ਨੋਟਬੰਦੀ : ਦੁਖੀ ਵਪਾਰੀਆਂ ਨੇ ਫੈਕਟਰੀਆਂ ਦੀਆਂ ਚਾਬੀਆਂ ਅਧਿਕਾਰੀਆਂ ਨੂੰ ਸੌਂਪੀਆਂ

0
516

dc-nu-chabbian-sonpian
ਅੰਮ੍ਰਿਤਸਰ/ਬਿਊਰੋ ਨਿਊਜ਼ :
ਕੇਂਦਰ ਸਰਕਾਰ ਵੱਲੋਂ ਕੀਤੇ ਨੋਟਬੰਦੀ ਦੇ ਫੈਸਲੇ ਦੇ ਸਤਾਏ ਵਪਾਰੀਆਂ ਨੇ ਅੰਮ੍ਰਿਤਸਰ ਟੈਕਸਟਾਇਲ ਪ੍ਰਸੈਸਰ ਐਸੋਸੀਏਸ਼ਨ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਖਿਲਾਫ਼ ਰੋਸ ਜ਼ਾਹਰ ਕਰਦੇ ਹੋਏ ਏ.ਡੀ.ਸੀ. ਤਜਿੰਦਰਪਾਲ ਸਿੰਘ ਸੰਧੂ ਨੂੰ ਆਪਣੀ ਆਪਣੀ ਫੈਕਟਰੀ ਦੀਆਂ ਚਾਬੀਆਂ ਸੌਂਪ ਦਿੱਤੀਆਂ। ਇਸ ਤੋਂ ਇਲਾਵਾ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਵਿੱਤ ਮੰਤਰੀ, ਰਾਜਪਾਲ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਦਿੱਤਾ। ਇਸ ਤੋਂ ਪਹਿਲਾਂ ਸਨਅਤਕਾਰਾਂ ਵੱਲੋਂ ਸ਼ਹਿਰ ਵਿਚ ਰੋਸ ਮਾਰਚ ਵੀ ਕੱਢਿਆ ਗਿਆ। ਇਸ ਮੌਕੇ ਮੀਤ ਪ੍ਰਧਾਨ ਸ੍ਰੀ ਕਮਲ ਡਾਲਮੀਆ ਨੇ ਕਿਹਾ ਕਿ ਉਕਤ ਫੈਸਲੇ ਤੋਂ ਬਾਅਦ ਵਪਾਰ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਹੀ ਨਹੀਂ, ਬਦ ਤੋਂ ਬਦਤਰ ਹੋ ਗਿਆ ਹੈ ਕਿਉਂਕਿ ਚਾਲੂ ਖਾਤੇ ਵਿਚੋਂ ਪੈਸੇ ਕੱਢਵਾਉਣ ਦੀ ਲਿਮਟ ਤਾਂ ਚਾਹੇ 50 ਹਜ਼ਾਰ ਰੁਪਏ ਹਫ਼ਤਾ ਤੈਅ ਕੀਤੀ ਹੈ ਪਰ ਬੈਂਕ ਅਧਿਕਾਰੀ ਕਰੰਸੀ ਦੀ ਕਿਲਤ ਦਾ ਕਹਿ ਕੇ ਮਹਿਜ਼ 10 ਕੁ ਹਜ਼ਾਰ ਰੁਪਏ ਹੀ ਦਿੰਦੇ ਹਨ ਜਿਸ ਕਰਕੇ ਉਹ ਮਜ਼ਦੂਰਾਂ ਨੂੰ ਤਨਖਾਹਾਂ ਦੇਣ ਵਿਚ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ 50 ਦਿਨਾਂ ਵਿਚ ਨੋਟਬੰਦੀ ਕਾਰਨ ਪੈਦਾ ਹੋਈ ਸਥਿਤੀ ਵਿਚ ਸੁਧਾਰ ਕੀਤੇ ਜਾਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਪਰ ਜੇਕਰ 30 ਦਸੰਬਰ ਤੱਕ ਕੋਈ ਸੁਧਾਰ ਨਾ ਹੋਇਆ ਤਾਂ 1 ਜਨਵਰੀ ਨੂੰ ਸਮੂਹ ਵਪਾਰੀ ਤਿੱਖਾ ਸੰਘਰਸ਼ ਤਹਿਤ ਸੜਕਾਂ ‘ਤੇ ਉਤਰਣਗੇ ਜਿਸ ਦੀ ਜ਼ਿੰਮੇਵਾਰੀ ਕੇਂਦਰ ਤੇ ਸੂਬਾ ਸਰਕਾਰ ਦੀ ਹੋਵੇਗੀ। ਇਸ ਮੌਕੇ ਪ੍ਰਧਾਨ ਕ੍ਰਿਸ਼ਨ ਕੁਮਾਰ ਸਰਮਾ, ਅੰਮਰੀਸ਼ ਮਹਾਜਨ, ਨਰੇਸ਼ ਅਗਰਵਾਲ, ਰਾਕੇਸ਼ ਮਹਿਰਾ, ਸੰਜੀਵ ਭੰਡਾਰੀ, ਨਰਿੰਦਰ ਸਿੰਘ, ਉਕਾਰ ਨਾਥ ਸ਼ਰਮਾ, ਮਦਨ ਲਾਲ ਅਰੋੜਾ, ਦਵਿੰਦਰ ਜੈਨ, ਰਾਕੇਸ਼ ਕਪੂਰ, ਬਿਮਲ ਗੁੱਪਤਾ, ਵਰਿੰਦਰ ਬੇਦੀ, ਰਾਜਨ ਕਪੂਰ, ਚਿਮਨ ਲਾਲ ਮਹੇਸ਼ਵਰੀ ਹਾਜ਼ਰ ਸਨ।