ਗੁਰਸਿੱਖ ਨੂੰ ਥਾਣੇ ‘ਚ ਨਿਰਵਸਤਰ ਕਰਕੇ ਵੀਡੀਓ ਬਣਾਉਣ ਵਿਰੁੱਧ ਭਾਈਰੂਪਾ ਵਿੱਚ ਰੋਸ ਮੁਜ਼ਾਹਰਾ

0
472

gurshik-vedio
ਕੈਪਸ਼ਨ : ਪਿੰਡ ਭਾਈਰੂਪਾ ਵਿਚ ਲੋਕ ਅਸ਼ਲੀਲ ਵੀਡੀਓ ਬਣਾਏ ਜਾਣ ਖਿਲਾਫ ਰੋਸ ਮੁਜ਼ਾਹਰਾ ਕਰਦੇ ਹੋਏ।
ਬਠਿੰਡਾ/ਬਿਊਰੋ ਨਿਊਜ਼:
ਬਠਿੰਡਾ ਪੁਲੀਸ ਵਲੋਂ ਪਿੰਡ ਭਾਈਰੂਪਾ ਦੇ ਇੱਕ ਗੁਰਸਿੱਖ ਵਿਅਕਤੀ ਨੂੰ ਥਾਣਾ ਫੂਲ ‘ਚ ਅਲਫ ਨੰਗਾ ਕਰਕੇ ਵੀਡੀਓ ਜਾਣ ਦਾ ਮਾਮਲਾ ਬੇਪਰਦ ਹੋਇਆ ਹੈ। ਪਿੰਡ ਭਾਈਰੂਪਾ ਦੀ ਲੰਗਰ ਕਮੇਟੀ ਦੇ ਆਗੂ ਧਰਮ ਸਿੰਘ ਵਲੋਂ ਕਰੀਬ ਇੱਕ ਵਰ੍ਹੇ ਤੋਂ ਪੁਲੀਸ ਥਾਣੇਦਾਰ ਵੱਲੋਂ ਦਿੱਤੀ ਜ਼ਲਾਲਤ ਸਬੰਧੀ ਦੁਹਾਈ ਦਿੱਤੀ ਜਾ ਰਹੀ ਸੀ ਪ੍ਰੰਤੂ ਕਿਤੇ ਪੁਲੀਸ ਕੋਲ ਸੁਣਵਾਈ ਨਾ ਹੋਈ। ਹੁਣ ਅਚਾਨਕ ਜਦੋਂ ਇਸ ਗੁਰਸਿੱਖ ਦੀ ਸੋਸ਼ਲ ਮੀਡੀਆ ‘ਤੇ ਵੀਡੀਓ ਵਾਈਰਲ ਹੋ ਗਈ ਤਾਂ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਮਾਮਲੇ ਨੂੰ ਲੈ ਕੇ ਅੱਜ ਪਿੰਡ ਭਾਈਰੂਪਾ ਦੇ ਲੋਕਾਂ ਨੇ ਰੋਸ ਮੁਜ਼ਾਹਰਾ ਕੀਤਾ ਹੈ। ਲੰਗਰ ਕਮੇਟੀ ਦੇ ਆਗੂਆਂ ਦਾ ਕਹਿਣਾ ਸੀ ਕਿ ਪੁਲੀਸ ਨੇ ਇੱਕ ਜਥੇਦਾਰ ਨਾਲ ਮਿਲ ਕੇ ਇਸ ਵਿਅਕਤੀ ਨੂੰ ਜ਼ਲੀਲ ਕੀਤਾ ਹੈ। ਭਾਈਰੂਪਾ ਦੇ ਵਸਨੀਕ ਧਰਮ ਸਿੰਘ ਖਾਲਸਾ ਨੇ ਅੱਜ ਐਸ.ਐਸ.ਪੀ ਬਠਿੰਡਾ ਨੂੰ ਲਿਖਤੀ ਦਰਖਾਸਤ ਦੇ ਕੇ ਆਖਿਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸਤਨਾਮ ਸਿੰੰਘ ਭਾਈਰੂਪਾ ਦੇ ਪੋਤਰੇ ਵਲੋਂ ਕਥਿਤ ਤੌਰ ‘ਤੇ ਉਸ ਦੀ ਅਸ਼ਲੀਲ ਵੀਡੀਓ ਵਾਈਰਲ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸਤਨਾਮ ਸਿੰਘ ਭਾਈਰੂਪਾ ਦਾ ਕਹਿਣਾ ਸੀ ਕਿ ਧਰਮ ਸਿੰਘ ਖ਼ਾਲਸੇ ਨੇ ਸਿਆਸੀ ਰੰਜ਼ਿਸ਼ ਤਹਿਤ ਪਹਿਲਾਂ ਉਨ੍ਹਾਂ ਦੇ ਲੜਕੇ ‘ਤੇ ਲੜਾਈ ਝਗੜੇ ਦਾ ਝੂਠਾ ਕੇਸ ਦਰਜ ਕਰਾਇਆ ਹੈ ਅਤੇ ਹੁਣ ਉਸ ਦੇ ਪਰਿਵਾਰ ਨੂੰ ਬਦਨਾਮ ਕਰਨ ਲਈ ਇਹ ਇਲਜ਼ਾਮ ਲਾਏ ਜਾ ਰਹੇ ਹਨ।
