‘ਭਾਰਤ ਤੇ ਪਾਕਿਸਤਾਨ ਦਰਮਿਆਨ ਦੁਵੱਲੇ ਮਸਲੇ ਜੰਗ ਨਹੀਂ ਗੱਲਬਾਤ ਰਾਹੀਂ ਹੱਲ ਹੋਣ’

0
718

indo-pak-relations

ਫ਼ੋਕਲੋਰ ਰਿਸਰਚ ਅਕਾਦਮੀ ਵੱਲੋਂ ਕਰਵਾਏ ਪ੍ਰਭਾਵਸ਼ਾਲੀ ਸੈਮੀਨਾਰ ਦੌਰਾਨ ਅਹਿਮ ਵਿਚਾਰਾਂ
ਦੱਖਣੀ ਤੇ ਕੇਂਦਰੀ ਏਸ਼ੀਆਈ ਖਿੱਤੇ ‘ਚ ‘ਜੰਗ ਨਹੀਂ’ ਦਾ ਸਮਝੌਤਾ ਹੋਵੇ : ਇਮਤਿਆਜ਼ ਆਲਮ
ਭਾਰਤ ਕੁਝ ਜ਼ਰੂਰੀ ਵਿਭਾਗ ਆਪਣੇ ਕੋਲ ਰੱਖ ਕੇ ਕਸ਼ਮੀਰ ਨੂੰ ਖੁਦਮੁਖਤਿਆਰੀ ਦੇਵੇ : ਮਾਣਕ
ਅੰਮ੍ਰਿਤਸਰ/ਬਿਊਰੋ ਨਿਊਜ਼:
ਦੋਵਾਂ ਸਰਹੱਦੀ ਮੁਲਕਾਂ ਵਿਚਕਾਰ ਸੁਖਾਵੇਂ ਅਤੇ ਦੋਸਤਾਨਾ ਸਬੰਧਾਂ ਦੇ ਹਮਾਇਤੀ ਵਿਦਵਾਨਾਂ ਨੇ ਮੌਜੂਦਾ ਤਣਾਅ ਦੇ ਪੱਕੇ ਤੌਰ ਤੇ ਖਾਤਮੇ ਅਤੇ ਕਸ਼ਮੀਰ ਮਸਲੇ ਦੇ ਸਥਾਈ ਹੱਲ ਲਈ ਬਿਨਾਂ ਹੋਰ ਦੇਰੀ ਦੇ ਸੁਹਰਿਦਤਾ ਨਾਲ ਗੰਭੀਰ ਯਤਨ ਅਤੇ ਗੱਲਬਾਤ ਕਰਨ ਦਾ ਸੱਦਾ ਦਿੱਤਾ ਹੈ।
ਏਸ਼ਿਆਈ ਖਿੱਤੇ ਖਾਸਕਾਰ ਭਾਰਤ ਤੇ ਪਾਕਿਸਤਾਨ ਦਰਮਿਆਨ ਅਮਨ, ਸ਼ਾਂਤੀ ਤੇ ਭਾਈਚਾਰੇ ਲਈ ਯਤਨਸ਼ੀਲ ਸੰਸਥਾ ਫ਼ੋਕਲੋਰ ਰਿਸਰਚ ਅਕਾਦਮੀ ਵੱਲੋਂ ਲੰਘੇ ਐਤਵਾਰ ਸਥਾਨਕ ਵਿਰਸਾ ਵਿਹਾਰ ‘ਚ ‘ਭਾਰਤ ਪਾਕਿਸਤਾਨ ਵਿਵਾਦ : ਲੋਕਾਂ ਨੂੰ ਜਿਊਣ ਦਿਓ’ ਵਿਸ਼ੇ ‘ਤੇ ਕਰਵਾਏ ਪ੍ਰਭਾਵਸ਼ਾਲੀ ਸੈਮੀਨਾਰ ਦੌਰਾਨ ਵੱਖ-ਵੱਖ ਬੁਲਾਰਿਆਂ ਵੱਲੋਂ ਹਿੰਦ-ਪਾਕਿ ਮੁਲਕਾਂ ਦੀਆਂ ਸਰਕਾਰਾਂ ਨੂੰ ਕਸ਼ਮੀਰ, ਪਾਣੀਆਂ ਤੇ ਅੱਤਵਾਦ ਵਰਗੇ ਮਸਲਿਆਂ ਸਮੇਤ ਸਰਹੱਦਾਂ ‘ਤੇ ਅਣਐਲਾਨੇ ਯੁੱਧ ਵਰਗੇ ਹਾਲਾਤ ਤੇ ਸਮੁੱਚੇ ਦੱਖਣੀ ਏਸ਼ੀਆ ‘ਚੋਂ ਅੱਤਵਾਦ, ਧਾਰਮਿਕ ਅਸਹਿਣਸ਼ੀਲਤਾ ਤੇ ਬੇਭਰੋਸਗੀ ਖਤਮ ਕਰਨ ਤੇ ਲਾਈਨ ਆਫ ਕੰਟਰੋਲ ਦੇ ਆਰ-ਪਾਰ ਸੀਜ਼ਫਾਇਰ ਦੀ ਹੋ ਰਹੀ ਉਲੰਘਣਾ ਵਰਗੇ ਮਸਲੇ ਮਿਲ ਬੈਠ ਕੇ ਗੱਲਬਾਤ ਰਾਹੀਂ ਹੱਲ ਕਰਨ ਦੀ ਲੋੜ ਜ਼ੋਰ ਦਿੱਤਾ ਗਿਆ .
