ਦੁਬਈ ਵਿਚ ਪਾਕਿਸਤਾਨੀ ਦੇ ਕਤਲ ਸਬੰਧੀ 10 ਪੰਜਾਬੀਆਂ ਨੂੰ ਫ਼ਾਂਸੀ ਦੀ ਸਜ਼ਾ

0
574

dubai-ch-punjabian-nu-fansi
ਮਾਹਿਲਪੁਰ/ਬਿਊਰੋ ਨਿਊਜ਼ :
ਦੁਬਈ ਦੀ ਜੇਲ੍ਹ ਵਿਚ ਇਕ ਪਾਕਿਸਤਾਨੀ ਨਾਗਰਿਕ ਦੇ ਕਤਲ ਕੇਸ ਵਿਚ ਬੰਦ 11 ਪੰਜਾਬੀਆਂ ਵਿਚੋਂ 10 ਨੂੰ ਦੁਬਈ ਦੀ ਅਦਾਲਤ ਨੇ ਫ਼ਾਂਸੀ ਦੀ ਸਜ਼ਾ ਸੁਣਾਈ ਹੈ। ਪੀੜਤ ਮਾਪਿਆਂ ਨੇ ਕੇਂਦਰ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰਾਂ ਨੂੰ ਰਿਹਾਅ ਕਰਨ ਲਈ ਦਖ਼ਲ ਦੇਣ। ਜਾਣਕਾਰੀ ਅਨੁਸਾਰ ਮਾਹਿਲਪੁਰ ਸ਼ਹਿਰ ਦੇ ਨਜ਼ਦੀਕ ਪਿੰਡ ਹਵੇਲੀ ਦੇ ਮਨਜੀਤ ਸਿੰਘ (ਪਿਤਾ), ਰਣਜੀਤ ਕੌਰ (ਮਾਤਾ) ਨੇ ਭਾਜਪਾ ਨੇਤਾ ਅਮਰਜੀਤ ਸਿੰਘ ਭਿੰਦਾ, ਰਾਜੇਸ਼ ਲਲਵਾਣ, ਰਘੁਵੀਰ ਸਿੰਘ ਨੀਟੂ, ਪਵਨ ਕੁਮਾਰ ਦੀ ਹਾਜ਼ਰੀ ਵਿਚ ਦੱਸਿਆ ਕਿ 3 ਸਾਲ ਪਹਿਲਾਂ ਉਨ੍ਹਾਂ ਦਾ ਲੜਕਾ ਚੰਦਰ ਸ਼ੇਖ਼ਰ ਦੁਬਈ ਦੇ ਅਲਾਇਨ ਸ਼ਹਿਰ ਵਿਚ ਰੋਜ਼ੀ ਰੋਟੀ ਲਈ ਗਿਆ ਸੀ। ਉਨ੍ਹਾਂ ਦੱਸਿਆ ਕਿ ਉਥੇ ਇਕ ਸ਼ਰਾਬ ਦੇ ਮਾਮਲੇ ਵਿਚ ਹੋਈ ਲੜਾਈ ਕਾਰਨ ਇਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ ਸੀ, ਜਿਸ ਵਿਚ ਸ਼ਾਮਲ ਲੜਕੇ ਲੜਾਈ ਤੋਂ ਬਾਅਦ ਉਨ੍ਹਾਂ ਦੇ ਕਮਰੇ ਵਿਚ ਆ ਗਏ। ਦੁਬਈ ਪੁਲੀਸ ਨੇ ਉਨ੍ਹਾਂ ਦੇ ਪੁੱਤਰ ਚੰਦਰ ਸ਼ੇਖਰ ਸਮੇਤ ਸਤਵਿੰਦਰ ਸਿੰਘ ਠੀਕਰੀਵਾਲ, ਚਮਕੌਰ ਸਿੰਘ ਮਲੇਰਕੋਟਲਾ, ਕੁਲਵਿੰਦਰ ਸਿੰਘ ਲੁਧਿਆਣਾ, ਕੁਲਦੀਪ ਸਿੰਘ ਤਰਨਤਾਰਨ, ਬਲਵਿੰਦਰ ਕੁਮਾਰ ਲੁਧਿਆਣਾ, ਧਰਮਵੀਰ ਸਿੰਘ ਸਮਰਾਲਾ, ਹਰਜਿੰਦਰ ਸਿੰਘ ਮੋਗਾ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ ਪਟਿਆਲਾ, ਜਗਜੀਤ ਸਿੰਘ ਗੁਰਦਾਸਪੁਰ ਸਮੇਤ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਸੀ ਜਦੋਂ ਉਹ ਆਪਣੇ ਕਮਰੇ ਵਿਚ ਹੀ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦੁਬਈ ਪੁਲੀਸ ਨੇ ਉਨ੍ਹਾਂ ‘ਤੇ ਕੇਸ ਦਰਜ ਕੀਤਾ ਸੀ, ਜਿਸ ਦੀ ਸੁਣਵਾਈ ਹੋ ਰਹੀ ਸੀ ਤੇ 2 ਲੱਖ ਪ੍ਰਤੀ ਵਿਅਕਤੀ ਦੇ ਰੂਪ ਵਿਚ ਮੁਆਵਜ਼ਾ ਦੇ ਕੇ ਰਾਜੀਨਾਮੇ ਦੀ ਗੱਲ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਜੇਲ੍ਹ ਵਿਚੋਂ ਉਨ੍ਹਾਂ ਦੇ ਪੁੱਤਰ ਨੇ ਫ਼ੋਨ ‘ਤੇ ਦੱਸਿਆ ਕਿ ਸਭ ਖ਼ਤਮ ਹੋ ਚੁੱਕਾ ਹੈ, ਉਸ ਨੂੰ ਫ਼ਾਂਸੀ ਦੀ ਸਜ਼ਾ ਹੋ ਗਈ ਹੈ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਉਨ੍ਹਾਂ ਦੱਸਿਆ ਕਿ ਇਕ ਵਕੀਲ ਰਾਹੀਂ ਦੁਬਈ ਦੀ ਅਦਾਲਤ ਵਿਚ ਮੁੜ ਅਪੀਲ ਵੀ ਕੀਤੀ ਹੈ। ਸਤਵਿੰਦਰ ਸਿੰਘ ਦੇ ਪਿਤਾ ਨੇ ਫ਼ੋਨ ‘ਤੇ ਦੱਸਿਆ ਕਿ ਉਨ੍ਹਾਂ ਨੂੰ ਮੀਡੀਆ ਵਿਚ ਜਾਣ ਤੋਂ ਮਨ੍ਹਾ ਕੀਤਾ ਸੀ ਪ੍ਰੰਤੂ ਕੋਈ ਆਸ ਨਹੀਂ ਦਿਸ ਰਹੀ। ਮਾਪਿਆਂ ਨੇ ਕੇਂਦਰ ਤੇ ਪੰਜਾਬ ਸਰਕਾਰਾਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਛੁਡਾਉਣ ਲਈ ਠੋਸ ਯਤਨ ਕੀਤੇ ਜਾਣ।