ਵੇਰਵਿਆਂ ਅਨੁਸਾਰ ਪਿੰਡ ਭਾਈਰੂਪਾ ਵਿਚ ਲੰਗਰ ਕਮੇਟੀ ਦੇ ਵਿਵਾਦ ਦੌਰਾਨ 17 ਨਵੰਬਰ 2015 ਨੂੰ ਪੁਲੀਸ ਨੇ ਧਰਮ ਸਿੰਘ ਖਾਲਸਾ, ਸੁਖਦੇਵ ਸਿੰਘ, ਗੁਰਚਰਨ ਸਿੰਘ,ਦਰਸ਼ਨ ਕਿੰਗਰਾ ਵਗੈਰਾ ਨੂੰ ਧਾਰਾ 107,151 ਤਹਿਤ ਥਾਣਾ ਫੂਲ ਬੰਦ ਕੀਤਾ ਅਤੇ ਇਹ ਆਗੂ 18 ਦਿਨ ਜੇਲ੍ਹ ਵਿਚ ਬੰਦ ਰਹੇ। ਧਰਮ ਸਿੰਘ ਖਾਲਸਾ ਦੇ ਲੜਕੇ ਗੁਰਪਿੰਦਰ ਸਿੰਘ ਨੇ ਉਦੋਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਸੀ ਕਿ ਉਸ ਦੇ ਬਾਪ ਦੀ ਥਾਣੇ ਵਿਚ ਅਸ਼ਲੀਲ ਵੀਡੀਓ ਬਣਾਈ ਗਈ ਹੈ। ਐਸ.ਐਸ.ਪੀ. ਬਠਿੰਡਾ ਨੇ 26 ਮਾਰਚ 2016 ਨੂੰ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਰਿਪੋਰਟ ਭੇਜ ਦਿੱਤੀ ਕਿ ਡੀ.ਐਸ.ਪੀ. ਰਾਮਪੁਰਾ ਵਲੋਂ ਕੀਤੀ ਪੜਤਾਲ ਵਿਚ ਦਰਖਾਸਤ ਕਰਤਾ ਸ਼ਾਮਿਲ ਨਹੀਂ ਹੋਇਆ ਹੈ ਜਿਸ ਕਰਕੇ ਦਰਖਾਸਤ ਦਫਤਰ ਦਾਖਲ ਕੀਤੀ ਗਈ ਹੈ।
ਥਾਣਾ ਫੂਲ ਦੇ ਐਚ.ਐਸ.ਓ ਜੈ ਸਿੰਘ,ਏ.ਐਸ.ਆਈ. ਅਮਰੀਕ ਸਿੰਘ ਅਤੇ ਹੌਲਦਾਰ ਬਲਦੇਵ ਸਿੰਘ ਨੇ ਬਿਆਨ ਕਲਮਬੰਦ ਕਰਾਏ ਕਿ ਗੁਰਪਿੰਦਰ ਸਿੰਘ ਵਲੋਂ ਇਹ ਕਹਾਣੀ ਘੜੀ ਗਈ ਹੈ ਅਤੇ ਧਰਮ ਸਿੰਘ ਖਾਲਸਾ ਨੂੰ ਨਾ ਜ਼ਲੀਲ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਅਸ਼ਲੀਲ ਵੀਡੀਓ ਬਣਾਈ ਗਈ ਹੈ। ਧਰਮ ਸਿੰਘ ਖਾਲਸਾ ਨੇ ਇਸ ਮਾਮਲੇ ਲਈ ਜ਼ਿੰਮੇਵਾਰ ਸਰਕਾਰੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਮਾਮਲੇ ਦੀ ਜਾਂਚ ਜਾਰੀ: ਡੀ.ਐਸ.ਪੀ.
ਡੀ.ਐਸ.ਪੀ. ਰਾਮਪੁਰਾ ਸ੍ਰੀ ਕਰਨਵੀਰ ਸਿੰਘ ਦਾ ਕਹਿਣਾ ਸੀ ਕਿ ਪੁਲੀਸ ਦੇ ਧਿਆਨ ਵਿਚ ਇਸ ਮਾਮਲੇ ਦੀ ਕੋਈ ਪਹਿਲਾਂ ਜਾਣਕਾਰੀ ਨਹੀਂ ਸੀ ਪਰ ਹੁਣ ਵੀਡੀਓ ਵਾਈਰਲ ਹੋਈ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਹੜਾ ਵੀ ਇਸ ਮਾਮਲੇ ਵੀ ਕਸੂਰਵਾਰ ਹੋਇਆ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।