ਜਹਾਜ਼ ਵਿਚ ਨਸ਼ੇ ਦੀ ਹਾਲਤ ‘ਚ ਕਪਿਲ ਸ਼ਰਮਾ ਨੇ ਕੀਤੀ ਸੁਨੀਲ ਗਰੋਵਰ ਨਾਲ ਬਦਸਲੂਕੀ

0
349

kapil
ਮੈਲਬੌਰਨ/ਬਿਊਰੋ ਨਿਊਜ਼ :
ਹਾਸਰਸ ਕਲਾਕਾਰ ਕਪਿਲ ਸ਼ਰਮਾ, ਜੋ ਕਿ ਇਥੇ ਆਪਣੇ ਪ੍ਰੋਗਰਾਮ ਲਈ ਆਇਆ ਸੀ ਅਤੇ ਇਸ ਸ਼ੋਅ ਤੋਂ ਬਾਅਦ ਜਦੋਂ ਉਹ ਆਸਟ੍ਰੇਲੀਆ ਤੋਂ ਭਾਰਤ ਲਈ ਆਪਣੀ ਉਡਾਣ ਵਿਚ ਜਾ ਰਿਹਾ ਸੀ ਤਾਂ ਉਸ ਦੀ ਆਪਣੇ ਸਾਥੀ  ਕਲਾਕਾਰ ਸੁਨੀਲ ਗਰੋਵਰ ਨਾਲ ਜਹਾਜ਼ ਵਿਚ ਹੀ ਹੱਥੋਪਾਈ ਹੋ ਗਈ। ਇਕ ਅਖ਼ਬਾਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਪਿਲ ਸ਼ਰਮਾ ਉਸ ਸਮੇਂ ਸ਼ਰਾਬੀ ਹਾਲਤ ਵਿਚ ਸੀ। ਸਫ਼ਰ ਕਰ ਰਹੇ ਇਕ ਯਾਤਰੀ ਨੇ ਕਿਹਾ ਕਿ ਕਪਿਲ, ਸੁਨੀਲ ਉੱਪਰ ਟੁੱਟ ਪਏ ਤੇ ਕਾਫ਼ੀ ਬਦਸਲੂਕੀ ਕੀਤੀ। ਇਸ ਮੌਕੇ ਸੁਨੀਲ ਬਿਲਕੁਲ ਸ਼ਾਂਤ ਰਿਹਾ, ਪਰ ਕਪਿਲ ਹੋਰ ਵੀ ਜ਼ਿਆਦਾ ਬਦਸਲੂਕੀ ‘ਤੇ ਉਤਰ ਆਇਆ। ਇਸ ਸਮੇਂ ਹਵਾਈ ਜਹਾਜ਼ ਦੇ ਅਮਲੇ ਵੱਲੋਂ ਕਪਿਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਉਹ ਉਸ ਦੇ ਇਸ ਵਰਤਾਰੇ ਕਾਰਨ ਉਸ ਨੂੰ ਹੱਥਕੜੀ ਵੀ ਲਗਾਉਣਾ ਚਾਹੁੰਦੇ ਸਨ, ਕਿਉਂਕਿ ਉਹ ਕਾਬੂ ਵਿਚ ਨਹੀਂ ਸੀ ਆ ਰਿਹਾ। ਸੁਨੀਲ ਵੱਲੋਂ ਕਪਿਲ ਦੇ ਇਸ ਵਿਹਾਰ ਦੀ ਸਾਰੇ ਯਾਤਰੀਆਂ ਅਤੇ ਸਟਾਫ਼ ਤੋਂ ਮੁਆਫ਼ੀ ਮੰਗੀ ਗਈ। ਉਸ ਨੇ ਕਿਹਾ ਕਿ ਉਸ ਦਾ ਸਾਥੀ ਸ਼ਰਾਬੀ ਸੀ, ਜਿਸ ਕਾਰਨ ਉਸ ਨੇ ਅਜਿਹਾ ਕੀਤਾ ਹੈ। ਇਸੇ ਦੌਰਾਨ ਪਤਾ ਲੱਗਾ ਹੈ ਕਿ ਕਪਿਲ ਸ਼ਰਮਾ ਸ਼ੋਅ ਵਿਚ ਮਸ਼ਹੂਰ ਗੁਲਾਟੀ, ਰਿੰਕੂ ਭਾਵੜੀ ਤੇ ਹੋਰ ਕਈ ਕਿਰਦਾਰਾਂ ਨਾਲ ਮਸ਼ਹੂਰ ਸ਼ੋਅ ਦੇ ਕਲਾਕਾਰ ਸੁਨੀਲ ਗਰੋਵਰ ਇਸ ਪ੍ਰੋਗਰਾਮ ਨੂੰ ਛੱਡ ਚੁੱਕੇ ਹਨ। ਇਕ ਰਿਪੋਰਟ ਅਨੁਸਾਰ ਸੁਨੀਲ ਗਰੋਵਰ ਹੁਣ ਇਸ ਸ਼ੋਅ ਵਿਚ ਦੁਬਾਰਾ ਵਿਖਾਈ ਨਹੀਂ ਦੇਣਗੇ। ਉਹ ਹੁਣ ਇਹ ਸ਼ੋਅ ਛੱਡਣ ਜਾ ਰਹੇ ਹਨ।