ਅਮਰੀਕਾ ਵਿਚ ਪੜ੍ਹ ਰਹੇ ਹਨ 2.06 ਲੱਖ ਭਾਰਤੀ

0
660

indian-students-usa
ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕੀ ਇਮੀਗਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ (ਆਈਸੀਈ) ਵੱਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ 2.06 ਲੱਖ ਦੇ ਕਰੀਬ ਭਾਰਤੀ ਅਮਰੀਕਾ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਤੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਦਾਖ਼ਲ ਹਨ ਤੇ ਇਹ ਵਾਧਾ 14 ਫੀਸਦ ਤੋਂ ਵੱਧ ਹੈ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਵਿਗਿਆਨ ਤਕਨੀਕ ਇੰਜਨੀਅਰਿੰਗ ਤੇ ਗਣਿਤ (ਐਸਟੀਈਐਮ) ਕੋਰਸਾਂ ਦੀ ਪੜ੍ਹਾਈ ਕਰ ਰਹੇ ਹਨ।
ਬੀਤੇ ਦਿਨ ਜਾਰੀ ਇਸ ਰਿਪੋਰਟ ਮੁਤਾਬਕ ਪਿਛਲੇ ਮਹੀਨੇ (ਨਵੰਬਰ 2016) ਤਕ ਅਮਰੀਕਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ 1.23 ਕਰੋੜ ਸੀ, ਜੋ ਅਮਰੀਕਾ ਦੇ ਐਫ਼ (ਅਕਾਦਮਿਕ) ਜਾਂ ਐਮ (ਵੋਕੇਸ਼ਨਲ) ਸਟੇਟਸ ਤਹਿਤ ਅਮਰੀਕਾ ਦੇ 8697 ਸਕੂਲਾਂ ਵਿੱਚ ਪੜ੍ਹ ਰਹੇ ਹਨ। ਇਸ ਸੂਚੀ ਵਿੱਚ ਨਵੰਬਰ 2015 ਤੋਂ 3,78,986 ਵਿਦਿਆਰਥੀਆਂ ਭਾਵ 5.2 ਫੀਸਦ ਦੇ ਵਾਧੇ ਨਾਲ ਚੀਨ ‘ਤੇ ਸਿਖਰ ਹੈ। ਚੀਨ ਤੋਂ ਬਾਅਦ 2,06,582 ਦੇ ਅੰਕੜੇ ਨਾਲ ਦੂਜਾ ਨੰਬਰ ਭਾਰਤ ਦਾ ਹੈ, ਪਰ 14.1 ਫੀਸਦ ਦੀ ਵਿਕਾਸ ਦਰ ਨਾਲ ਭਾਰਤ, ਚੀਨ ਤੋਂ ਕਿਤੇ ਅੱਗੇ ਹੈ।
ਹੋਰਨਾਂ ਏਸ਼ਿਆਈ ਮੁਲਕਾਂ ਵਿਚੋਂ ਸਾਊਦੀ ਅਰਬ ਦੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਸਭ ਤੋਂ ਵੱਧ 20 ਫੀਸਦ ਦਾ ਇਜ਼ਾਫਾ ਹੋਇਆ ਹੈ। ਮੁਲਕ ਦੇ 62,077 ਵਿਦਿਆਰਥੀਆਂ ਨੇ ਅਮਰੀਕੀ ਸਕੂਲਾਂ ਵਿਚ ਦਾਖ਼ਲੇ ਲਏ ਹਨ। ਰਿਪੋਰਟ ਮੁਤਾਬਕ ਪਿਛਲੇ ਇਕ ਸਾਲ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਪਿਛਲੇ ਸਾਲ ਦੀ ਨਿਸਬਤ 2.9 ਫੀਸਦ ਦਾ ਵਾਧਾ ਹੋਇਆ ਹੈ। ਹਾਲਾਂਕਿ ਇਸੇ ਅਰਸੇ ਦੌਰਾਨ ਮਾਨਤਾ ਪ੍ਰਾਪਤ ਸਕੂਲਾਂ ਦੀ ਗਿਣਤੀ ਇਕ ਫ਼ੀਸਦ ਦੇ ਕਰੀਬ ਘਟੀ ਹੈ। ਵਿਦੇਸ਼ੀ ਵਿਦਿਆਰਥੀਆਂ ਦੀ ਦਾਖਲੇ ਪੱਖੋਂ ਗਿਣਤੀ ਵਿੱਚ ਕੈਲੀਫੋਰਨੀਆ, ਨਿਊਯਾਰਕ ਤੇ ਟੈਕਸਸ ਮੋਹਰੀ ਰਹੇ ਹਨ। ਕੌਮਾਂਤਰੀ ਵਿਦਿਆਰਥੀਆਂ ਨੇ ਇਨ੍ਹਾਂ ਸੂਬਿਆਂ ਵਿਚ ਹੋਰਨਾਂ ਖੇਤਰਾਂ ਦੀ ਥਾਂ ਬਿਜ਼ਨਸ ਤੇ ਇੰਜਨੀਅਰਿੰਗ ਦੀ ਸਿੱਖਿਆ ਲੈਣ ਨੂੰ ਮੁੱਖ ਤਰਜੀਹ ਦਿੱਤੀ। ਕੌਮਾਂਤਰੀ ਵਿਦਿਆਰਥੀਆਂ ਵਿਚੋਂ 47 ਫੀਸਦ ਏਸ਼ੀਆ ਨਾਲ ਸਬੰਧਤ ਹਨ।