ਫੋਕਲੋਰ ਰਿਸਰਚ ਅਕਾਦਮੀ ਵੱਲੋਂ ਹਿੰਦ-ਪਾਕਿ ਦੋਸਤੀ ਮੰਚ, ਪੰਜਾਬ ਜਾਗਰਤੀ ਮੰਚ ਜਲੰਧਰ, ਵਿਰਸਾ ਵਿਹਾਰ ਅੰਮ੍ਰਿਤਸਰ ਤੇ ਸਾਫ਼ਮਾ ਦੇ ਸਹਿਯੋਗ ਨਾਲ ਕਰਵਾਏ ਸੈਮੀਨਾਰ ‘ਚ ਪਾਕਿਸਤਾਨ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਸਾਊਥ ਏਸ਼ੀਆ ਫ੍ਰੀ ਮੀਡੀਆ ਐਸੋਸੀਏਸ਼ਨ (ਸਾਫ਼ਮਾ) ਦੇ ਸਕੱਤਰ ਜਨਰਲ ਜਨਾਬ ਇਮਤਿਆਜ਼ ਆਲਮ ਨੇ ਕਿਹਾ ਕਿ ਦੱਖਣੀ ਏਸ਼ੀਆ ਤੇ ਕੇਂਦਰੀ ਏਸ਼ੀਆ ਦੇ ਮੁਲਕਾਂ ਵੱਲੋਂ ਖਿੱਤੇ ਦੀ ਸੁੱਰਖਿਆ ਲਈ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨਾ ਕਰਨ ਤੇ ‘ਜੰਗ ਨਹੀਂ’ ਦਾ ਸਮਝੌਤਾ ਸਹੀਬਧ ਕੀਤਾ ਜਾਣਾ ਚਾਹੀਦਾ ਹੈ ਤੇ ਭਾਰਤ, ਪਾਕਿਸਤਾਨ, ਚੀਨ, ਰੂਸ ਤੇ ਹੋਰ ਏਸ਼ੀਆਈ ਮੁਲਕਾਂ ਨੂੰ ਅਫਗਾਨਿਸਤਾਨ ਸਮੇਤ ਇਸ ਖਿੱਤੇ ‘ਚ ਸਦੀਵੀ ਅਮਨ ਸ਼ਾਂਤੀ ਲਈ ਸਾਂਝੇ ਤੌਰ ‘ਤੇ ਕੋਸਕਿਰਨੀਆਂ ਚਾਹੀਦੀਆਂ ਹਨ .
ਉਨ੍ਹਾਂ ਜੰਮੂ ਕਸ਼ਮੀਰ ਸਰਹੱਦ ਦੇ ਆਰ-ਪਾਰ ਸੀਜ਼ਫਾਇਰ ਦੀ ਨਿਤ ਦਿਨ ਹੋ ਰਹੀ ਉਲੰਘਣਾ ਕਾਰਨ ਦੋਵੇਂ ਪਾਸੇ ਪੰਜ-ਪੰਜ ਕਿਲੋਮੀਟਰ ਦੇ ਸਰਹੱਦੀ ਖੇਤਰ ‘ਚ ਗੋਲੀਬਾਰੀ ਕਾਰਨ ਮਾਰੇ ਜਾ ਰਹੇ ਨਿਰਦੋਸ਼ ਲੋਕਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਤੇ ਪਾਕਿਸਤਾਨ ਨੂੰ ਆਪਸੀ ਗੱਲਬਾਤ ਰਾਹੀਂ ਕਸ਼ਮੀਰ, ਪਾਣੀ ਤੇ ਅੱਤਵਾਦ ਵਰਗੇ ਗੰਭੀਰ ਮਸਲਿਆਂ ਨੂੰ ਹੱਲ ਕਰਕੇ ਵਪਾਰਕ ਸਾਂਝ ਤੇ ਵੀਜ਼ੇ ਦੀਆਂ ਸ਼ਰਤਾਂ ਨੂੰ ਨਰਮ ਕਰਨ ਤਾਂ ਕਿ ਦੋਵਾਂ ਦੇਸ਼ਾਂ ਦੇ ਜੰਗੀ ਹਾਲਤਾਂ ‘ਚ ਜੀਵਨ ਬਸਰ ਕਰ ਰਹੇ ਸਰਹੱਦੀ ਲੋਕ ਅਮਨ ਸ਼ਾਂਤੀ ਨਾਲ ਰਹਿ ਸਕਣ .
