ਸਨਵਾਕੀਨ ਵਿਖੇ ਪਰਿਵਾਰਕ ਪਿਕਨਿਕ ਦੌਰਾਨ ਰਵਾਇਤੀ ਖੇਡਾਂ ਦਾ ਸ਼ਾਨਦਾਰ ਪ੍ਰਦਰਸ਼ਨ

0
660

2
ਸਨਵਾਕੀਨ/(ਕੁਲਵੰਤ ਧਾਲੀਆਂ/ਨੀਟਾ ਮਾਛੀਕੇ):
ਸਨਵਾਕੀਨ ਸ਼ਹਿਰ ਦੇ ਪੰਜਾਬੀ ਪਰਿਵਾਰਾਂ ਨੇ ਆਪਣੇ ਰੁਝੇਵਿਆਂ ‘ਚੋਂ ਥੋੜ੍ਹੀ ਵਿਹਲ ਕੱਢ ਕੇ ਪਿਕਨਿਕ ਮਨਾਈ, ਜਿਸ ਦੌਰਾਨ ਪੰਜਾਬ ਦੀਆਂ ਵਿਸਰ ਰਹੀਆਂ ਰਵਾਇਤੀ ਖੇਡਾਂ ਅਤੇ ਰਸਮਾਂ ਦਾ ਪਰਦਰਸ਼ਨ ਕਰਦਿਆਂ ਖੂਬ ਅਨੰਦ ਮਾਣਿਆ ਗਿਆ। ਇਸ ਪਿਕਨਿਕ ਵਿੱਚ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲਈ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਸੀ। ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਅਤੇ ਬਜ਼ੁਰਗਾਂ ਦੀਆਂ ਦੌੜਾ, ਬਾਸਕਟ ਬਾਲ, ਵਾਲੀਬਾਲ, ਰੱਸਾਕਸ਼ੀ, ਚਾਟੀ ਰੇਸ, ਤਿੰਨ ਟੰਗੀ ਰੇਸ, ਘੋੜਾ ਕਬੱਡੀ, ਬੋਲੀਆਂ ਦਾ ਮੁਕਾਬਲਾ, ਗਿੱਧਾ, ਭੰਗੜਾ ਕਰਵਾਏ ਗਏ। ਇਸ ਸਮੇਂ ਕਰਮਨ ਪੰਜਾਬੀ ਸਕੂਲ, ਜੀ.ਐਚ.ਜੀ. ਅਕੈਡਮੀ ਅਤੇ ਹੋਰ ਸਥਾਨਕ ਸਕੂਲਾਂ ਦੇ ਬੱਚਿਆਂ ਨੇ ਗਿੱਧੇ ਅਤੇ ਭੰਗੜੇ ਵਿਚ ਧਮਾਲਾਂ ਪਾਈਆਂ। ਔਰਤਾਂ ਦੀਆਂ ਖੇਡਾਂ ਵੀ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹੀਆਂ।
ਇਸ ਸਮੇਂ ਗਾਇਕ ਜੀਤ ਜਗਜੀਤ ਨੇ ਵੀ ਹਾਜ਼ਰੀਨ ਦਾ ਭਰਪੂਰ ਮਨੋਰੰਜਨ ਕੀਤਾ। ਭਾਰਤ ਤੋਂ ਆਈ ਬਹੁਪੱਖੀ ਸ਼ਖ਼ਸੀਅਤ ਅਸ਼ੋਕ ਬਾਂਸਲ ਮਾਨਸਾ ਨੇ ਬਤੌਰ ਮਹਿਮਾਨ ਹਾਜ਼ਰੀ ਲਾਈ ਅਤੇ ਇਸ ਪਰੰਪਰਾ ਦੀ ਸ਼ਲਾਘਾ ਕੀਤੀ। ਖੇਡਾਂ ਵਿੱਚ ਹਿੱਸਾ ਲੈਣ ਵਾਲੇ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦਾ ਮੰਚ ਸੰਚਾਲਨ ਬੀਬੀ ਆਸ਼ਾ ਸ਼ਰਮਾ ਨੇ ਕੀਤਾ। ਇਸ ਪਰਿਵਾਰਕ ਪਿਕਨਿਕ ਲਈ ਗੁਰੂ ਨਾਨਕ ਸਪੋਰਟਸ ਕਲੱਬ ਦੇ ਸਮੂਹ ਮੈਂਬਰ ਵਧਾਈ ਦੇ ਪਾਤਰ ਹਨ ਜੋ ਹਰ ਸਾਲ ਇਨ੍ਹਾਂ ਰਵਾਇਤੀ ਖੇਡਾਂ ਅਤੇ ਰਸਮਾਂ ਨੂੰ ਪਿਕਨਿਕ ਵਜੋਂ ਕਰਵਾ ਕੇ ਪੰਜਾਬੀਅਤ ਦੇ ਵਿਕਾਸ ਵਿੱਚ ਹਿੱਸਾ ਪਾ ਰਹੇ ਹਨ।