ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ : ਕੇਜਰੀਵਾਲ

0
487
punjab page;AAP Convener Arvind Kejriwal  addressing Media person in Amritsar on friday  .photo by vishal kumar
ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ। 

ਅੰਮ੍ਰਿਤਸਰ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਥੇ ਕਿਹਾ ਸ੍ਰੀ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਅਣਐਲਾਨੇ ਮੁੱਖ ਮੰਤਰੀ ਦੇ ਉਮੀਦਵਾਰ ਹਨ। ਉਹ ਪਹਿਲਾਂ ‘ਆਪ’ ਵਿੱਚ ਵੀ ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਇੱਛਾ ਲੈ ਕੇ ਸ਼ਾਮਲ ਹੋਣ ਆਏ ਸਨ ਪਰ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਉਨ੍ਹਾਂ ਰੱਦ  ਕਰ ਦਿੱਤਾ। ਉਨ੍ਹਾਂ ਆਖਿਆ ਕਿ ਹੁਣ ਸਾਰਿਆਂ ਨੂੰ ਭਲੀਭਾਂਤ ਪਤਾ ਹੈ ਕਿ ਸ੍ਰੀ ਸਿੱਧੂ ਦੀ  ਰਾਹੁਲ ਗਾਂਧੀ ਨਾਲ ਇਸੇ ਅਹੁਦੇ ਬਾਰੇ ਗੱਲਬਾਤ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰਾਹੁਲ  ਗਾਂਧੀ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਪਸੰਦ ਨਹੀਂ ਕਰਦੇ ਹਨ। ਇਸੇ ਲਈ ਕਾਂਗਰਸ ਵਿੱਚ ਸ੍ਰੀ ਸਿੱਧੂ ਨੂੰ ਲਿਆਂਦਾ ਗਿਆ ਹੈ।  ਇੱਥੇ ਪੱਤਰਕਾਰ ਸੰਮੇਲਨ ਦੌਰਾਨ ਸ੍ਰੀ ਕੇਜਰੀਵਾਲ ਨੇ ‘ਆਪ’ ਦੇ ਮੁੱਖ ਮੰਤਰੀ ਵਾਸਤੇ ਉਮੀਦਵਾਰ ਬਾਰੇ  ਪੁੱਛੇ ਜਾਣ ‘ਤੇ ਉਮੀਦਵਾਰ ਦੇ ਗੁਣਾਂ ਦਾ ਬਿਆਨ ਕੀਤਾ। ਉਨ੍ਹਾਂ  ਆਖਿਆ ਕਿ ‘ਆਪ’ ਦਾ ਮੁੱਖ ਮੰਤਰੀ ਸਵੇਰੇ 5:00 ਤੋਂ 10:00ਵਜੇ ਤੱਕ ਲੋਕਾਂ ਵਿੱਚ ਵਿਚਰਨ ਵਾਲਾ ਤੇ ਕੰਮ ਕਰਨ ਵਾਲਾ ਹੋਵੇਗਾ। ਕੈਪਟਨ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਆਖਿਆ ਕਿ ਉਸ ਦੇ  ਪਾਕਿਸਤਾਨ ਨਾਲ ਕੋਈ ਸਬੰਧ ਨਹੀਂ ਹੋਣਗੇ ਅਤੇ ਉਹ ਆਪਣੀ ਪਤਨੀ ਪ੍ਰਤੀ ਵਫਾਦਾਰ ਹੋਵੇਗਾ। ਉਸ ਦਾ ਸਵਿੱਸ ਬੈਂਕ ਵਿਚ ਕੋਈ ਖਾਤਾ ਨਹੀਂ ਹੋਵੇਗਾ, ਸਗੋਂ ਸਟੇਟ ਬੈਂਕ ਵਿੱਚ ਖਾਤਾ  