ਹਰਿਆਣਾ ਵਿੱਚ ਜਾਟ ਅੰਦੋਲਨ ਫੇਰ ਤੋਂ ਸ਼ੁਰੂ

0
461

jaat-andolan
ਚੰਡੀਗੜ੍ਹ/ਬਿਊਰੋ ਨਿਊਜ਼ :
ਹਰਿਆਣਾ ਦੇ ਜਾਟਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਵੱਖ ਵੱਖ ਜ਼ਿਲਿ੍ਹਆਂ ਵਿਚ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਅੰਦੋਲਨ ਦਾ ਪਹਿਲਾ ਦਿਨ ਸ਼ਾਂਤਮਈ ਗੁਜ਼ਰ ਗਿਆ ਪਰ ਜਾਟਾਂ ਨੇ ਧਰਨੇ ਲਾ ਕੇ ਸੂਬਾ ਸਰਕਾਰ ਨੂੰ ਵਖ਼ਤ ਪਾ ਦਿੱਤਾ। ਹਰਿਆਣਾ ਪੁਲੀਸ ਨੇ ਹਾਲਾਤ ਨਾਲ ਨਜਿੱਠਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ ਅਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਅੰਦੋਲਨਕਾਰੀਆਂ ਨੇ ਲੋਕਾਂ ਨੂੰ ਨਾਲ ਜੋੜੀ ਰੱਖਣ ਲਈ ਲੰਗਰ ਲਾ ਦਿੱਤੇ ਹਨ। ਅੰਦੋਲਨਕਾਰੀਆਂ ਨੇ ਖਾਸ ਕਰ ਕੇ ਰੋਹਤਕ ਦੇ ਨਾਲ ਪੈਂਦੇ ਜਾਸੀਆ ਵਿੱਚ ਖਾਣ-ਪੀਣ ਦਾ ਪ੍ਰਬੰਧ ਕੀਤਾ ਹੋਇਆ ਹੈ। ਪਿਛਲੀ ਵਾਰ ਅੰਦੋਲਨ ਦੌਰਾਨ ਇਸੇ ਥਾਂ ’ਤੇ ਵੱਡਾ ਧਰਨਾ ਲਾਇਆ ਗਿਆ ਸੀ ਅਤੇ ਰੋਹਤਕ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਹਿੰਸਾ ਫੈਲੀ ਸੀ। ਪੁਲੀਸ ਵੱਲੋਂ ਅੰਦੋਲਨ ਵਿੱਚ ਹਿੱਸਾ ਲੈਣ ਵਾਲਿਆਂ ਦਾ ਪੂਰਾ ਰਿਕਾਰਡ ਰੱਖਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅੰਦੋਲਨ ਦੇ ਪਹਿਲੇ ਦਿਨ ਧਰਨਿਆਂ ਵਿੱਚ ਘੱਟ ਹੀ ਲੋਕ ਆਏ ਅਤੇ ਇਕ ਧੜਾ ਅੰਦੋਲਨ ਸ਼ੁਰੂ ਕਰਨ ਦਾ ਵਿਰੋਧ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਜਾਟ ਆਗੂ ਅਗਲੇ ਕੁਝ ਦਿਨਾਂ ਵਿੱਚ ਅੰਦੋਲਨ ਨੂੰ ਮਘਾਉਣ ਦੇ ਯਤਨ ਕਰਨਗੇ। ਦੂਜੇ ਪਾਸੇ ਸਰਕਾਰ ਅਤੇ ਅੰਦੋਲਨਕਾਰੀ ਜਾਟਾਂ ਦਰਮਿਆਨ ਇਕ ਗੇੜ ਦੀ ਗੱਲਬਾਤ ਹੋ ਚੁੱਕੀ ਹੈ। ਸਰਕਾਰ ਨੇ ਪਿਛਲੀ ਵਾਰ ਅੰਦੋਲਨ ਵਿੱਚ ਮਾਰੇ ਗਏ ਲੋਕਾਂ ਦੇ ਵਾਰਿਸਾਂ ਨੂੰ ਨੌਕਰੀਆਂ ਦੇਣ ਦਾ ਭਰੋਸਾ ਦਿੱਤਾ ਹੈ ਪਰ ਭਾਜਪਾ ਦੇ ਲੋਕ ਸਭਾ ਮੈਂਬਰ ਰਾਜ ਕੁਮਾਰ ਸੈਣੀ ਨੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਹੈ ਜਿਸ ਕਰ ਕੇ ਨੌਕਰੀਆਂ ਦੇਣ ਦੇ ਮੁੱਦੇ ਨੂੰ ਲੈ ਕੇ ਸ਼ੰਕੇ ਖੜ੍ਹੇ ਹੋ ਗਏ ਹਨ।