ਹੌਲਦਾਰ ਦੀ ਕੁੱਟਮਾਰ ਦੇ ਮਾਮਲੇ ਵਿਚ ਲੱਖਾ ਸਮੇਤ ਚਾਰ ਜਣੇ ਗ੍ਰਿਫ਼ਤਾਰ

0
1050

head-police-bhatinda-akali
ਬਠਿੰਡਾ/ਬਿਊਰੋ ਨਿਊਜ਼ :
ਬਠਿੰਡਾ ਪੁਲੀਸ ਨੇ ਹੌਲਦਾਰ ਕਾਂਡ ਦੇ ਮੁੱਖ ਮੁਲਜ਼ਮ ਲਖਵਿੰਦਰ ਸਿੰਘ ਉਰਫ ਲੱਖਾ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਅਕਾਲੀ ਸਰਪੰਚ ਜਗਦੇਵ ਸਿੰਘ ਤੇ ਉਸ ਦਾ ਸੀਰੀ ਬੋਘੜ ਸਿੰਘ ਪਹਿਲਾਂ ਹੀ ਗ੍ਰਿਫ਼ਤਾਰ ਹਨ। ਪਿੰਡ ਵਿਰਕ ਕਲਾਂ ਵਿੱਚ 9 ਦਸੰਬਰ ਦੀ ਸ਼ਾਮ ਨੂੰ ਹੌਲਦਾਰ ਮਲਕੀਤ ਸਿੰਘ ਦੀ ਅਕਾਲੀ ਸਰਪੰਚ ਦੇ ਲੜਕੇ ਲੱਖਾ ਤੇ ਸੀਰੀ ਬੋਘੜ ਸਿੰਘ ਨੇ ਕੁੱਟਮਾਰ ਕੀਤੀ ਸੀ ਅਤੇ ਉਸ ਨੂੰ ਅਰਧ ਨਗਨ ਹਾਲਤ ਵਿੱਚ ਟਰਾਲੀ ਵਿੱਚ ਬਿਠਾ ਕੇ ਪਿੰਡ ਵਿੱਚ ਘੁਮਾਇਆ ਸੀ।
ਵੇਰਵਿਆਂ ਅਨੁਸਾਰ ਪੁਲੀਸ ਨੇ ਲੱਖਾ ਤੋਂ ਇਲਾਵਾ ਰਾਜਸਥਾਨ ਦੇ ਪਿੰਡ ਲੀਲਾਵਾਲੀ ਦੇ ਸੁਖਵਿੰਦਰ ਸਿੰਘ, ਵਿਰਕ ਖੁਰਦ ਦੇ ਸਤਨਾਮ ਸਿੰਘ ਅਤੇ ਰਾਜਗੜ੍ਹ ਕੁੱਬੇ ਦੇ ਨੌਜਵਾਨ ਜਗਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰ ਦੱਸਦੇ ਹਨ ਕਿ ਪੁਲੀਸ ਨੇ ਪਿੰਡ ਲੀਲਾਵਾਲੀ ਤੋਂ ਲੱਖਾ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਇਨ੍ਹਾਂ ਦੀ ਗ੍ਰਿਫ਼ਤਾਰੀ ਸੰਗਤ ਮੰਡੀ ਲਾਗਿਓਂ ਕੀਤੀ ਦੱਸੀ ਜਾ ਰਹੀ ਹੈ। ਪੁਲੀਸ ਨੇ ਇਨ੍ਹਾਂ ਤੋਂ ਸਵਿਫਟ ਕਾਰ ਵੀ ਬਰਾਮਦ ਕੀਤੀ ਹੈ। ਜਗਜੀਤ ਸਿੰਘ ਨੇ ਲੱਖੇ ਦੀ ਫਰਾਰ ਹੋਣ ਵਿੱਚ ਮਦਦ ਕੀਤੀ ਸੀ, ਜਦੋਂ ਕਿ ਸਤਨਾਮ ਸਿੰਘ ਨੇ ਵਾਰਦਾਤ ਵਾਲੀ ਟਰਾਲੀ ਇੱਧਰ-ਉਧਰ ਕੀਤੀ ਸੀ। ਸੁਖਵਿੰਦਰ ਸਿੰਘ ਨੇ ਲੱਖੇ ਨੂੰ ਪਨਾਹ ਦਿੱਤੀ ਸੀ।