ਸ਼ਿਵਸੈਨਾ ਮੰਤਰੀ ਖ਼ਿਲਾਫ਼ ਕੇਸ ਦਰਜ, ਹੋ ਸਕਦੀ ਹੈ 7 ਸਾਲ ਦੀ ਜੇਲ੍ਹ

0
453

gaikwad
ਏਅਰ ਇੰਡੀਆ ਤੇ 5 ਪ੍ਰਾਈਵੇਟ ਏਅਰਲਾਈਨਜ਼ ਨੇ ਗਾਇਕਵਾੜ ‘ਤੇ ਲਾਈ ਰੋਕ
ਨਵੀਂ ਦਿੱਲੀ/ਬਿਊਰੋ ਨਿਊਜ਼ :
ਏਅਰ ਇੰਡੀਆ ਦੇ ਡਿਊਟੀ ਮੈਨੇਜਰ ਨਾਲ ਕੁੱਟਮਾਰ ਅਤੇ ਬਦਸਲੂਕੀ ਦੇ ਮਾਮਲੇ ਵਿਚ ਦਿੱਲੀ ਪੁਲੀਸ ਨੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਰਵਿੰਦਰ ਗਾਇਕਵਾੜ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਏਅਰਲਾਈਨਜ਼ ਅਤੇ ਸਟਾਫ ਵਲੋਂ ਮਿਲੀਆਂ ਦੋ ਸ਼ਿਕਾਇਤਾਂ ‘ਤੇ ਪੁਲੀਸ ਨੇ ਪਹਿਲਾਂ ਕਾਨੂੰਨੀ ਰਾਏ ਲਈ ਤੇ ਇਸ ਮਗਰੋਂ ਕੇਸ ਦਰਜ ਕਰ ਲਿਆ। ਮਾਮਲੇ ਦੀ ਜਾਂਚ ਕਰਾਈਮ ਬਰਾਂਚ ਨੂੰ ਸੌਂਪ ਦਿੱਤੀ ਹੈ। ਇਨ੍ਹਾਂ ਧਾਰਾਵਾਂ ਤਹਿਤ ਗਾਇਕਵਾੜ ਨੂੰ 7 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਗਾਇਕਵਾੜ ‘ਤੇ ਏਅਰਲਾਈਨਜ਼ ਦੇ ਮੈਨੇਜਰ ਨੂੰ 25 ਵਾਰ ਜੁੱਤੇ ਮਾਰਨ ਦਾ ਦੋਸ਼ ਹੈ। ਉਧਰ ਇਸ ਸਰਕਾਰੀ ਏਅਰਲਾਈਨ ਤੇ 5 ਪ੍ਰਾਈਵੇਟ ਏਅਰਲਾਈਨਾਂ ਨੇ ਉਸ ਉਤੇ ਆਪਣੇ ਜਹਾਜ਼ਾਂ ਵਿੱਚ ਚੜ੍ਹਨ ਉਪਰ ਰੋਕ ਲਾ ਦਿੱਤੀ ਹੈ। ਇਸ ਮਗਰੋਂ ਗਾਇਕਵਾੜ ਨੂੰ ਟਰੇਨ ਰਾਹੀਂ ਪੁਣੇ ਪਰਤਣਾ ਪਿਆ ਪਰ ਗ੍ਰਿਫ਼ਤਾਰੀ ਦੇ ਡਰੋਂ ਉਹ ਰਾਹ ਵਿਚ ਹੀ ਉਤਰ ਗਏ।
ਘਰੇਲੂ ਏਅਰਲਾਈਨਾਂ ਦੀ ਸੰਸਥਾ ‘ਫੈਡਰੇਸ਼ਨ ਆਫ ਇੰਡੀਆ ਏਅਰਲਾਈਨਜ਼’ (ਐਫਆਈਏ) ਨੇ ਇਸ ਘਟਨਾ ਦਾ ਸਖ਼ਤ ਨੋਟਿਸ ਲਿਆ ਅਤੇ ਇਸ ਸੰਸਦ ਮੈਂਬਰ ਉਤੇ ਆਪਣੀਆਂ ਉਡਾਣਾਂ ਵਿੱਚ ਚੜ੍ਹਨ ਉਪਰ ਰੋਕ ਲਾਉਣ ਦਾ ਫੈਸਲਾ ਕੀਤਾ ਹੈ। ਨਰੇਸ਼ ਗੋਇਲ ਦੀ ਮਾਲਕੀ ਵਾਲੀ ਜੈੱਟ ਏਅਰਵੇਜ਼ ਅਤੇ ਤਿੰਨ ਹੋਰ ਸਸਤੀਆਂ ਏਅਰਲਾਈਨਾਂ ਇੰਡੀਗੋ, ਸਪਾਈਸਜੈੱਟ ਅਤੇ ਗੋ-ਏਅਰ, ਐਫਆਈਏ ਦੀਆਂ ਮੈਂਬਰ ਹਨ। ਗਾਇਕਵਾੜ ਨੇ ਬਿਜ਼ਨਸ ਕਲਾਸ ਦੀ ਟਿਕਟ ਹੋਣ ਉਤੇ ਇਕਾਨਮੀ ਕਲਾਸ ਦੀ ਉਡਾਣ ਵਿੱਚ ਵੜਨੋਂ ਰੋਕਣ ਉਤੇ ਏਅਰ ਇੰਡੀਆ ਦੇ 60 ਸਾਲਾ ਮੁਲਾਜ਼ਮ ਨੂੰ ਜੁੱਤੀ ਨਾਲ ਕੁੱਟਿਆ ਸੀ। ਏਅਰ ਇੰਡੀਆ ਨੇ ਵੀ ਉਸਮਾਨਾਬਾਦ (ਮਹਾਰਾਸ਼ਟਰ) ਨੇ ਗਾਇਕਵਾੜ ਦੀ ਦਿੱਲੀ ਤੋਂ ਪੁਣੇ ਵਾਪਸੀ ਦੀ ਟਿਕਟ ਵੀ ਰੱਦ ਕਰ ਦਿੱਤੀ ਹੈ। ਏਅਰਲਾਈਨ ਨੇ ਕਿਹਾ ਕਿ ਉਹ ਅਜਿਹੇ ਲੋਕਾਂ ਦੀ ਸੂਚੀ ਤਿਆਰ ਕਰਨ ਉਤੇ ਵਿਚਾਰ ਕਰ ਰਿਹਾ ਹੈ, ਜਿਨ੍ਹਾਂ ਨੂੰ ਉਡਾਣ ਦੀ ਇਜਾਜ਼ਤ ਨਹੀਂ ਹੋਵੇਗੀ।