ਹੋਵੇਗਾ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਘੇਰਦਿਆਂ ਉਨ੍ਹਾਂ ਆਖਿਆ ਕਿ ‘ਆਪ’ ਦੇ ਉਮੀਦਵਾਰ ਦੇ ਨਾ ਰੇਤ ਬਜਰੀ ਦੇ ਠੇਕੇ ਹੋਣਗੇ ਅਤੇ ਨਾ ਹੀ ਬੱਸਾਂ ਹੋਣਗੀਆਂ। ਇਸ ਮੌਕੇ ਸ੍ਰੀ ਕੇਜਰੀਵਾਲ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ‘ਆਪ’ ਸਰਕਾਰ ਬਣਨ ‘ਤੇ ਸਿਰਫ ਸੌ ਦਿਨਾਂ ਵਿੱਚ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇਗਾ ਅਤੇ ਉਸ ਮੁਤਾਬਕ ਤਨਖਾਹਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਵਾਅਦਾ ਕੀਤਾ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਕੇਂਦਰੀ ਕਰਮਚਾਰੀਆਂ ਤੋਂ ਵੀ ਵਧੇਰੇ ਗੱਫੇ ਦਿੱਤੇ ਜਾਣਗੇ। ਜਦੋਂ ਵੀ ਕੇਂਦਰ ਸਰਕਾਰ ਆਪਣੇ ਕਰਮਚਾਰੀਆਂ ਦੇ ਡੀਏ ਵਿੱਚ ਵਾਧਾ ਕਰੇਗੀ, ਉਸੇ ਤਰੀਕ ਤੋਂ ਪੰਜਾਬ ਦੇ ਕਰਮਚਾਰੀਆਂ ਨੂੰ ਵੀ ਡੀਏ ਵਿੱਚ ਵਾਧਾ ਮਿਲੇਗਾ। ਤਨਖਾਹਾਂ ਵੀ ਨਿਰਧਾਰਤ ਇੱਕ ਤਰੀਕ ਨੂੰ ਹੀ ਦਿੱਤੀਆਂ ਜਾਣਗੀਆਂ ਅਤੇ ਦੇਰ ਨਹੀਂ ਹੋਵੇਗੀ। ਸ੍ਰੀ ਕੇਜਰੀਵਾਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਪੰਜ ਸਵਾਲਾਂ ਦੇ ਜਵਾਬ ਪੁੱਛੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਰਹੇ ਹਨ ਅਤੇ ਗਲਤ ਵਾਅਦੇ ਕਰ ਰਹੇ ਹਨ। ਉਨ੍ਹਾਂ ਕੈਪਟਨ ਕੋਲੋਂ ਪੁੱਛਿਆ ਕਿ ਉਹ ਲੋਕਾਂ ਨੂੰ ਦੱਸਣ ਕਿ ਹਰ ਪਰਿਵਾਰ ਦੇ ਨੌਜਵਾਨ ਨੂੰ ਕਿਵੇਂ ਸਰਕਾਰੀ ਨੌਕਰੀ ਦੇਣਗੇ ਕਿਉਂਕਿ ਪੰਜਾਬ ਵਿੱਚ 60 ਲੱਖ ਪਰਿਵਾਰ ਜਦੋਂਕਿ ਪੰਜਾਬ ਵਿੱਚ ਸਿਰਫ 4 ਲੱਖ ਸਰਕਾਰੀ ਨੌਕਰੀਆਂ ਹਨ। ਉਹ 56 ਲੱਖ ਨੌਕਰੀਆਂ ਦਾ ਪ੍ਰਬੰਧ ਕਿਥੋਂ ਕਰਨਗੇ। ਦੂਜੇ ਸਵਾਲ ਰਾਹੀਂ ਉਨ੍ਹਾਂ ਪੁੱਛਿਆ ਕਿ ਕੈਪਟਨ ਇਹ ਦੱਸਣ ਕਿ 2002 ਵਿੱਚ ਸੱਤਾ ਸੰਭਾਲਣ ਮਗਰੋਂ ਸੂਬੇ ਵਿਚ ਸਰਕਾਰੀ ਨੌਕਰੀਆਂ ‘ਤੇ ਰੋਕ ਲਾ ਦਿੱਤੀ ਸੀ ਤਾਂ ਹੁਣ ਕਿਸ ਆਧਾਰ ‘ਤੇ ਲੋਕ ਉਨ੍ਹਾਂ ‘ਤੇ ਵਿਸ਼ਵਾਸ ਕਰਨ? ਉਨ੍ਹਾਂ ਕਾਂਗਰਸ ਮੁਖੀ ‘ਤੇ ਦੋਸ਼ ਲਾਇਆ ਕਿ ਉਹ ਝੂਠੇ ਵਾਅਦੇ ਕਰਕੇ ਸੱਤਾ ਉਤੇ ਕਾਬਜ਼ ਹੋਣਾ ਚਾਹੁੰਦੇ ਹਨ।