ਵੋਟ ਸਿਆਸਤ : 3.35 ਲੱਖ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੇਵੇਗੀ ਮੁਫ਼ਤ ਗੈਸ ਕੁਨੈਕਸ਼ਨ

0
921

gas-connection
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਐਨ ਪਹਿਲਾਂ 3 ਲੱਖ 35 ਹਜ਼ਾਰ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਮੁਫ਼ਤ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇਸ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਪ੍ਰਤੀ ਕੁਨੈਕਸ਼ਨ 1600 ਰੁਪਏ ਖ਼ਰਚ ਆਵੇਗਾ ਜੋ 51 ਕਰੋੜ 80 ਲੱਖ ਰੁਪਏ ਬਣਦਾ ਹੈ।
ਮੀਟਿੰਗ ਦੌਰਾਨ ਲਏ ਗਏ ਹੋਰਨਾਂ ਫ਼ੈਸਲਿਆਂ ਮੁਤਾਬਕ ਪੰਜਾਬ ਪੁਲੀਸ ਵਿੱਚ ਸਬ ਇੰਸਪੈਕਟਰਾਂ ਅਤੇ ਸਿਪਾਹੀਆਂ ਦੀਆਂ 1400 ਅਸਾਮੀਆਂ ਭਰਨ ਅਤੇ ਨਵੇਂ ਜ਼ਿਲ੍ਹਿਆਂ ਵਿੱਚ 165 ਅਸਾਮੀਆਂ ਅਤੇ ਬਾਗਬਾਨੀ ਵਿਭਾਗ ਵਿੱਚ ਸੰਯੁਕਤ ਡਾਇਰੈਕਟਰ, ਡਿਪਟੀ ਡਾਇਰੈਕਟਰ, ਸਹਾਇਕ ਡਾਇਰੈਕਟਰ, ਬਾਗਬਾਨੀ ਵਿਕਾਸ ਅਫ਼ਸਰ ਅਤੇ ਬਾਗਬਾਨੀ ਵਿਕਾਸ ਅਫ਼ਸਰ (ਵਿਸ਼ੇਸ਼) ਦੀਆਂ 58 ਨਵੀਆਂ ਅਸਾਮੀਆਂ ਸਿਰਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਰਾਜ ਸਰਕਾਰ ਨੇ ਫੌਜੀ ਕੰਟੀਨਾਂ ਦੀ ਤਰਜ਼ ‘ਤੇ ਪੁਲੀਸ ਕਰਮਚਾਰੀਆਂ ਨੂੰ ਵੀ ਵਾਹਨ ਅਤੇ ਹੋਰ ਵਸਤਾਂ ਖ਼ਰੀਦਣ ‘ਤੇ ਕਰ ਦੀ ਦਰ ਘਟਾ ਕੇ 5.05 ਫ਼ੀਸਦੀ ਕਰਨ ਅਤੇ ਹੋਮ ਗਾਰਡ ਜਵਾਨਾਂ ਦੇ ਪਰਿਵਾਰਾਂ ਨੂੰ ਤਰਸ ਦੇ ਆਧਾਰ ‘ਤੇ ਨੌਕਰੀ ਦੇਣ ਸਮੇਤ ਹੋਰ ਕਈ ਫ਼ੈਸਲੇ ਲਏ ਹਨ। ਜ਼ਿਲ੍ਹਾ ਪੱਧਰ ‘ਤੇ ਆਈਈਡੀ ਬਰਾਂਚ ਵਿੱਚ ਸਰਵ ਸਿੱਖਿਆ ਅਭਿਆਨ ਵਿੱਚ ਕੰਮ ਕਰ ਰਹੇ ਫਿਜ਼ੀਓਥਰੈਪਿਸਟਾਂ ਲਈ 10300-34800+3200 ਜਮਾਂ ਡੀਏ ਦਾ ਸਕੇਲ/ਗਰੇਡ ਪੇਅ ਕੁੱਲ ਨਿਰਧਾਰਤ ਤਨਖਾਹ 31570 ਰੁਪਏ ਦੇਣ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਮੰਤਰੀ ਮੰਡਲ ਨੇ ਬੀਐਸਐਫ ਦੇ ਮੁਲਾਜ਼ਮਾਂ ਨੂੰ ਰਿਆਇਤੀ ਕੰਟੀਨਾਂ ‘ਤੇ ਦਿੱਤੇ ਜਾ ਰਹੇ ਸਾਮਾਨ ਦੀ ਤਰਜ਼ ‘ਤੇ ਪੁਲੀਸ ਵਿੱਚ ਸੇਵਾ ਨਿਭਾਅ ਰਹੇ ਅਤੇ ਸੇਵਾ-ਮੁਕਤ ਮੁਲਾਜ਼ਮਾਂ ਨੂੰ ਰਿਆਇਤ ਦੇਣ ਲਈ ਰਿਆਇਤੀ ਕੰਟੀਨਾਂ ਨੂੰ ਆਟੋਮੋਬਾਈਲ ਤੋਂ ਇਲਾਵਾ ਬਾਕੀ ਵਸਤਾਂ ਦੀ ਵਿਕਰੀ ‘ਤੇ ਵੈਟ ਦੀ ਦਰ 5.05 