ਇਸ ਮੌਕੇ ਹਿੰਦ-ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਤੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਕਾਰਜਕਾਰੀ ਸੰਪਾਦਕ ਰੋਜ਼ਾਨਾ ਅਜੀਤ’ ਨੇ ਕਿਹਾ ਕਿ ਭਾਰਤ ਪਾਕਿਸਤਾਨ ਦਰਮਿਆਨ ਦੁਵੱਲੇ ਮਸਲਿਆਂ ਦਾ ਹੱਲ ਜੰਗ ਨਹੀਂ ਬਲਕਿ ਸਾਰੇ ਮਸਲੇ ਗੱਲਬਾਤ ਰਾਹੀਂ ਹੀ ਮਿਲ ਬੈਠ ਕੇ ਹੱਲ ਕਰਨੇ ਚਾਹੀਦੇ ਹਨ  ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਗੁੰਝਲਦਾਰ ਮਸਲੇ ਦੇ ਸਦੀਵੀ ਹੱਲ ਲਈ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਆਪੋ ਆਪਣੇ ਵਾਲੇ ਪਾਸੇ ਦੇ ਕਸ਼ਮੀਰ ਨੂੰ ਖੁਦਮੁਖਤਿਆਰੀ ਦੇਣੀ ਚਾਹੀਦੀ ਹੈ ਤੇ ਭਾਰਤ ਨੂੰ ਵੀ ਚਾਹੀਦਾ ਹੈ ਕਿ ਕੁਝ ਜ਼ਰੂਰੀ ਵਿਭਾਗ ਆਪਣੇ ਕੋਲ ਰੱਖ ਕੇ ਕਸ਼ਮੀਰ ਨੂੰ ਖੁਦਮੁਖਤਿਆਰੀ ਦੇਣੀ ਚਾਹੀਦੀ ਹੈ .
ਸਤਨਾਮ ਮਾਣਕ ਦਾ ਕਹਿਣਾ ਸੀ ਕਿ ਦੋਵਾਂ ਦੇਸ਼ਾਂ ਦੇ ਚੈਨਲਾਂ ਤੋਂ ਰਾਜਨੀਤਕ ਲੋਕਾਂ, ਅਖੌਤੀ ਬੁੱਧੀਜੀਵੀਆਂ ਤੇ ਕੱਟੜਵਾਦੀਆਂ ਵੱਲੋਂ ਇਕ ਦੂਜੇ ਦੇਸ਼ ਖਿਲਾਫ ਜ਼ਹਿਰ ਉਗਲ ਕੇ ਭੜਕਾਹਟ ਪੈਦਾ ਕਰਨ ਵਾਲਾ ਵਰਤਾਰਾ ਬੰਦ ਹੋਣਾ ਚਾਹੀਦਾ ਹੈ ਤੇ ਦੋਵਾਂ ਮੁਲਕਾਂ ਨੂੰ ਸਰਹੱਦੀ ਤਣਾਅ ਘੱਟ ਕਰਨ ਲਈ ਦੋਵੇਂ ਪਾਸੇ ਅੱਤਵਾਦ ਨੂੰ ਨੱਥ ਪਾਉਣ ਲਈ ਯਤਨ ਕਰਨੇ ਚਾਹੀਦੇ ਹਨ .
ਜੰਮੂ ਕਸ਼ਮੀਰ ਦੇ ਸਾਬਕਾ ਸੰਸਦ ਮੈਂਬਰ ਏ.ਆਰ. ਸ਼ਾਹੀਨ ਨੇ ਕਿਹਾ ਕਿ ਕਸ਼ਮੀਰ ਦੇ ਲੋਕ ਅੱਤਵਾਦ ਤੇ ਯੁੱਧ ਦੇ ਹਾਲਾਤ ਤੋਂ ਬਹੁਤ ਤੰਗ ਹਨ ਤੇ ਚੱਕੀ ਦੇ ਦੋ ਪੁੜਾਂ ‘ਚ ਪਿਸ ਰਹੇ ਹਨ । ਸਰਹੱਦ ‘ਤੇ ਜੰਗ ਵਰਗੇ ਹਾਲਾਤ ਪੈਦਾ ਹੋਣ ਕਾਰਨ ਲੋਕਾਂ ਦੇ ਘਰ ਬਾਰ ਉਜੜ ਰਹੇ ਹਨ . ਉਨ੍ਹਾਂ ਕਿਹਾ ਕਸ਼ਮੀਰ ਮਸਲੇ ਦਾ ਹੱਲ ਕਿਸੇ ਹੋਰ ਕੋਲ ਨਹੀਂ ਹੈ ਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੇ ਹਿੱਤ ਤੇ ਕਸ਼ਮੀਰ ‘ਚ ਸਦੀਵੀ ਅਮਨ ਤੇ ਸ਼ਾਂਤੀ ਲਈ ਗੱਲਬਾਤ ਦਾ ਰਸਤਾ ਅਪਨਾਉਣ .
ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਕਿਹਾ ਕਿ ਜੰਮੂ-ਕਸ਼ਮੀਰ ਸਰਹੱਦ ‘ਤੇ ਦੋਵੇਂ ਪਾਸਿਓਂ ਫੌਜੀ ਬੰਦੂਕਾਂ ਦੇ ਮੂੰਹ ਖੁੱਲ੍ਹੇ ਹੋਏ ਹਨ ਤੇ  ਹਰ ਰੋਜ਼ ਮਾਸੂਮ ਲੋਕਾਂ ਦੀਆਂ ਲਾਸ਼ਾਂ ਘਰਾਂ ਨੂੰ ਭੇਜੀਆਂ ਜਾ ਰਹੀਆਂ ਹਨ । ਇਹ ਇਹ ਵਰਤਾਰਾ ਬੰਦ ਹੋਣਾ ਚਾਹੀਦਾ ਹੈ .
ਪ੍ਰੋ: ਬਾਵਾ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਨੇ ਕਸ਼ਮੀਰ ‘ਚ ਅਮਨ ਤੇ ਸ਼ਾਂਤੀ ਵਾਲੇ ਹਾਲਾਤ ਪੈਦਾ ਕਰਨ ਲਈ ਸਾਰੀਆਂ ਅਮਨ ਪਸੰਦ ਜਥੇਬੰਦੀਆਂ ਨੂੰ ਲੱਖ ਰੁਕਾਵਟਾਂ ਦੇ ਬਾਵਜੂਦ ਨਿਰੰਤਰ ਯਤਨ ਜਾਰੀ ਰੱਖਣ ਦੀ ਅਪੀਲ ਕੀਤੀ .
ਇਸ ਮੌਕੇ ਸੀਨੀਅਰ ਪੱਤਰਕਾਰ ਤੇ ਸਾਫ਼ਮਾ ਦੇ ਆਗੂ ਪੀ.ਐਨ. ਉਨਿਆਲ, ਸੋਹਣ ਸਿੰਘ ਸਲੇਮਪੁਰਾ, ਗੁਰਦੇਵ ਸਿੰਘ ਮਹਿਲਾਂਵਾਲਾ, ਰੰਜੀਵ ਸ਼ਰਮਾ, ਸਤੀਸ਼ ਝੀਂਗਣ, ਕੁਲਦੀਪ ਧਾਲੀਵਾਲ, ਕਾਮਰੇਡ ਅਮਰਜੀਤ ਆਸਲ, ਰਤਨ ਸਿੰਘ ਰੰਧਾਵਾ, ਚਰਨਜੀਤ ਸਿੰਘ ਨਾਭਾ, ਪ੍ਰੋ. ਕੁਲਦੀਪ ਸਿੰਘ, ਐਸ. ਪ੍ਰਸ਼ੋਤਮ, ਦਿਲਬਾਗ ਸਰਕਾਰੀਆ, ਪ੍ਰੋ.ਇੰਦਰਾ ਵਿਰਕ, ਭੁਪਿੰਦਰ ਸਿੰਘ ਸੰਧੂ, ਰਜਿੰਦਰ ਰੂਬੀ, ਕਿਰਨ ਵਿਜ, ਇਕਬਾਲ ਕੌਰ ਸਾਦ, ਰਾਜਵੰਤ ਕੌਰ, ਪਿਝੰ: ਸੁਨੀਤਾ ਬਾਬੂ, ਡਾ. ਸਿੱਧੂ, ਗੁਰਜਿੰਦਰ ਸਿੰਘ ਬਘਿਆੜੀ ਤੇ ਜਤਿੰਦਰ ਸਫ਼ਰੀ ਸਮੇਤ ਵੱਡੀ ਗਿਣਤੀ ‘ਚ ਵਿਦਵਾਨ ਤੇ ਲੇਖਕ ਹਾਜ਼ਰ ਸਨ ।