ ਭਾਸ਼ਨ ਵੀ ਦਿੱਤੇ।
ਉਸ ਨੇ ਆਮ ਲੋਕਾਂ, ਜਿਹੜੇ ਹਰ ਪੱਗ ਵਾਲੇ ਨੂੰ ਮੁਸਲਮਾਨ ਹੀ ਸਮਝਦੇ ਸਨ, ਨੂੰ ਇਹ ਦਸਿਆ ਕਿ ਸਿੱਖ ਕੌਮ ਅਮਰੀਕਾ ਵਿਚ ਕਿੰਨੀ ਤਰੱਕੀ ਕਰ ਰਹੀ ਹੈ। ਸਿੱਖਾਂ ਦੇ ਸ਼ਾਂਤੀਪਸੰਦ ਸੁਭਾਅ ਵਾਲੇ, ਕਾਨੂੰਨ ਦੀ ਇਜ਼ਤ ਕਰਨ ਵਾਲੇ, ਇਕ ਰੱਬ ਨੂੰ ਮੰਨਣ ਵਾਲੇ, ਆਪਣੀ ਕਮਾਈ ਵਿਚੋਂ ਦਸਵੰਧ ਕਢਣ ਵਾਲੇ, ਕਿਰਤ ਕਰਕੇ ਖਾਣ ਵਾਲੇ ਲੋਕ ਹਨ।
ਲਾਭ ਸਿੰਘ ਗਿੱਲ ਨੇ ਸਿੱਖ ਧਰਮ ਦੇ ਮੁੱਢ, ਇਸ ਦੇ ਅਸੂਲਾਂ, ਸਭਨਾਂ ਨੂੰ ਬਰਾਬਰ ਮੰਨਣ ਅਤੇ ਆਪਣੇ ਧਰਮ ਅਸਥਾਨ ਗੁਰਦੁਆਰਿਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਹਰ ਇਕ ਨੂੰ ਗੁਰੂ ਘਰ ਜਾਣ ਦੀ ਖੁਲ੍ਹ ਅਤੇ ਮੁਫ਼ਤ ਲੰਗਰ ਦੀ ਪ੍ਰੰਪਰਾ ਬਾਰੇ ਸਥਾਨਕ ਲੋਕਾਂ ਨੂੰ ਦਸਿਆ।
ਲਾਭ ਸਿੰਘ ਗਿੱਲ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਉਸ ਦਾ ਇਰਾਦਾ ਕਿਸੇ ਨੂੰ ਆਪਣੇ ਧਰਮ ਵਿਚ ਲਿਆਉਣਾ ਜਾਂ ਜਬਰੀ ਧਰਮ ਪ੍ਰਚਾਰ ਕਰਨਾ ਨਹੀਂ। ਇਹ ਸਿੱਖਾਂ ਦੀ ਸਹੀ ਪਹਿਚਾਣ ਅਤੇ ਸਿੱਖਾਂ ਬਾਰੇ ਪੱਛਮੀ ਲੋਕਾਂ ਦੇ ਨਜ਼ਰੀਏ ਨੂੰ ਬਦਲਣ ਦਾ ਇਕ ਉਪਰਾਲਾ ਹੈ।
ਲਾਭ ਸਿੰਘ ਗਿੱਲ ਦੇ ਦੋ ਬੱਚਿਆਂ ਵਿਚੋਂ ਬੇਟਾ ਇੰਜਨੀਅਰ ਹੈ ਅਤੇ ਨੇਵਾਡਾ ਸਟੇਟ ਵਿਚ ਉਚ ਸਰਕਾਰੀ ਅਹੁਦੇ ‘ਤੇ ਕੰਮ ਕਰਦਾ ਹੈ। ਬੇਟੀ ਕੈਨੇਡਾ ਹੈ। ਨੂੰਹ ਕਾਰਸਨ ਸਿਟੀ ਕਾਲਜ ਵਿਚ ਟੀਚਰ ਹੈ। ਦੋ ਛੋਟੀਆਂ ਪੋਤੀਆਂ ਹਨ।
ਇਸ ਸ਼ਹਿਰ ਵਿੱਚ ਵਿਲੱਖਣ ਸਿੱਖ ਪਹਿਚਾਣ ਦਾ ਕੇਂਦਰ ਬਿੰਦੂ ਬਣੇ ਲਾਭ ਸਿੰਘ ਦੇ ਅੰਗਰੇਜ਼ ਦੋਸਤ ਮਿਤਰ ਅਕਸਰ ਉਸ ਦੇ ਘਰ ਆਉਂਦੇ ਰਹਿੰਦੇ ਹਨ, ਜਿਨ੍ਹਾਂ ਨੂੰ ਸਿੱਖ ਧਰਮ ਅਤੇ ਸਭਿਆਚਾਰ ਬਾਰੇ ਦਸਦਾ ਰਹਿੰਦਾ ਹੈ। ਸਥਾਨਕ ਲੋਕ ਉਸ ਨੂੰ ਪਿਆਰ ਅਤੇ ਸਤਿਕਾਰ ਕਰਦੇ ਹਨ। ਰੀਨੋ ਵਿਚ ਕੋਈ 150 ਪਰਿਵਾਰ ਸਿੱਖ ਵਸਦੇ ਹਨ ਅਤੇ ਉਥੇ ਇਕ ਗੁਰਦੁਆਰਾ ਵੀ ਹੈ ਜਿੱਥੇ ਹਰ ਹਫ਼ਤੇ ਦੀਵਾਨ ਸਜਦਾ ਹੈ।
ਪਿਛਲੇ ਲੰਮੇ ਸਮੇਂ ਤੋਂ ਅਮਰੀਕੀ ਸਮਾਜ ਵਿਚ ਵਲੰਟੀਅਰ ਦੇ ਤੌਰ ‘ਤੇ ਕੰਮ ਕਰਦੇ ਪੰਜਾਬੀ ਪਗੜੀਧਾਰੀ ਸਿੱਖ ਲਾਭ ਸਿੰਘ ਨਾਲ ਕਾਰਸਨ ਸਿਟੀ ਤੋਂ ਛਪਦੇ ਉਘੇ ਰੋਜ਼ਾਨਾ ਅੰਗਰੇਜੀ ਅਖ਼ਬਾਰ ‘ਨੇਵਾਡਾ ਅਪੀਲ’ (Nevada Appeal) ਵਲੋਂ ਇੰਟਰਵਿਊ ਦੇ ਆਧਾਰ ਉੱਤੇ ਵਿਸਥਾਰ ਵਿੱਚ ਖ਼ਬਰ ਛਾਪਣ ਬਾਅਦ ਰੀਨੋ ਗੁਰਦੁਆਰੇ ਦੇ ਸਕੱਤਰ ਅਮੋਲਕ ਸਿੰਘ ਪਵਾਰ ਅਤੇ ਪ੍ਰਬੰਧਕਾਂ ਵਲੋਂ ਹਫ਼ਤਾਵਾਰੀ ਦੀਵਾਨ ਵਿਚ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਗਿਆ ਅਤੇ ਸੰਗਤ ਵੱਲੋਂ ਲਾਭ ਸਿੰਘ ਗਿੱਲ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰੰਸ਼ਸਾ ਕੀਤੀ ਗਈ।