ਸਰਜੀਕਲ ਸਟਰਾਈਕ ਦੇ ਕਮਾਂਡਰ ਮੇਜਰ ਸੂਰੀ ਦਾ ਕੀਰਤੀ ਚੱਕਰ ਨਾਲ ਸਨਮਾਨ

0
325

ਕਾਰਪੋਰਲ ਗੁਰਸੇਵਕ ਸਿੰਘ ਨੂੰ ਮਰਨ ਪਿੱਛੋਂ ਸੂਰਿਆ ਚੱਕਰ ਨਾਲ ਸਨਮਾਨਿਆ

New Delhi: President Pranab Mukherjee, Prime Minister Narendra Modi, Defence Minister Arun Jaitley and others at a group Photograph with Gallantry awardees at Rastrapati Bhawan in New Delhi on Monday.PTI Photo(PTI3_20_2017_000270A)
ਕੈਪਸ਼ਨ-ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿੱਚ ਬਹਾਦਰੀ ਸਨਮਾਨ ਹਾਸਲ ਕਰਨ ਤੋਂ ਬਾਅਦ ਫ਼ੌਜੀ ਅਧਿਕਾਰੀ ਤੇ ਜਵਾਨ ਰਾਸ਼ਟਰਪਤੀ ਪ੍ਰਣਬ ਮੁਖਰਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਪਤਵੰਤਿਆਂ ਨਾਲ।

ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤੀ ਫ਼ੌਜ ਵੱਲੋਂ ਐਲਓਸੀ ਤੋਂ ਪਾਰ ਮਕਬੂਜ਼ਾ ਕਸ਼ਮੀਰ ਵਿੱਚ ਕੀਤੀ ਗਈ ਸਰਜੀਕਲ ਸਟਰਾਈਕ ਦੀ ਅਗਵਾਈ ਕਰਨ ਵਾਲੇ ਮੇਜਰ ਰੋਹਿਤ ਸੂਰੀ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅਮਨ ਦੇ ਦੌਰ ਦੇ ਦੂਜੇ ਸਭ ਤੋਂ ਵੱਡੇ ਫ਼ੌਜੀ ਐਵਾਰਡ ਕੀਰਤੀ ਚੱਕਰ ਨਾਲ ਸਨਮਾਨਤ ਕੀਤਾ। ਬੀਤੇ ਸਾਲ ਪਠਾਨਕੋਟ ਏਅਰਬੇਸ ਉਤੇ ਅਤਿਵਾਦੀ ਹਮਲੇ ਵਿੱਚ ਬਹਾਦਰੀ ਦਿਖਾਉਣ ਵਾਲੇ ਭਾਰਤੀ ਹਵਾਈ ਫ਼ੌਜ ਦੇ ਕਾਰਪੋਰਲ ਗੁਰਸੇਵਕ ਸਿੰਘ ਨੂੰ ਮਰਨ ਪਿੱਛੋਂ ਸੂਰਿਆ ਚੱਕਰ ਨਾਲ ਸਨਮਾਨਿਆ ਗਿਆ ਹੈ।
ਇਸੇ ਤਰ੍ਹਾਂ ਸੇਵਾ ਪੱਖੋਂ ਫ਼ੌਜ ਦੇ ਸਭ ਤੋਂ ਸੀਨੀਅਰ ਅਫ਼ਸਰ ਤੇ ਪੂਰਬੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਪ੍ਰਵੀਨ ਬਖ਼ਸ਼ੀ ਨੂੰ ਪਰਮ ਵਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਆ ਗਿਆ ਹੈ। ਇਹ ਬਹਾਦਰੀ ਸਨਮਾਨ ਰਾਸ਼ਟਰਪਤੀ ਭਵਨ ਵਿੱਚ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰਨਾਂ ਦੀ ਹਾਜ਼ਰੀ ਵਿੱਚ ਰਾਸ਼ਟਰਪਤੀ ਨੇ ਸੌਂਪੇ। ਵਾਈਸ ਐਡਮਿਰਲ ਗਿਰੀਸ਼ ਲੂਥਰਾ, ਵਾਈਸ ਐਡਮਿਰਲ ਹਰੀਸ਼ ਚੰਦਰ ਅਤੇ ਏਅਰ ਮਾਰਸ਼ਲ ਜਸਬੀਰ ਵਾਲੀਆ ਨੂੰ ਵੀ ਪਰਮ ਵਸ਼ਿਸ਼ਟ ਸੇਵਾ ਮੈਡਲ ਦਿੱਤੇ ਗਏ। ਨਾਇਬ ਸੂਬੇਦਾਰ ਵਿਜੇ ਕੁਮਾਰ ਨੂੰ ਦੋ ਦਹਿਸ਼ਤਗਰਦਾਂ ਦੇ ਖ਼ਾਤਮੇ ਲਈ ਸੂਰਿਆ ਚੱਕਰ ਦਿੱਤਾ ਗਿਆ। ਲੈਫਟੀਨੈਂਟ ਜਨਰਲ ਦੇਵਰਾਜ ਅੰਬੂ, ਲੈਫਟੀਨੈਂਟ ਜਨਰਲ ਅਭੈ ਕ੍ਰਿਸ਼ਨਾ ਤੇ ਲੈਫਟੀਨੈਂਟ ਜਨਰਲ ਰਾਜਿੰਦਰ ਨਿੰਭੋਰਕਰ ਨੂੰ ਉਤਮ ਯੁੱਧ ਸੇਵਾ ਮੈਡਲ, ਕੁੱਲ 22 ਅਧਿਕਾਰੀਆਂ ਨੂੰ ਅਤਿ ਵਿਸ਼ਿਸ਼ਟ ਸੇਵਾ ਮੈਡਲ ਤੇ 15 ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲਾਂ ਨਾਲ ਸਨਮਾਨਿਆ ਗਿਆ।