ਫ਼ੀਸਦੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਲੁਧਿਆਣਾ, ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਦਫ਼ਤਰਾਂ, ਮੁਹਾਲੀ ਦੇ ਦਫ਼ਤਰ ਵਿੱਚ ਸਬ-ਇੰਸਪੈਕਟਰਾਂ ਦੀਆਂ 50 ਅਤੇ ਸਿਪਾਹੀਆਂ ਦੀਆਂ 1379 ਅਸਾਮੀਆਂ ਐਸਐਸ ਬੋਰਡ ਦੇ ਘੇਰੇ ਵਿੱਚੋਂ ਕੱਢ ਕੇ ਨਿਯਮਾਂ ਅਨੁਸਾਰ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਕਾਰਜਕਾਰੀ ਮੈਜਿਸਟ੍ਰੇਟ ਅਤੇ ਇਨਫੋਰਸਮੈਂਟ ਵਿੰਗ ਵਿੱਚ ਤਾਇਨਾਤ ਸਿਵਲ ਮੁਲਾਜ਼ਮਾਂ ਨੂੰ ਦੋ-ਦੋ ਗੰਨਮੈਨ ਮੁਹੱਈਆ ਕਰਵਾਉਣ ਦੀ ਸਹਿਮਤੀ ਦੇ ਦਿੱਤੀ ਹੈ। ਪ੍ਰਾਹੁਣਚਾਰੀ ਵਿਭਾਗ ਵਿੱਚ 26 ਦਿਹਾੜੀਦਾਰ ਮੁਲਾਜ਼ਮਾਂ ਦੀਆਂ ਸੇਵਾਵਾਂ ਨਿਯਮਤ ਕਰਨ ਦਾ ਫ਼ੈਸਲਾ ਕੀਤਾ ਹੈ। ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਿੱਖ ਸਟੱਡੀਜ਼ ਵਾਸਤੇ ਮਲਟੀ ਮੀਡੀਆ ਸੈਂਟਰ ਸਥਾਪਤ ਕਰਨ ਲਈ 10 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਸ਼ਹਿਰੀ ਯੋਜਨਾ ਤੇ ਵਿਕਾਸ ਅਥਾਰਟੀ (ਇਮਾਰਤਾਂ) ਰੂਲ, 2013 ਵਿਚ ਸੋਧ ਕਰਨ ਦਾ ਫ਼ੈਸਲਾ ਕੀਤਾ ਹੈ। ਨਵੇਂ ਬਣਾਏ ਗਏ ਜ਼ਿਲ੍ਹੇ ਪਠਾਨਕੋਟ, ਫਾਜ਼ਿਲਕਾ, ਮੁਹਾਲੀ, ਬਰਨਾਲਾ, ਤਰਨ ਤਾਰਨ, ਮੋਗਾ, ਮੁਕਤਸਰ ਸਾਹਿਬ, ਸ਼ਹੀਦ ਭਗਤ ਸਿੰਘ ਨਗਰ, ਫਤਹਿਗੜ੍ਹ ਸਾਹਿਬ ਅਤੇ ਮਾਨਸਾ ਦੇ ਸਿਵਲ ਸਰਜਨ ਦਫ਼ਤਰਾਂ ਵਿੱਚ ਵੱਖ-ਵੱਖ ਸ਼੍ਰੇਣੀਆਂ ਦੀਆਂ 165 ਅਸਾਮੀਆਂ ਦੀ ਰਚਨਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮੰਤਰੀ ਮੰਡਲ ਨੇ ਸਬ-ਤਹਿਸੀਲ ਮੋਰਿੰਡਾ ਨੂੰ ਸਬ-ਡਿਵੀਜ਼ਨ ਦਾ ਦਰਜਾ ਦੇਣ ਅਤੇ ਲੋੜੀਂਦਾ ਸਟਾਫ ਮੁਹੱਈਆ ਕਰਵਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਡਿਊਟੀ ‘ਤੇ ਫੌਤ ਹੋਮ ਗਾਰਡ ਦੇ ਵਾਰਸ ਨੂੰ ਮਿਲੇਗੀ ਨੌਕਰੀ
ਮੰਤਰੀ ਮੰਡਲ ਨੇ ਪਿਛਲੇ 10 ਸਾਲਾਂ ਦੌਰਾਨ ਡਿਊਟੀ ਦੌਰਾਨ ਮਰਨ ਵਾਲੇ ਹੋਮ ਗਾਰਡ ਵਿਭਾਗ ਦੇ ਵਲੰਟੀਅਰਾਂ ਦੇ ਵਾਰਸ ਨੂੰ ਤਰਸ ਦੇ ਆਧਾਰ ‘ਤੇ ਨੌਕਰੀ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫ਼ੈਸਲਾ ਪਹਿਲੀ ਜਨਵਰੀ 2007 ਤੋਂ ਬਾਅਦ ਮਾਰੇ ਜਾਣ ਵਾਲੇ ਹੋਮ ਗਾਰਡ ਜਵਾਨਾਂ ਦੇ ਵਾਰਸਾਂ ਲਈ ਅਮਲ ਯੋਗ ਹੋਵੇਗਾ।