ਨੌਜਵਾਨ ਨੂੰ ਅਗਵਾ ਕਰਕੇ ਮਾਰਨ ਦੇ ਮਾਮਲੇ ਵਿੱਚ ਸਾਬਕਾ ਇੰਸਪੈਕਟਰ ਨੂੰ 24 ਸਾਲ ਬਾਅਦ ਕੈਦ

0
543

ਪਟਿਆਲਾ/ਬਿਊਰੋ ਨਿਊਜ਼ :
ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਹੋਠੀਆਂ ਦੇ ਇੱਕ ਨੌਜਵਾਨ ਨੂੰ ਅਗਵਾ ਕਰਕੇ ‘ਖਪਾਉਣ’ ਦੇ ਚੌਵੀ ਸਾਲ ਪੁਰਾਣੇ ਇੱਕ ਕੇਸ ਦਾ ਫ਼ੈਸਲਾ ਸੁਣਾਉਂਦਿਆਂ ਪਟਿਆਲਾ ਸਥਿਤ ਸੀਬੀਆਈ ਕੋਰਟ ਵੱਲੋਂ ਇੱਕ ਇੰਸਪੈਕਟਰ ਬਲਬੀਰ ਸਿੰਘ (ਸੇਵਾਮੁਕਤ) ਨੂੰ ਸੱਤ ਸਾਲਾਂ ਦੀ ਕੈਦ ਅਤੇ ਗਿਆਰਾਂ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।
ਕੇਸ ਫਾਈਲ ਅਨੁਸਾਰ ਇਸ ਪੁਲੀਸ ਅਧਿਕਾਰੀ ਵੱਲੋਂ ਨਿਰਮਲ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਹੋਠੀਆਂ ਨੂੰ ਉਸ ਵੇਲੇ ਅਗਵਾ ਕੀਤਾ ਸੀ, ਜਦੋਂ ਉਹ ਤਰਨ ਤਾਰਨ ਇਲਾਕੇ ਦੇ ਥਾਣਾ ਗੋਇੰਦਵਾਲ ਸਾਹਿਬ ਅਧੀਨ ਪੈਂਦੀ ਪੁਲੀਸ ਚੌਕੀ ਫਤਿਹਾਬਾਦ ਦੇ ਇੰਚਾਰਜ ਵਜੋਂ ਕਾਰਜਸ਼ੀਲ ਸੀ। 20/21 ਦਸੰਬਰ 1992 ਨੂੰ ਉਸ ਦੇ ਘਰੋਂ ਚੁੱਕੇ ਗਏ ਨਿਰਮਲ ਸਿੰਘ ਬਾਰੇ ਜਦੋਂ ਕੋਈ ਉੱਘ-ਸੁੱਘ ਨਾ ਨਿਕਲੀ ਤਾਂ ਦੋ ਸਾਲਾਂ ਬਾਅਦ 1995 ਵਿੱਚ ਉਸ ਦੇ ਇੱਕ ਪਰਿਵਾਰਕ ਮੈਂਬਰ ਵੱਲੋਂ ਪਟੀਸ਼ਨ ਦਾਇਰ ਕਰਕੇ ਇਹ ਮਾਮਲਾ ਹਾਈ ਕੋਰਟ ਦੇ  ਧਿਆਨ ਵਿੱਚ ਲਿਆਂਦਾ ਅਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਜਿਸ ‘ਤੇ ਹਾਈ ਕੋਰਟ ਵੱਲੋਂ ਸੀਬੀਆਈ ਨੂੰ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ। ਜਾਂਚ ਮੁਕੰਮਲ ਕਰਨ ਉਪਰੰਤ ਸੀ.ਬੀ.ਆਈ ਵੱੱਲੋਂ ਕੇਸ ਦਰਜ ਕੀਤਾ ਗਿਆ, ਜਿਸ ਤਹਿਤ ਪਟਿਆਲਾ ਸਥਿਤ ਸੀ.ਬੀ.ਆਈ. ਕੋਰਟ ਵਿੱਚ ਕੇਸ ਚੱਲਿਆ।